December 24, 2011 admin

ਉੱਚੀ ਛਾਲ ਰਿਕਾਰਡ ਹੋਲਡਰ ਜਗਦੀਪ ਹੁਣ ਅੰਤਰ-ਯੂਨੀਵਰਸਿਟੀ ‘ਚ ਸਰਬੋਤਮ ਐਥਲੀਟ, ਨਜ਼ਰਾਂ ਹੁਣ ਏਸ਼ੀਅਨ ਗੇਮਜ਼ ‘ਤੇ

ਅੰਮ੍ਰਿਤਸਰ, 24 ਦਸੰਬਰ, 2011 : ਸਥਾਨਕ ਖਾਲਸਾ ਕਾਲਜ ਦੇ ਬੀ.ਏ. (ਪਹਿਲੇ ਸਾਲ) ਦਾ ਵਿਦਿਆਰਥੀ ਜਗਦੀਪ ਸਿੰਘ, ਜਿਸ ਨੇ ਹੁਣੇ ਹੀ ਮੈਂਗਲੌਰ (ਕਰਨਾਟਕਾ) ਵਿਖੇ ਸਮਾਪਤ ਹੋਈ ਆਲ ਇੰਡੀਆ ਅੰਤਰ-ਯੂਨੀਵਰਸਿਟੀ ਐਥਲੈਟਿਕ ਮੀਟ ਵਿੱਚ ਉੱਚੀ ਛਾਲ ‘ਚ ਨਵਾਂ ਰਿਕਾਰਡ ਸਥਾਪਤ ਕੀਤਾ, ਨੂੰ ਮੀਟ ਦਾ ਹੁਣ ਸਰਬੋਤਮ ਐਥਲੀਟ ਐਲਾਨਿਆ ਗਿਆ ਹੈ। ਮੈਂਗਲੋਰ ਤੋਂ ਅੰਮ੍ਰਿਤਸਰ ਪਰਤਦਿਆਂ ਜਗਦੀਪ ਨੇ ਮੀਡੀਆਂ ਨੂੰ ਦੱਸਿਆ ਕਿ ਹੁਣ ਉਸ ਦੀਆਂ ਨਜ਼ਰ ਚੀਨ ਵਿੱਚ ਹੋਣ ਵਾਲੀਆਂ ਏਸ਼ੀਅਨ ਗੇਮਜ਼ ‘ਤੇ ਟਿੱਕੀਆਂ ਹਨ।
ਜਗਦੀਪ ਨੇ ਕਿਹਾ ਕਿ ਉਸ ਦੇ ਉੱਚੀ ਛਾਲ ਦੇ ਰਿਕਾਰਡ ਤੋਂ ਬਾਅਦ ਉਸ ਨੂੰ ਸਰਬੋਤਮ ਖਿਡਾਰੀ ਚੁਣਨ ਤੋਂ ਬਾਅਦ ਉਸ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਜਨਵਰੀ 27 ਤੋਂ ਸ਼ੁਰੂ ਹੋਣ ਵਾਲੇ ਏਸ਼ੀਅਨ ਗੇਮਜ਼ ਦੇ ਲਈ ਪਟਿਆਲਾ ਵਿਖੇ ਹੋਣ ਵਾਲੇ ਟ੍ਰਾਇਲ ਦੀ ਤਿਆਰੀ ਵਿੱਚ ਰੁਝ ਜਾਵੇਗਾ। ਉਸ ਨੇ ਕਿਹਾ ਕਿ ਉਸ ਨੂੰ ਪੂਰੀ ਆਸ ਹੈ ਕਿ ਉਹ ਇਸ ਰਾਸ਼ਟਰੀ ਪੱਧਰ ਦੇ ਕੈਂਪ ਵਿੱਚ ਆਪਣੀ ਪ੍ਰਤਿਭਾ ਦਿਖਾ ਕੇ ਏਸ਼ੀਅਨ ਲਈ ਆਪਣੀ ਜਗ੍ਹਾ ਪੱਕੀ ਕਰੇਗਾ।
ਜਗਦੀਪ ਨੇ ਪਿਛਲੇ ਹਫਤੇ ਹੀ 2.15 ਮੀਟਰ ਦੀ ਉੱਚੀ ਛਾਲ ਲਗਾ ਕੇ ਇੱਕ ਨਵਾਂ ਰਿਕਾਰਡ ਬਣਾਇਆ ਸੀ। ਉਸ ਨੇ ਲੰਮੇ ਸਮੇਂ ਤੋਂ ਚਲਿਆ ਆ ਰਿਹਾ 2.11 ਮੀਟਰ ਦਾ ਰਿਕਾਰਡ ਤੋੜਿਆ ਸੀ। ਇਸ ਮੀਟ ਵਿੱਚ ਉਸ ਨੂੰ ਇਸ ਕਾਮਯਾਬੀ ਲਈ ਸਰਬੋਤਮ ਐਥਲੀਟ ਚੁਣਿਆ ਗਿਆ ਅਤੇ 10,000/- ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਖਾਲਸਾ ਕਾਲਜ ਖੇਡ ਵਿਭਾਗ ਦੇ ਇੰਚਾਰਜ, ਬਚਨਪਾਲ ਸਿੰਘ ਨੇ ਦੱਸਿਆ ਕਿ ਜਗਜੀਤ ਇੱਕ ਬਹੁਤ ਹੀ ਹੋਣਹਾਰ, ਉੱਭਰਦਾ ਹੋਇਆ ਐਥਲੀਟ ਹੈ। ਉਨ੍ਹਾਂ ਦੱਸਿਆ ਕਿ ਜਗਦੀਪ ਨੇ ਰਾਂਚੀ (ਝਾਰਖੰਡ) ਵਿਖੇ ਨਵੰਬਰ ਮਹੀਨੇ ਵਿੱਚ ਹੋਈ ਆਲ ਇੰਡੀਆ ਜੂਨੀਅਰ ਐਥਲੈਟਿਕ ਮੀਟ ਵਿੱਚ ਵੀ 2.10 ਮੀਟਰ ਉੱਚੀ ਛਾਲ ਲਗਾ ਕੇ ਸੋਨੇ ਦਾ ਤਮਗਾ ਜਿੱਤਿਆ ਸੀ।
ਇਸੇ ਮਹੀਨੇ ਲਖਨਊ (ਯੂਪੀ) ਵਿਖੇ ਹੋਈ ਆਲ ਇੰਡੀਆ ਓਐਨਜੀਸੀ ਐਥਲੈਟਿਕ ਮੀਟ ਵਿੱਚ ਜਗਦੀਪ ਨੇ ਉੱਚੀ ਛਾਲ ਮੁਕਾਬਲੇ ਵਿੱਚ ਵੀ ਸੋਨੇ ਦੇ ਤਮਗੇ ਨੂੰ ਚੁੰਮਿਆ ਸੀ। ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ਵਿੱਚ ਕਲਕੱਤਾ (ਪੱਛਮੀ ਬੰਗਾਲ) ਵਿਖੇ ਹੋਈ ਸੀਨੀਅਰ ਆਲ ਇੰਡੀਆ ਐਥਲੈਟਿਕ ਮੀਟ ‘ਚ ਜਗਦੀਪ ਨੇ ਉੱਚੀ ਛਾਲ ਮਾਰ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ।
ਕਾਲਜ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਕਿਹਾ ਸੀ ਕਿ ਇਹ ਉਨ੍ਹਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਨਾਂ੍ਹ ਦਾ ਵਿਦਿਆਰਥੀ ਪੁਰਾਣੇ ਰਿਕਾਰਡ ਨੂੰ ਕਾਫੀ ਫਰਕ ਨਾਲ ਤੋੜ ਕੇ ਨਵਾਂ ਰਿਕਾਰਡ ਬਣਾਉਣ ‘ਚ ਕਾਮਯਾਬ ਰਿਹਾ ਹੈ ਅਤੇ ਉਹ ਜਗਦੀਪ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਪਹੁੰਚਣ ‘ਤੇ ਸਨਮਾਨਿਤ ਕਰਨਗੇ।

Translate »