ਅੰਮ੍ਰਿਤਸਰ, 26 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਕੈਮਿਸਟੀ ਵਿਸ਼ੇ ‘ਤੇ ਰਿਫਰੈਸ਼ਰ ਕੋਰਸ ਅੱਜ ਇਥੇ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਸਮਾਪਤ ਹੋ ਗਿਆ।ਇਹ ਕੋਰਸ 6 ਦਸੰਬਰ ਨੂੰ ਸ਼ੁਰੂ ਹੋਇਆ ਸੀ।
ਇਸ ਕੋਰਸ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕੀਤਾ। ਕੋਰਸ ਕੋਆਰਡੀਨੇਟਰ ਅਤੇ ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ, ਡਾ. ਬੀ.ਐਸ. ਰੰਧਾਵਾ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸੁਆਗਤ ਕੀਤਾ। ਅਕਾਦਮਿਕ ਸਟਾਫ ਕਾਲਜ ਦੇ ਡਾਇਰੈਕਟਰ ਡਾ. ਸਤੀਸ਼ ਵਰਮਾ ਨੇ ਕਾਲਜ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਡਾ. ਸੁਬੋਧ ਕੁਮਾਰ, ਮੁਖੀ-ਕਮਿਸਟਰੀ ਵਿਭਾਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕਿਹਾ ਕਿ ਕੈਮਿਸਟਰੀ ਇਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ। ਇਸ ਦਾ ਆਮ ਵਿਅਕਤੀ ਦੇ ਜੀਵਨ ਵਿਚ ਸਵੇਰ ਤੋਂ ਲੈ ਕੇ ਸ਼ਾਮ ਤਕ ਕਿਸੇ ਨਾ ਕਿਸੇ ਸੂਰਤ ਵਿਚ ਪੂਰਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦਵਾਈਆਂ ਅਤੇ ਇਲਾਜ ਦੇ ਖੇਤਰ ਵਿਚ ਹੋ ਰਹੀਆਂ ਨਵੀਆਂ ਕਾਢਾਂ ਵੀ ਕੈਮਿਸਟਰੀ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਕੈਮਿਸਟਰੀ ਵਿਭਾਗ ਵਿਚ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੇ ਆਧੁਨਿਕ ਯੰਤਰ ਖਰੀਦੇ ਗਏ ਹਨ, ਜੋ ਕਿ ਖੋਜ ਅਤੇ ਪੜ੍ਹਾਈ ਵਿਚ ਬਹੁਤ ਸਹਾਈ ਹੋਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਅਧਿਆਪਕਾਂ ਨੇ ਜੋ ਕੁਝ ਇਸ ਕੋਰਸ ਦੌਰਾਨ ਸਿੱਖਿਆ ਹੈ, ਉਸਦਾ ਪੂਰਾ ਲਾਭ ਵਿਦਿਆਰਥੀਆਂ ਨੂੰ ਹੋਰ ਚੰਗੀ ਤਰ੍ਹਾਂ ਪੜ੍ਹਾਉਣ ਲਈ ਕਰਨਗੇ। ਉਨ੍ਹਾਂ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਖਤ ਮਿਹਨਤ ਕਰਕੇ ਵਿਦਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ।
ਡਾ. ਸਤੀਸ਼ ਵਰਮਾ ਨੇ ਅਧਿਆਪਕਾਂ ਨੂੰ ਕੋਰਸ ਪੂਰਾ ਕਰਨ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਕਾਦਮਿਕ ਸਟਾਫ ਕਾਲਜ ਵਿਚ ਕੋਰਸ ਦੇ ਦੌਰਾਨ ਯੂ.ਜੀ.ਸੀ. ਦੀਆਂ ਹਦਾਇਤਾਂ ਨੂੰ ਪੂਰੀ ਤਰ੍ਹਾਂ ਮੱਦੇਨਜ਼ਰ ਰੱਖਿਆ ਜਾਂਦਾ ਹੈ ਅਤੇ ਇਹ ਵੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਧਿਆਪਕਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੁੰ ਮਿਲੇ।
ਡਾ. ਸੁਬੋਧ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਕਮਿਸਟਰੀ ਵਿਭਾਗ ਦੇ ਡਾ. ਪੀ. ਐਸ. ਰੰਧਾਵਾ, ਡਾ. ਸੁਮਨਜੀਤ ਕੌਰ ਅਤੇ ਹੋਰ ਅਧਿਆਪਕ ਵੀ ਮੌਜ਼ੂਦ ਸਨ।