December 24, 2011 admin

ਸ਼ਹੀਦੀ ਜੋੜ ਮੇਲ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ : ਡੀ.ਸੀ

ਫਤਹਿਗੜ੍ਹ ਸਾਹਿਬ, 24 ਦਸੰਬਰ: ਫਤਹਿਗੜ੍ਹ ਸਾਹਿਬ ਵਿਖੇ 26 ਦਸੰਬਰ ਤੋਂ 28 ਦਸੰਬਰ ਤੱਕ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸ਼ੁਰੂ ਹੋਣ ਵਾਲ਼ੇ ਸਾਲਾਨਾ ਸ਼ਹੀਦੀ ਜੋੜ ਮੇਲ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਸਾਰੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਚੁੱਕੀਆਂ ਹਨ।  ਡਿਪਟੀ ਕਮਿਸ਼ਨਰ ਨੇ ਸ਼ਹੀਦੀ ਜੋੜ ਮੇਲ ਦੇ ਅਹਿਮ ਕੰਮਾਂ ਨੂੰ ਮੱਦੇ ਨਜਰ ਰੱਖਦੇ ਹੋਏ ਫਤਹਿਗੜ੍ਹ ਸਾਹਿਬ ਦੇ ਸਮੂਹ ਸਰਕਾਰੀ ਦਫਤਰ ਮਿਤੀ 24 ਦਸੰਬਰ ਅਤੇ 25 ਦਸੰਬਰ (ਦਿਨ ਸ਼ਨੀਵਾਰ ਅਤੇ ਐਤਵਾਰ) ਨੂੰ ਆਮ ਦਿਨਾਂ ਦੀ ਤਰ੍ਹਾਂ ਖੁੱਲ੍ਹੇ ਰੱਖਣ ਅਤੇ  28 ਦਸੰਬਰ ਨੂੰ ਪਵਿੱਤਰ ਨਗਰ ਕੀਰਤਨ ਨੂੰ ਮੁੱਖ ਰੱਖਦਿਆਂ ਫਤਹਿਗੜ੍ਹ ਸਾਹਿਬ ਵਿਖੇ ਸਥਾਨਕ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ  ਹਨ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ 26 ਦਸੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ  ਵਿਖੇ ਕਵੀ ਦਰਬਾਰ ਕਰਵਾਇਆ ਜਾਵੇਗਾ। ਚਾਹਵਾਨ ਕਵੀ ਤੇ ਸਾਹਿਤਕਾਰ ਆਪਣਾ ਨਾਮ ਜ਼ਿਲ੍ਹਾ ਭਾਸ਼ਾ ਦਫਤਰ ਫਤਹਿਗੜ੍ਹ ਸਾਹਿਬ ਵਿਖੇ ਦਰਜ ਕਰਵਾ ਸਕਦਾ ਹੈ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ  ਵੱਖ ਵੱਖ ਵਿਭਾਗਾਂ ਵੱਲੋਂ ਕੀਤੇ  ਕੰਮਾਂ ਨੂੰ ਦਰਸਾਉਂਦੀ ”ਪ੍ਰਦਰਸ਼ਨੀ” 26 ਤੋਂ 28 ਦਸੰਬਰ ਤੱਕ ਲਗਾਈ ਜਾਵੇਗੀ । ਮਿਤੀ 26 ਅਤੇ 27 ਦਸੰਬਰ ਨੂੰ ਸ਼ਾਮ 6.00 ਵਜੇ ਤੋਂ 8.00 ਵਜੇ ਤੱਕ  ਲੇਖਕਾ ਨਿਰਮਲ ਰਿਸ਼ੀ ਦਾ ਲਿਖਿਆ ਹੋਇਆ ਅਤੇ ਸ੍ਰੀ ਮਨਪਾਲ ਟਿਵਾਣਾ ਦੀ ਨਿਰਦੇਸ਼ਨਾਂ ਹੇਠ ਨਾਟਕ ‘ਮੈਂ ਤੇਰਾ ਬੰਦਾ’ ਆਮ ਖਾਸ ਬਾਗ ਵਿਖੇ ਪੇਸ਼ ਕੀਤਾ ਜਾਵੇਗਾ।

         ਸ੍ਰੀ ਮਹਾਜਨ  ਨੇ ਦੱਸਿਆ ਕਿ ਜੋੜ ਮੇਲ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੁੱਚੇ ਜੋੜ ਮੇਲ ਏਰੀਏ ਨੂੰ 4 ਸੈਕਟਰਾਂ ਵਿੱਚ ਵੰਡ ਕੇ ਪੁਖਤਾ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਜੋੜ ਮੇਲ ਦੌਰਾਨ ਵਾਹਨਾਂ ਦੇ ਖੜ੍ਹਨ ਲਈ 16 ਮੁਫ਼ਤ ਪਾਰਕਿੰਗ ਸਥਾਨ ਨਿਰਧਾਰਤ ਕੀਤੇ ਗਏ ਹਨ ਜਿਹਨਾਂ ਵਿੱਚ ਸਾਹਮਣੇ ਡੇਰਾ ਬਾਬਾ ਅਜੀਤ ਸਿੰਘ ਪਿੰਡ ਤਲਾਣੀਆਂ, ਮੋਹਣ ਕਲੌਨੀ ਚੈਕ ਪੋਸਟ ਨੇੜੇ ਮਸਜਿਦ ਬੰਦਗੀ ਸਾਹਿਬ( ਨੇੜੇ ਮਾਡਰਨ ਰਿਜੋਰਟਸ ਬਸੀ ਪਠਾਣਾਂ ਰੋਡ), ਸਾਹਮਣੇ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ, ਨੇੜੇ ਦੁਸਹਿਰਾ ਗਰਾਊਂਡ ਸਰਹਿੰਦ, ਸਾਹਮਣੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸਰਹਿੰਦ-ਚੰਡੀਗੜ੍ਹ ਰੋਡ , ਸਾਹਮਣੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਮਹਾਦੀਆਂ ਰੋਡ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਦੇ ਪਿੱਛੇ, ਰੈਡ ਕਰਾਸ ਭਵਨ ਸਰਹਿੰਦ-ਚੰਡੀਗੜ੍ਹ ਰੋਡ ਅੱਤੇਵਾਲੀ, ਮਾਤਾ ਸੁੰਦਰੀ ਸਕੂਲ ਅੱਤੇਵਾਲੀ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਗੇਟ, ਪੈਰਾਡਾਈਜ ਇਨਕਲੇਵ ਮਾਧੋਪੁਰ ਰੋਡ, ਸਾਹਮਣੇ ਜੇਸਿਸ ਸੇਵੀਅਰ ਸਕੂਲ ਸਮਸ਼ੇਰ ਨਗਰ ਮਾਧੋਪੁਰ ਰੋਡ ਸਰਹਿੰਦ,ਸਾਹਮਣੇ ਡੇਰਾ ਲਸੋਈ, ਨੇੜੇ ਲਿੰਕਨ ਕਾਲਜ ਆਫ ਲਾਅ ਮਾਧੋਪੁਰ ਬਾਈਪਾਸ ਸਰਹਿੰਦ, ਨੇੜੇ ਅਨਮੋਲ ਸਿਟੀ ਨੇੜੇ ਬੈਰੀਅਰ ਮਾਧੋਪੁਰ ਰੋਡ, ਅੰਬਰ ਕਲੌਨੀ ਚੰਡੀਗੜ੍ਹ ਰੋਡ ਪਿੰਡ ਅੱਤੇਵਾਲੀ, ਸਾਹਮਣੇ ਫੂਡ ਪਲਾਜਾ ਚੰਡੀਗੜ੍ਹ ਰੋਡ, ਨੇੜੇ ਮਾਤਾ ਚਕਰੇਸ਼ਵਰੀ ਦੇਵੀ ਜੈਨ ਮੰਦਰ ਚੰਡੀਗੜ੍ਹ ਰੋਡ ਤਬਦੀਲ ਕੀਤਾ ਗਿਆ ਹੈ।
         ਜ਼ਿਲ੍ਹਾ ਪੁਲਿਸ ਮੁੱਖੀ ਸ: ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਸਮੁੱਚੇ ਜੋੜ ਮੇਲ ਏਰੀਏ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ 4 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਦਾ ਇੰਚਾਰਜ ਐਸ.ਪੀ. ਰੈਂਕ ਦਾ ਅਧਿਕਾਰੀ ਹੋਵੇਗਾ, ਉਨ੍ਹਾਂ ਦੇ ਨਾਲ ਡਿਊਟੀ ਮੈਜਿਸਟਰੇਟ, ਮੈਡੀਕਲ ਟੀਮ, ਰਿਕਵਰੀ ਵੈਨ, ਫਾਇਰ ਟੈਂਡਰ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟਰੈਫਿਕ ਵਿਵਸਥਾ ਬਣਾਈ ਰੱਖਣ ਲਈ ਵੀ ਐਸ.ਪੀ. ਰੈਂਕ ਦਾ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਨਾਲ 1 ਡੀ.ਐਸ.ਪੀ., 200 ਤੋਂ ਵੱਧ ਟ੍ਰੈਫਿਕ ਪੁਲਿਸ ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਨੂੰਨ ਤੇ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਐਸ.ਪੀ. (ਡੀ) ਸ. ਗੁਰਪ੍ਰੀਤ ਸਿੰਘ ਇੰਚਾਰਜ ਹੋਣਗੇ ਅਤੇ ਸਮੁੱਚੇ ਸੁਰੱਖਿਆ ਪ੍ਰਬੰਧਾਂ ਲਈ ਕਰੀਬ 10 ਐਸ.