ਅੰਮ੍ਰਿਤਸਰ, 23 ਦਸੰਬਰ, 2011-ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਖਾਲਸਾ ਕਾਲਜ ਪਬਲਿਕ ਸਕੂਲ, ਹੇਰ ਵਿਖੇ ਅੱਜ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਨੇ ਰਾਸ਼ਟਰਵਾਦ ਦੇ ਸੰਦੇਸ਼ ਉਪਰ ਝਲਕ ਪਾਉਂਦਿਆਂ ਇੱਕ ਦਿਲਚਸਪ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਬੱਚਿਆਂ ਨੇ ਗਿੱਧੇ/ਭੰਗੜੇ ਤੋਂ ਇਲਾਵਾ ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਵਾਪਰੀਆਂ ਘਟਨਾਵਾਂ ਉਪਰ ਇੱਕ ਨਾਟਕ ਦਾ ਮੰਚਨ ਕਰਕੇ ਆਏ ਹੋਏ ਸਰੋਤੇ, ਜਿੰਨ੍ਹਾਂ ਵਿੱਚ ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸਨ, ਨੂੰ ਵਾਰ-ਵਾਰ ਤਾੜੀਆਂ ਮਾਰਨ ਲਈ ਮਜ਼ਬੂਰ ਕੀਤਾ।
ਜਿੱਥੇ ਛੋਟੇ-ਛੋਟੇ ਬੱਚਿਆਂ ਨੇ ਡਾਂਸ ਅਤੇ ਗਾਇਨ ਦੀਆਂ ਆਈਟਮਾਂ ਰਾਹੀਂ ਸਰੋਤਿਆਂ ਨੂੰ ਕੀਲੀਆ, ਉੱਥੇ ਵੱਡੀਆਂ ਜਮਾਤਾਂ ਦੇ ਬੱਚਿਆਂ ਨੇ ਭਾਰਤ ਦੀ ਜੰਗ-ਏ-ਆਜ਼ਾਦੀ ਅਤੇ ਬਾਅਦ ਦੀਆਂ ਲੜਾਈਆਂ ਵਰਗੇ ਗੰਭੀਰ ਵਿਸ਼ਿਆਂ ਉਪਰ ਮੰਚ ਦੇ ਮਾਧਿਅਮ ਰਾਹੀਂ ਇੱਕ ਅਦਭੁੱਤ ਸੰਦੇਸ਼ ਦਿੱਤਾ। ਸਕੂਲ ਪ੍ਰਿੰਸੀਪਲ, ਗੁਰਿੰਦਰਜੀਤ ਕੰਬੋਜ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕਰਕੇ ਪਿਛਲੇ ਸਾਲ ਵਿੱਚ ਸਕੂਲ ਦੀਆਂ ਉਪਲਬਧੀਆਂ ਉਪਰ ਖੂਬ ਚਾਨਣਾ ਪਾਇਆ।
ਇਸ ਮੌਕੇ ‘ਤੇ ਮੁੱਖ ਮਹਿਮਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜਾਇੰਟ ਸਕੱਤਰ, ਸ. ਅਜਮੇਰ ਸਿੰਘ ਹੇਰ ਅਤੇ ਉਨ੍ਹਾਂ ਦੇ ਨਾਲ ਆਏ ਕੌਂਸਲ ਦੇ ਬਾਕੀ ਮੈਂਬਰਾਂ, ਜਿੰਨ੍ਹਾਂ ਵਿੱਚ ਅਜੀਤ ਸਿੰਘ ਸਮਰਾ, ਸਰਦੂਲ ਸਿੰਘ ਮੰਨਨ ਸਨ, ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ‘ਤੇ ਖਾਲਸਾ ਕਾਲਜ ਫਾਰ ਵਿਮਨ ਦੀ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ, ਖਾਲਸਾ ਕਾਲਜ ਆਫ ਐਜ਼ੂਕੇਸ਼ਨ (ਰਣਜੀਤ ਐਵੀਨਿਊ) ਦੀ ਪ੍ਰਿੰਸੀਪਲ, ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖਾਲਸਾ ਕਾਲਜ ਪਬਲਿਕ ਸਕੂਲ ਦੀ ਪ੍ਰਿੰਸੀਪਲ, ਡਾ. ਸਰਵਜੀਤ ਕੌਰ ਬਰਾੜ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਪ੍ਰਿੰਸੀਪਲ, ਡੀਕੇ ਸੰਧੂ ਅਤੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ, ਤੇਜਿੰਦਰ ਕੌਰ ਹਾਜ਼ਰ ਸਨ।