December 26, 2011 admin

ਪੈਟਰੋਲ ਦੀ ਕੀਮਤ ਵਿਚ ਹੋਰ ਵਾਧਾ ਨਾਸਹਿਣਯੋਗ ਹੋਵੇਗਾ: ਬਾਦਲ

ਮਹਿੰਗਾਈ ਕਾਂਗਰਸ ਦੀਆਂ ਨੁਕਸਦਾਰ ਤੇ ਭ੍ਰਿਸ਼ਟ ਨੀਤੀਆਂ ਦਾ ਸਿੱਟਾ
ਚੰਡੀਗੜ੍ਹ, ੨੬ ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਪੈਟਰੋਲ ਦੀਆਂ ਕੀਮਤਾਂ ਵਿਚ ਇੱਕ ਵਾਰੀ ਫਿਰ ਹੋ ਰਹੇ ਵਾਧੇ ਨੂੰ ਮੁਲਕ ਦੀ ਜਨਤਾ ਉੱਤੇ ਲੱਦਿਆ ਜਾ ਰਿਹਾ ਨਾਸਹਿਣਯੋਗ ਬੋਝ ਦਸਦਿਆਂ ਕਿਹਾ ਹੈ ਕਿ ਇਹ ਵਾਧਾ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਦੀ ਯੂ.ਪੀ.ਏ. ਸਰਕਾਰ ਵਲੋਂ ਜਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਕਾਬੂ ਕਰਨ ਵਿਚ ਬੁਰੀ ਤਰਾਂ ਫੇਲ ਹੋਣ ਦੀ ਮੂੰਹ ਬੋਲਦੀ ਤਸਵੀਰ ਹੈ।ਉਹਨਾਂ ਕਿਹਾ ਕਿ ਮੁਲਕ ਵਿਚ ਛਾਂਲਾਂ ਮਾਰ ਕੇ ਵੱਧ ਰਹੀ ਮਹਿੰਗਾਈ ਕਾਂਗਰਸ ਸਰਕਾਰ ਵਲੋਂ ਦੇਸ਼ ਦੇ ਕੁਝ ਕੁ ”ਵਡਿੱਆਂ ਘਰਾਣਿਆਂ” ਤੋਂ ਅਰਬਾਂ ਰੁਪਏ ਲੈ ਕੇ ਉਹਨਾਂ ਨੂੰ ਨਜ਼ਾਇਜ਼ ਫਾਇਦਾ ਪਹੁੰਚਾਉਣ ਦੀਆਂ ਭ੍ਰਿਸ਼ਟ ਨੀਤੀਆਂ ਦਾ ਸਿੱਟਾ ਹੈ।
ਅੱਜ ਇਥੇ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿਚ ਸ੍ਰ ਬਾਦਲ ਨੇ ਕਿਹਾ ਕਿ ਜਿਹੜੀ ਮਹਿੰਗਾਈ ਦਾ ਅੰਕੜਾ ਐਨ.ਡੀ.ਏ. ਸਰਕਾਰ ਸਮੇਂ ਕਦੇ ਵੀ ਤਿੰਨ ਅੰਕਾਂ ਤੋਂ ਨਹੀਂ ਸੀ ਟੱਪਿਆ, ਉਹ ਯੂ.ਪੀ.ਏ. ਦੀ ਸਕਰਾਰ ਦੌਰਾਨ ਆਮ ਤੌਰ ਉੱਤੇ ੧੦ ਅੰਕਾਂ ਤੋਂ ਉਪਰ ਹੀ ਰਿਹਾ ਹੈ।ਉਹਨਾਂ ਕਿਹਾ ਕਿ ਆਮ ਆਦਮੀ ਵਲੋਂ ਨਿੱਤ ਦਿਨ ਵਰਤੀਆਂ ਜਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਪਿਛਲੇ ਪੰਜ ਸਾਲਾਂ ਵਿਚ ਕਈ ਗੁਣਾਂ ਵੱਧ ਗਈਆਂ ਹਨ।ਮੁੱਖ ਮੰਤਰੀ ਨੇ ਕਿਹ ਕਿ ਕਾਂਗਰਸ ਸਰਕਾਰ ਦੀਆਂ ਨੁਕਸਦਾਰ ਆਰਥਿਕ ਨੀਤੀਆਂ ਕਾਰਨ ਮੁਲਕ ਵਿਚ ਸਿਰਫ ਆਮ ਆਦਮੀ ਦਾ ਹੀਂ ਨਹੀਂ ਬਲਕਿ ਦਰਮਿਆਨੇ ਵਰਗ ਦਾ ਵੀ ਕਚੂੰਮਰ ਨਿਕਲਿਆ ਪਿਆ ਹੈ।
ਸ੍ਰ. ਬਾਦਲ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਮਹਿੰਗਾਈ ਰੋਕਣ ਵਿਚ ਤਾਂ ਬੁਰੀ ਤਰਾਂ ਫੇਲ ਹੋਈ ਹੀ ਹੈ ਇਸ ਨੇ ਲੱਕ ਤੋੜਵੀਂ ਮਹਿੰਗਾਈ ਤੋਂ ਆਮ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਅਸਰਦਾਰ ਕਦਮ ਨਾ ਚੁੱਕ ਕੇ ਲੋਕ ਵਿਰੋਧੀ ਹੋਣ ਦਾ ਸਬੂਤ ਵੀ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਸਤੇ ਭਾਅ ਉੱਤੇ ਦਾਲ ਅਤੇ ਅਨਾਜ ਮੁਹੱਈਆ ਕਰਕੇ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਗਰੀਬ ਵਰਗ ਨੂੰ ਇੱਜ਼ਤ ਦੀ ਜਿੰਦਗੀ ਦਿੱਤੀ ਹੈ।ਉਹਨਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਦੀ ਕਾਂਗਰਸ ਨੇ ”ਲੋਕ ਲੁਭਾਊ” ਕਦਮ ਕਹਿ ਕੇ ਨਿੰਦਾ ਕੀਤੀ ਸੀ ਪਰ ਉਸ ਨੂੰ ਹੁਣ ਖੁਰਾਕ ਸੁਰੱਖਿਆ ਕਾਨੂੰਨ ਬਣਾ ਕੇ ਗਰੀਬ ਵਰਗ ਨੂੰ ਸਸਤੇ ਭਾਅ ਉੱਤੇ ਅਨਾਜ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਨੂੰ ਹੀ ਅਪਨਾਉਣ ਲਈ ਹੀ ਮਜ਼ਬੂਰ ਹੋਣਾ ਪੈ ਰਿਹਾ ਹੈ।  
ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਕਟਾ ਕੇ ਸੂਬੇ ਦੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ।

Translate »