* ਵਿਧਾਨ ਸਭਾ ਚੋਣਾਂ ਵਿੱਚ ਇੱਕ ਲੱਖ ਰੁਪਏ ਤੋਂ ਵੱਧ ਰਕਮ ਲਿਜਾਣ ਵਾਲਿਆਂ ਵਿਰੁੱਧ ਵੀ ਹੋਵੇਗੀ ਕਾਰਵਾਈ
* ਚੋਣਾਂ ਦੌਰਾਨ ਨਸ਼ੀਲੇ ਪਦਾਰਥਾਂ ਅਤੇ ਪੈਸਿਆਂ ਦੀ ਵੰਡ ਰੋਕਣ ਲਈ 23 ਪੁਲਿਸ ਪਾਰਟੀਆਂ ਦਾ ਗਠਨ
ਪਟਿਆਲਾ: 23 ਦਸੰਬਰ: ” ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਾਜਸੀ ਪਾਰਟੀਆਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 8 ਉਡਨ ਦਸਤਿਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਪੁਲਿਸ ਪਾਰਟੀਆਂ ਵੀ ਸ਼ਾਮਲ ਹੋਣਗੀਆਂ ਜੋ ਕਿ ਚੋਣਾਂ ਵਿੱਚ ਗਲਤ ਹੱਥਕੰਡੇ ਅਪਨਾਉਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨਗੀਆਂ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਚੋਣਕਾਰ ਅਫਸਰਾਂ, ਸਹਾਇਕ ਚੋਣਕਾਰ ਅਫਸਰਾਂ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ । ਉਨ੍ਹਾਂ ਦੱਸਿਆ ਕਿ ਇਹ ਉਡਨ ਦਸਤੇ ਸਬੰਧਤ ਚੋਣਕਾਰ ਅਫਸਰ ਜਾਂ ਕਾਲ ਸੈਂਟਰ ਤੋਂ ਕੋਈ ਸ਼ਿਕਾਇਤ ਪ੍ਰਾਪਤ ਹੋਣ ਦੀ ਸੂਰਤ ਵਿੱਚ ਤੁਰੰਤ ਸਬੰਧਤ ਜਗ੍ਹਾ ‘ਤੇ ਪੁੱਜ ਕੇ ਵੀਡੀਓਗ੍ਰਾਫੀ ਕਰਵਾਉਣਗੇ ਅਤੇ ਬਣਦੀ ਕਾਰਵਾਈ ਲਈ ਉਸ ਦੀ ਸੀ.ਡੀ. ਸਬੰਧਤ ਚੋਣਕਾਰ ਅਫਸਰਾਂ ਅਤੇ ਐਸ.ਪੀ. (ਹੈਡਕੁਆਰਟਰ) ਨੂੰ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 23 ਪੁਲਿਸ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਥਾਣਾ ਮੁਤਾਬਕ ਹਰ ਰੋਜ਼ ਵਿਧਾਨ ਸਭਾ ਚੋਣਾਂ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚੜਾਉਣ ਅਤੇ ਚੋਣਾਂ ਦੌਰਾਨ ਪੈਸਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਨਜਾਇਜ਼ ਵੰਡ ਨੂੰ ਰੋਕਣ ਲਈ ਨਾਕੇ ਲਗਾਉਣਗੇ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਪੁਲਿਸ ਕਰਮਚਾਰੀ ਨਾਕਿਆਂ ‘ਤੇ ਚੈਕਿੰਗ ਕਰਨ ਸਮੇਂ ਚੈਕ ਕੀਤੇ ਜਾਣ ਵਾਲੇ ਵਾਹਨ ਦੀ ਵੀਡੀਓਗ੍ਰਾਫੀ ਵੀ ਕਰਵਾਉਣਗੇ ਅਤੇ ਜੇਕਰ ਉਸ ਵਾਹਨ ਵਿੱਚੋਂ ਕੋਈ ਪੈਸਾ ਜਾਂ ਨਸ਼ੀਲਾ ਪਦਾਰਥ ਬਰਾਮਦ ਹੁੰਦਾ ਹੈ ਤਾਂ ਉਸ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਸੂਚਨਾਂ ਤੁਰੰਤ ਸਬੰਧਤ ਆਰ.ਓ. ਨੂੰ ਅਤੇ ਐਸ.ਐਸ.ਪੀ. ਨੂੰ ਦੇਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਕਿਆਂ ‘ਤੇ ਡਿਊਟੀ ‘ਤੇ ਤਾਇਨਾਤ ਸਬੰਧਤ ਕਰਮਚਾਰੀ ਨਿਰਧਾਰਤ ਪ੍ਰੋਫਾਰਮੇ ਵਿੱਚ ਚੈਕ ਕੀਤੇ ਵਾਹਨਾਂ ਦੀ ਗਿਣਤੀ ਸਬੰਧੀ ਰਿਪੋਰਟ ਹਰ ਰੋਜ਼ ਸਬੰਧਤ ਚੋਣਕਾਰ ਅਫਸਰ ਅਤੇ ਐਸ.ਪੀ. (ਹੈਡਕੁਆਰਟਰ) ਨੂੰ ਦੇਣਗੇ।
ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ਦੇ ਸਮੂਹ ਚੋਣਕਾਰ ਅਫਸਰਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਰਾਜਸੀ ਪਾਰਟੀ ਚੋਣਾਂ ਸਬੰਧੀ ਕੋਈ ਰੈਲੀ ਜਾਂ ਸਮਾਗਮ ਕਰਵਾਉਂਦੀ ਹੈ ਤਾਂ ਉਸ ਦੀ ਪੂਰੀ ਵੀਡੀਓਗ੍ਰਾਫੀ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੀ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਨ ਵਾਲੇ ਵਿਅਕਤੀ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ । ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਚੋਣ ਜਾਬਤਾ ਲੱਗਣ ਉਪਰੰਤ ਕੋਈ ਵੀ ਵਿਅਕਤੀ ਜੇਕਰ ਇੱਕ ਲੱਖ ਰੁਪਏ ਤੋਂ ਵੱਧ ਦੀ ਰਕਮ ਕਿਧਰੇ ਲੈ ਕੇ ਜਾਂਦਾ ਹੈ ਤਾਂ ਉਸ ਸਬੰਧੀ ਪੂਰੇ ਦਸਤਾਵੇਜੀ ਸਬੂਤ ਉਸ ਕੋਲ ਹੋਣੇ ਲਾਜ਼ਮੀ ਹਨ ਅਤੇ ਜੇਕਰ ਸਬੰਧਤ ਵਿਅਕਤੀ ਕੋਲ ਕੋਈ ਦਸਤਾਵੇਜੀ ਸਬੂਤ ਨਹੀਂ ਹੋਣਗੇ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਸਮੂਹ ਚੋਣਕਾਰ ਅਫਸਰਾਂ, ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਚੋਣਾਂ ਦੌਰਾਨ ਉਹ ਆਪਸ ਵਿੱਚ ਪੂਰਾ ਤਾਲਮੇਲ ਬਣਾ ਕੇ ਰੱਖਣ ਤਾਂ ਜੋ ਲੋੜ ਪੈਣ ‘ਤੇ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ । ਉਨ੍ਹਾਂ ਇਹ ਵੀ ਕਿਹਾ ਕਿ ਚੋਣ ਦੇ ਕੰਮ ਵਿੱਚ ਅਣਗਹਿਲੀ ਵਿਖਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਐਸ.ਐਸ.ਪੀ. ਪਟਿਆਲਾ ਸ੍ਰ: ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਨਿਨਦਿੱਤਾ ਮਿੱਤਰਾ, ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰ: ਹਰਿੰਦਰ ਸਿੰਘ ਸਰਾ, ਐਸ.ਡੀ.ਐਮ. ਪਟਿਆਲਾ ਸ਼੍ਰੀ ਅਨਿਲ ਗਰਗ, ਐਸ.ਡੀ.ਐਮ. ਰਾਜਪੁਰਾ ਸ਼੍ਰੀ ਜੇ.ਕੇ. ਜੈਨ, ਐਸ.ਡੀ.ਐਮ. ਨਾਭਾ ਸ਼੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਪਾਤੜਾਂ ਸ਼੍ਰੀਮਤੀ ਪ੍ਰਨੀਤ ਕੌਰ ਸ਼ੇਰਗਿੱਲ, ਐਸ.ਡੀ.ਐਮ. ਸਮਾਣਾ ਸ੍ਰ: ਗੁਰਪ੍ਰੀਤ ਸਿੰਘ ਥਿੰਦ, ਕਮਿਸ਼ਨਰ ਨਗਰ ਨਿਗਮ ਸ੍ਰ:ਗੁਰਲਵਲੀਨ ਸਿੰਘ ਸਿੱਧੂ, ਜ਼ਿਲ੍ਹਾ ਟਰਾਂਸਪੋਰਟ ਅਫਸਰ ਸ੍ਰ: ਜੀ.ਐਸ. ਚਾਹਲ, ਐਸ.ਪੀ. (ਹੈਡਕੁਆਰਟਰ) ਸ਼੍ਰੀ ਜੀ.ਐਸ. ਪੰਨੂ, ਡੀ.ਐਸ.ਪੀ. (ਡੀ) ਸ੍ਰ: ਮਨਜੀਤ ਸਿੰਘ ਬਰਾੜ, ਜ਼ਿਲ੍ਹਾ ਮਾਲ ਅਫਸਰ ਸ਼੍ਰੀ ਰਾਜਬੀਰ ਸਿੰਘ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀ ਏ.ਪੀ. ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।