December 23, 2011 admin

ਬਾਦਲ ਸਰਕਾਰ ਨੇ ਇਸਾਈ ਭਾਈਚਾਰੇ ਨੂੰ ਸਹੂਲਤਾਂ ਅਤੇ ਮਾਣ-ਸਤਿਕਾਰ ਦੇ ਕੇ ਹਿੱਕ ਨਾਲ ਲਾਇਆ- ਸੁਖਬੀਰ ਸਿੰਘ ਬਾਦਲ

ਮਜੀਠਾ ਵਿਖੇ ਰਾਜ ਪੱਧਰੀ ਕ੍ਰਿਸਮਿਸ ਸਮਾਗਮ ਆਯੋਜਿਤ।
ਅੰਮ੍ਰਿਤਸਰ-ਜਲੰਧਰ ਸਮੇਤ ਹੋਰ ਥਾਵਾਂ ‘ਤੇ ਬਣਨਗੇ ਮਸੀਹੀ ਭਵਨ ।
ਉੱਪ ਮੁੱਖ ਮੰਤਰੀ ਵੱਲੋਂ ਭਲਕੇ 24 ਦਸੰਬਰ ਦੀ ਛੁੱਟੀ ਦਾ ਐਲਾਨ।
ਮਜੀਠਾ(ਅੰਮ੍ਰਿਤਸਰ),23 ਦਸੰਬਰ- ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਸਮੁੱਚੇ ਇਸਾਈ ਭਾਈਚਾਰੇ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦਾ ਅਨਿੱਖੜਵਾਂ ਅੰਗ ਕਰਾਰ ਦਿੰਦਿਆਂ ਕਿਹਾ ਹੈ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਾਂਗਰਸੀ ਸਰਕਾਰਾਂ ਵੱਲੋਂ ਅਣਗੌਲੇ ਜਾਂਦੇ ਰਹੇ ਇਸ ਭਾਈਚਾਰੇ ਨੂੰ ਬਾਦਲ ਸਰਕਾਰ ਨੇ ਬੇਸ਼ੁਮਾਰ ਸਹੂਲਤਾਂ ਅਤੇ ਮਾਣ-ਸਤਿਕਾਰ ਦੇ ਕੇ ਆਪਣੀ ਹਿੱਕ ਨਾਲ ਲਾਇਆ ਹੈ।
       ਪ੍ਰਭੂ ਯਿਸੂ ਮਸੀਹ ਦੇ ਪ੍ਰਕਾਸ਼ ਦਿਹਾੜੇ ਸਬਂੰਧੀ ਅੱਜ ਮਜੀਠਾ ਦਾਣਾ ਮੰਡੀ ਵਿਖੇ ਮਨਾਏ ਗਏ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਸ ਭਾਈਚਾਰੇ ਨੂੰ ਕੇਵਲ ਲਾਰਿਆਂ ਤੱਕ ਹੀ ਸੀਮਿਤ ਰੱਖਿਆ ਹੈ , ਜਿਸ ਕਰਕੇ ਇਸ ਵਰਗ ਦੇ ਲੋਕ ਸਮਾਜਿਕ ਆਰਥਿਕ ਜੀਵਨ ਵਿੱਚ ਪੱਛੜ ਗਏ। ਦੂਸਰੇ ਪਾਸੇ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ-ਭਾਜਪਾ ਗੱਠਜੋੜ ਹੈ, ਜਿਸ ਨੇ ਇਸ ਭਾਈਚਾਰੇ ਦੀ ਹਮੇਸ਼ਾਂ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਵਿੱਚ ਪਹਿਲੀ ਵਾਰ ਘੱਟ ਗਿਣਤੀ ਕਮਿਸ਼ਨ ਕਾਇਮ ਕੀਤਾ ਅਤੇ ਇਸਦਾ ਪਹਿਲਾ ਚੇਅਰਮੈਨ ਹੀ ਇਸਾਈ ਭਾਈਚਾਰੇ ਵਿਚੋਂ ਬਣਾਇਆ। ਇਸ ਤੋਂ ਇਲਾਵਾ ਐਸ.ਐਸ. ਬੋਰਡ ਦੇ ਮੈਂਬਰ ਸਮੇਤ ਕਈ ਹੋਰ ਅਹਿਮ ਅਹੁਦਿਆਂ ‘ਤੇ ਇਸ ਭਾਈਚਾਰੇ ਦੇ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਗਈ। ਉੱਪ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮਜੀਠਾ, ਅੰਮ੍ਰਿਤਸਰ ਅਤੇ ਜਲੰਧਰ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਵਿਸ਼ਾਲ ਮਸੀਹੀ ਭਵਨ ਬਣਾਏ ਜਾਣਗੇ, ਜਿਨ੍ਹਾਂ ਵਾਸਤੇ ਸਰਕਾਰ ਜਗ੍ਹਾ ਅਤੇ ਪੈਸੇ ਦੇਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਪਿੰਡਾਂ ਵਿੱਚ ਇਸਾਈ ਵਸੋਂ ਹੈ ਪਰ ਕਬਰਸਤਾਨ ਨਹੀਂ ਹਨ, ਉੱਥੇ ਸ਼ਾਮਲਾਤ ਜ਼ਮੀਨ ਕਬਰਸਤਾਨਾ ਲਈ ਦਿੱਤੀ ਜਾਵੇਗੀ ਅਤੇ ਸਰਕਾਰ ਕਬਰਸਤਾਨ ਬਣਾਉਣ ਲਈ ਪੈਸੇ ਦੇਵੇਗੀ। ਸ: ਬਾਦਲ ਨੇ ਕਿਹਾ ਕਿ ਸ਼ਗਨ ਸਕੀਮ ਵਿੱਚ ਵੀ ਇਸਾਈ ਭਾਈਚਾਰੇ ਨੂੰ ਸ਼ਾਮਲ ਕਰਕੇ ਸਰਕਾਰ ਨੇ ਇੱਕ ਨਵਾਂ ਮੀਲ੍ਹ-ਪੱਥਰ ਗੱਡਿਆ ਹੈ। ਉਨ੍ਹਾਂ ਨੇ ਕ੍ਰਿਸਮਿਸ ਦੀ ਖੁਸ਼ੀ ਵਿੱਚ 24 ਦਸੰਬਰ ਸ਼ਨੀਵਾਰ ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਵੀ ਕੀਤਾ।
            ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਕਾਰੇ ਹੋਏ ਆਗੂਆਂ ਨੂੰ ਵੱਡੇ ਥੰਮ੍ਹ ਦੱਸ ਕੇ ਫੋਟੋ ਖਿਚਵਾਉਣ ਦਾ ਸ਼ੌਂਕ ਪੂਰਾ ਕਰ ਰਹੇ ਹਨ। ਅਕਾਲੀ ਦਲ ਦੇ ਉਮੀਦਵਾਰਾਂ ਵਿੱਚ ਕਿਸੇ ਤਬਦੀਲੀ ਦੀ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਸ: ਬਾਦਲ ਨੇ ਕਿਹਾ ਕਿ ਉਮੀਦਵਾਰਾਂ ਦੀ ਸੂਚੀ ਵਿੱਚ ਕੁੱਝ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਜਾਣਗੇ। ਅੱਜ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਸਾਬਕਾ ਅਧਿਕਾਰੀਆਂ ਦੇ ਨਾਮ ਐਲਾਨਣ ਸਬੰਧੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੜੇ ਸੋਚ ਵਿਚਾਰ ਤੋਂ ਬਾਅਦ ਢੁੱਕਵੇਂ ਸਥਾਨ ‘ਤੇ ਢੁੱਕਵੇਂ ਉਮੀਦਵਾਰ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਦੂਸਰੀ ਸੂਚੀ ਹਫ਼ਤੇ ਦੇ ਅੰਦਰ ਜਾਰੀ ਕਰ ਦਿੱਤੀ ਜਾਵੇਗੀ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਆਪਣੀ ਸਰਕਾਰ ਦੀ ਪਿੱਛਲੇ ਪੰਜ ਸਾਲ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਵੋਟਾਂ ਲੈਣ ਲਈ ਲੋਕ-ਕਚਹਿਰੀ ਵਿੱਚ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕ ਵਿਕਾਸ ਤੇ ਸਹੂਲਤਾਂ ਨੂੰ ਪਹਿਲ ਦੇਣ ਵਾਲੀ ਪਾਰਟੀ ਨੂੰ ਹੀ ਵੋਟ ਪਾਉਣਗੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਜਪਾ ਨਾਲ ਸੀਟਾਂ ਦੇ ਵਟਾਂਦਰੇ ਬਾਰੇ ਗੱਲਬਾਤ ਅਜੇ ਜਾਰੀ ਹੈ।
         ਸਮਾਰੋਹ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ ਨੇ ਬਾਦਲ ਸਰਕਾਰ ਵੱਲੋਂ ਮਜੀਠੇ ਵਿੱਚ ਰਾਜ ਪੱਧਰੀ ਕ੍ਰਿਸਮਿਸ ਦਿਵਸ ਮਨਾਉਣ ਉੱਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੀ ਦਿਲੀ ਖਾਹਿਸ਼ ਸੀ। ਉਨ੍ਹਾਂ ਮੌਜੂਦਾ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੁਆਰਾ ਮਸੀਹ ਭਾਈਚਾਰੇ ਨੂੰ ਦਿੱਤੀ ਗਈ ਪਹਿਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੱਡਾ ਦਿਨ ਰਾਜ ਪੱਧਰ ‘ਤੇ ਮਨਾਉਣ ਦੀ ਸ਼ੁਰੂਆਤ ਵੀ ਅਕਾਲੀ ਦਲ ਨੇ ਹੀ ਕੀਤੀ ਸੀ ਜਦ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਵੀ ਕਦੇ ਵੱਡੇ ਦਿਨ ਦੇ ਸਮਾਰੋਹ ਵਿੱਚ ਪੁੱਜਣ ਦੀ ਖੇਚਲ ਨਹੀਂ ਕੀਤੀ। ਮਜੀਠੀਆ ਨੇ ਇਸ ਹਲਕੇ ਤੋਂ ਅਕਾਲੀ-ਭਾਜਪਾ ਗੱਠਜੋੜ ਦੁਆਰਾ ਦਰਜ ਕੀਤੀਆਂ ਹੁਣ ਤੱਕ ਦੀਆਂ ਜਿੱਤਾਂ ਵਿੱਚ ਇਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਪਾਏ ਗਏ ਵੱਡੇ ਯੋਗਦਾਨ ਦਾ ਉਚੇਚੇ ਤੌਰ ‘ਤੇ ਜ਼ਿਕਰ ਕੀਤਾ। ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਇਸਾਈ ਭਾਈਚਾਰੇ ਨੂੰ ਵੱਡੇ ਦਿਨ ਦੀ ਵਧਾਈ ਦਿੰਦਿਆਂ ਮਜੀਠਾ ਹਲਕੇ ਦੁਆਰਾ ਉਨ੍ਹਾਂ ਦੀ ਜਿੱਤ ਵਿੱਚ ਪਾਏ ਗਏ  ਯੋਗਦਾਨ ਲਈ ਮਸੀਹ ਭਾਈਚਾਰੇ ਦਾ ਸ਼ਾਇਰਾਨਾ ਅੰਦਾਜ਼ ਵਿੱਚ ਧੰਨਵਾਦ ਕੀਤਾ।
              ਇਸ ਰਾਜ ਪੱਧਰੀ ਸਮਾਰੋਹ ਨੂੰ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਮੁਨੱਵਰ ਮਸੀਹ, ਬਿਸ਼ਪ ਅਨਿਲ ਕੁਟੋ, ਪਾਸਟਰ ਮੁਨੀਰ, ਐਸ.ਐਸ. ਬੋਰਡ ਦੇ ਮੈਂਬਰ ਸ੍ਰੀ ਅਨਵਰ ਮਸੀਹ ਅਤੇ ਹੋਰ ਸਿਆਸੀ-ਧਾਰਮਿਕ ਆਗੂਆਂ ਨੇ ਸੰਬੋਧਨ ਕੀਤਾ ਅਤੇ ਇਸਾਈ ਭਾਈਚਾਰੇ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰਕੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਨਜ਼ਦੀਕੀ ਸਾਂਝ ਦਾ ਹਵਾਲਾ ਦਿੰਦਿਆਂ ਆਉਣ ਵਾਲੀਆਂ ਚੋਣਾਂ ਵਿੱਚ ਮੁੜ ਅਕਾਲੀ-ਭਾਜਪਾ ਸਰਕਾਰ ਬਣਾਉਣ ਦਾ ਹੋਕਾ ਦਿੱਤਾ। ਇਸ ਮੌਕੇ ‘ਤੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ,ਵਿਧਾਇਕ ਮਨਜੀਤ ਸਿੰਘ ਮੰਨਾ, ਜਨਰਲ ਸਕੱਤਰ ਭਾਈ ਰਾਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਯੋਧ ਸਿੰਘ ਸਮਰਾ, ਓ.ਐਸ.ਡੀ. ਨਿੱਪੀ ਧਨੋਆ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਸ਼ੂਗਰਫੈਡ ਦੇ ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਤਲਬੀਰ ਸਿੰਘ ਗਿੱਲ, ਐਡਵਿਨ ਪਾਲ, ਯੂਨਿਸ ਮਸੀਹ,ਵਿਨੋਦ ਭੰਡਾਰੀ,ਤਰਸੇਮ ਸਿੰਘ ਸਿਆਲਕਾ, ਸਵਰਨਜੀਤ ਸਿੰਘ, ਬਲਜੀਤ ਸਿੰਘ ਸਰ੍ਹਾਂ,ਰਾਕੇਸ਼ ਪਰਾਸ਼ਰ ਅਤੇ ਹੋਰ ਆਗੂ ਹਾਜ਼ਰ ਸਨ।

Translate »