ਪੀ., 20 ਡੀ.ਐਸ.ਪੀ., 71 ਇੰਸਪੈਕਟਰ, 2 ਹਜ਼ਾਰ ਦੇ ਕਰੀਬ ਪੁਲਿਸ ਕਰਮਚਾਰੀ ਅਤੇ 100 ਮਹਿਲਾ ਪੁਲਿਸ ਕਰਮਚਾਰੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜੋੜ ਮੇਲ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਵਾਜਾਈ ਦਾ ਬਦਲਵਾਂ ਪ੍ਰਬੰਧ ਚੰਡੀਗੜ੍ਹ ਤੋਂ ਪਟਿਆਲਾ ਜਾਂ ਲੁਧਿਆਣਾ ਆਵਾਜਾਈ ਚੂੰਨੀ, ਬਡਾਲੀ, ਹੰਸਾਲੀ, ਸਾਧੂਗੜ੍ਹ, ਜੀ.ਟੀ.ਰੋਡ ਤੋਂ ਪਟਿਆਲਾ ਲੁਧਿਆਣਾ ਕੀਤਾ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਪਟਿਆਲਾ ਜਾਂ ਲੁਧਿਆਣਾ ਆਵਾਜਾਈ ਲਈ ਭੈਂਰੋਪੁਰ ਬਾਈਪਾਸ, ਮਾਧੋਪੁਰ ਚੌਂਕ ਤੋਂ ਪਟਿਆਲਾ ਲੁਧਿਆਣਾ ਵੀ ਜਾ ਸਕਦੇ ਹਨ। ਇਸੇ ਤਰ੍ਹਾ ਚੂੰਨੀ ਪਟਿਆਲਾ ਲੁਧਿਆਣਾ ਆਵਾਜਾਈ ਲਈ ਅੱਤੇਵਾਲੀ,ਮੰਡੋਫਲ, ਸ਼ਮਸ਼ੇਰ ਨਗਰ ਚੌਂਕ, ਮਾਧੋਪੁਰ ਚੌਂਕ, ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਪਟਿਆਲਾ ਤੋਂ ਚੰਡੀਗੜ੍ਹ ਲਈ ਆਵਾਜਾਈ ਖਰੌੜਾ, ਸਾਧੂਗੜ੍ਹ, ਹੰਸਾਲੀ, ਬਡਾਲੀ ਆਲਾ ਸਿੰਘ, ਚੂੰਨੀ ਚੰਡੀਗੜ੍ਹ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਮੋਰਿੰਡਾ ਤੋਂ ਮੰਡੀ ਗੋਬਿੰਦਗੜ੍ਹ  ਆਵਾਜਾਈ ਲਈ ਊਸ਼ਾ ਮਾਤਾ ਮੰਦਲ, ਚੀਮਾ ਗੈਸ ਏਜੰਸੀ, ਫਿਰੋਜਪੁਰ, ਮੰਡੀ ਗੋਬਿੰਦਗੜ੍ਹ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾ ਮੋਰਿੰਡਾ ਪਟਿਆਲਾ, ਖੰਨਾ ਆਵਾਜਾਈ ਆਈ.ਟੀ.ਆਈ. ਬਸੀ ਪਠਾਣਾਂ, ਮਹਾਦੀਆਂ, ਅੱਤੇਵਾਲੀ, ਸਮਸ਼ੇਰ ਨਗਰ ਚੌਂਕ ਮਾਧੋਪੁਰ ਤਬਦੀਲ ਕੀਤਾ ਗਿਆ ਹੈ।
                   ਵਧੀਕ ਡਿਪਟੀ ਕਮਿਸ਼ਨਰ ਸ: ਪ੍ਰੀਤਮ ਸਿੰਘ ਨੇ ਦੱਸਿਆ ਕਿ ਲੰਗਰ ਲੈਕੇ ਆਉਣ ਵਾਲੇ  ਸ਼ਰਧਾਲੂਆਂ ਨੂੰ  ਅਪੀਲ ਕੀਤੀ ਕਿ ਉਹ ਆਪਣੇ ਲੰਗਰ ਦਾ ਸ਼ਮਾਨ ਰਾਤ 10.00 ਵਜੇ ਤੋਂ ਸਵੇਰੇ 6.00 ਵਜੇ ਤੱਕ ਹੀ ਲੈ ਕੇ ਆਉਣ । ਉਨ੍ਹਾਂ ਦੱਸਿਆ ਕਿ 28 ਦਸੰਬਰ ਨੂੰ ਨਗਰ ਕੀਰਤਨ ਦੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ  ਪੁਜਣ  ਅਤੇ ਨਗਰ ਕੀਰਤਨ ਦੀ ਸਮਾਪਤੀ ਤੇ ਹੋਣ ਵਾਲੀ ਅਰਦਾਸ ਦੀ ਸ਼ੁਰੂਆਤ ਅਤੇ ਸਮਾਪਤੀ ਸਮੇਂ  ਸਾਇਰਨ ਵਜਾਇਆ ਜਾਵੇਗਾ । ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ  ਉਹ ਇਕਾਗਰਚਿਤ ਖੜ੍ਹੇ ਹੋ ਕੇ ਅਰਦਾਸ ਵਿੱਚ ਸ਼ਾਮਲ ਹੋਣ।

Translate »