ਪਟਿਆਲਾ: 26 ਦਸੰਬਰ: ਚੋਣ ਜਾਬਤਾ ਲਾਗੂ ਹੋਣ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੌਕਸੀ ਵਿਖਾਉਂਦਿਆਂ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਗਠਿਤ ਕੀਤੀਆਂ ਵਿਸ਼ੇਸ਼ ਨਾਕਾ ਪੁਲਿਸ ਪਾਰਟੀਆਂ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਵੱਖ-ਵੱਖ ਵਿਅਕਤੀਆਂ ਤੋਂ ਵੱਖ-ਵੱਖ ਸਥਾਨਾਂ ‘ਤੇ 26 ਲੱਖ 55 ਹਜ਼ਾਰ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ। ਇਸ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਦੱਸਿਆ ਕਿ ਪਸਿਆਣਾ ਪੁਲਿਸ ਵੱਲੋਂ ਪਸਿਆਣਾ- ਸਮਾਣਾ ਰੋਡ ‘ਤੇ ਲਗਾਏ ਨਾਕੇ ਦੌਰਾਨ ਰਤੀਆ ਤੋਂ ਪਟਿਆਲਾ ਆ ਰਹੀ ਇੱਕ ਸਫੇਦ ਰੰਗ ਦੀ ਰਿਟਜ ਕਾਰ ਨੰ: ਪੀ.ਜੇ.ਓ-31 ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 16 ਲੱਖ 33 ਹਜ਼ਾਰ ਰੁਪਏ ਜ਼ਬਤ ਕੀਤੇ ਗਏੇ। ਉਨ੍ਹਾਂ ਦੱਸਿਆ ਕਿ ਕਾਰ ਵਿੱਚ ਬੈਠਾ ਵਿਅਕਤੀ ਵਿਜੇ ਕੁਮਾਰ ਪੁੱਤਰ ਕੀਰਤੀ ਕੁਮਾਰ ਵਾਸੀ ਰਤੀਆ ਇਸ ਰਕਮ ਬਾਰੇ ਕੋਈ ਦਸਤਾਵੇਜੀ ਸਬੂਤ ਪੇਸ਼ ਨਹੀਂ ਕਰ ਸਕਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਬਖਸ਼ੀਵਾਲਾ ਦੀ ਪੁਲਿਸ ਪਾਰਟੀ ਨੇ ਨਾਭਾ ਰੋਡ ‘ਤੇ ਨਾਕਾ ਲਗਾਇਆ ਹੋਇਆ ਸੀ ਤਾਂ ਸੰਗਰੂਰ ਤੋਂ ਮੋਹਾਲੀ ਜਾਣ ਵਾਲੀ ਕਾਰ ਜਿਸ ਨੂੰ ਵਿਜੇ ਕੁਮਾਰ ਵਾਸੀ ਸੰਗਰੂਰ ਚਲਾ ਰਿਹਾ ਸੀ, ਦੀ ਤਲਾਸ਼ੀ ਲੈਣ ‘ਤੇ ਕਾਰ ਵਿੱਚੋਂ 5 ਲੱਖ ਰੁਪਏ ਬਰਾਮਦ ਕਰਕੇ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਹ ਇਸ ਵਿਅਕਤੀ ਪਾਸ ਵੀ ਇਸ ਰਕਮ ਬਾਰੇ ਮੌਕੇ ‘ਤੇ ਕੋਈ ਦਸਤਾਵੇਜੀ ਸਬੂਤ ਨਹੀਂ ਸਨ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸੇ ਤਰ੍ਹਾਂ ਸਮਾਣਾ ਸਦਰ ਪੁਲਿਸ ਵੱਲੋਂ ਪਾਤੜਾਂ ਤੋਂ ਪਟਿਆਲਾ ਜਾਂਦੀ ਕਾਰ ਨੰ: ਸੀ.ਐਚ.-04-212 ਦੀ ਵਿਸ਼ੇਸ਼ ਪੁਲਿਸ ਨਾਕੇ ‘ਤੇ ਰੋਕ ਕੇ ਤਲਾਸ਼ੀ ਲੈਣ ‘ਤੇ ਕਾਰ ਵਿੱਚ ਸਵਾਰ ਮਨਦੀਪ ਸਿੰਘ ਪੁੱਤਰ ਅਮਰਦੀਪ ਸਿੰਘ ਵਾਸੀ ਦਿੜਬਾ ਤੋਂ 1 ਲੱਖ 24 ਹਜ਼ਾਰ 500 ਰੁਪਏ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਿਟੀ ਸਮਾਣਾ ਪੁਲਿਸ ਵੱਲੋਂ ਲਗਾਏ ਗਏ ਵਿਸ਼ੇਸ਼ ਨਾਕੇ ‘ਤੇ ਸਮੀਰ ਕੁਮਾਰ ਪੁੱਤਰ ਬਿਕਰਮ ਪਾਲ ਵਾਸੀ ਸਿਰਸਾ ਜੋ ਸਫੇਦ ਰੰਗ ਦੀ ਜੈਨ ਕਾਰ ਨੰ: ਐਚ.ਆਰ. 44-ਏ 5373 ਰਾਹੀਂ ਚੰਡੀਗੜ੍ਹ ਤੋਂ ਸਿਰਸਾ ਜਾ ਰਿਹਾ ਸੀ ਦੀ ਕਾਰ ਦੀ ਤਲਾਸ਼ੀ ਲੈਣ ‘ਤੇ ਉਸ ਪਾਸੋਂ 3 ਲੱਖ 97 ਹਜ਼ਾਰ 500 ਰੁਪਏ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਹਨਾਂ ਵਿੱਚੋਂ ਕੋਈ ਵੀ ਵਿਅਕਤੀ ਉਹਨਾਂ ਪਾਸੋਂ ਬਰਾਮਦ ਹੋਈ ਰਕਮ ਬਾਰੇ ਮੌਕੇ ‘ਤੇ ਕੋਈ ਦਸਤਾਵੇਜੀ ਸਬੂਤ ਪੇਸ਼ ਨਹੀਂ ਕਰ ਸਕਿਆ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਉਪਰੋਕਤ ਸਾਰੇ ਵਿਅਕਤੀਆਂ ਤੋਂ ਜ਼ਬਤ ਕੀਤੀ ਗਈ ਰਕਮ ਬਾਰੇ ਇਨਕਮ ਟੈਕਸ ਵਿਭਾਗ ਨੂੰ ਅਗਲੇਰੀ ਕਾਰਵਾਈ ਕਰਨ ਲਈ ਸੂਚਿਤ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਚੋਣ ਅਫਸਰ ਸ਼੍ਰੀ ਗਰਗ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਚੋਣ ਜ਼ਾਬਤੇ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕਿਸੇ ਕੰਮ ਲਈ ਇੱਕ ਲੱਖ ਤੋਂ ਵੱਧ ਦੀ ਰਕਮ ਆਪਣੇ ਨਾਲ ਲੈ ਕੇ ਕਿਤੇ ਜਾਂਦੇ ਹਨ ਤਾਂ ਉਸ ਸਬੰਧੀ ਦਸਤਾਵੇਜੀ ਸਬੂਤ ਆਪਣੇ ਕੋਲ ਜਰੂਰ ਰੱਖਣ ਤਾਂ ਜੋ ਉਹਨਾਂ ਨੂੰ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ।