ਲੁਧਿਆਣਾ: 26 ਦਸੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਉਪਰੰਤ ਸੰਬੋਧਨ ਕਰਦਿਆਂ ਕਿਸਾਨ ਕਲੱਬ ਦੇ ਪ੍ਰਧਾਨ ਸ: ਪਵਿੱਤਰਪਾਲ ਸਿੰਘ ਪਾਂਗਲੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੁਜ਼ਗਾਰ ਸੁਰੱਖਿਆ ਯੋਜਨਾ ਅਧੀਨ ਚੱਲਦੀ ਮਨਰੇਗਾ ਸਕੀਮ ਵਿੱਚ ਖੇਤੀਬਾੜੀ ਕਾਰਜਾਂ ਵਿੱਚ ਲੱਗੇ ਮਜ਼ਦੂਰਾਂ ਨੂੰ ਵੀ ਸ਼ਾਮਿਲ ਕੀਤੇ ਜਾਣ। ਸ: ਪਾਂਗਲੀ ਨੇ ਕਿਹਾ ਕਿ ਪੇਂਡੂ ਮਜ਼ਦੂਰੀ ਵਿੱਚ ਖੇਤੀਬਾੜੀ ਦਾ ਹਿੱਸਾ ਸ਼ਾਮਿਲ ਕਰਨ ਨਾਲ ਜਿਥੇ ਖੇਤੀਬਾੜੀ ਵੰਨ ਸੁਵੰਨਤਾ ਨੂੰ ਹੁਲਾਰਾ ਮਿਲੇਗਾ ਉਥੇ ਸਮਾਜਿਕ ਤਣਾਓ ਵੀ ਘਟੇਗਾ। ਸ: ਪਾਂਗਲੀ ਨੇ ਆਖਿਆ ਕਿ ਸਬਜ਼ੀਆਂ ਦੀ ਲੁਆਈ, ਛਿੜਕਾਅ, ਫ਼ਲਾਂ ਦੀ ਡੱਬਾਬੰਦੀ, ਨੈੱਟ ਹਾਊਸ ਕਾਰਜ, ਭੂਮੀ ਸਿਹਤ ਸੰਭਾਲ ਲਈ ਵਰਮੀ ਕੰਪੋਸਟ ਇਕਾਈਆਂ, ਦੇਸੀ ਰੂੜੀ ਦੀ ਸੰਭਾਲ ਕਰਨ ਦੇ ਨਾਲ ਨਾਲ ਦਾਲਾਂ ਅਤੇ ਅਨਾਜ ਫ਼ਸਲਾਂ ਦੀ ਕਟਾਈ ਅਤੇ ਸੰਭਾਲ ਵਿੱਚ ਇਹ ਪੇਂਡੂ ਮਜ਼ਦੂਰ ਵੱਡਾ ਹਿੱਸਾ ਪਾ ਸਕਦੇ ਹਨ।
ਸ: ਪਾਂਗਲੀ ਨੇ ਆਖਿਆ ਕਿ ਗਰੀਨ ਇੰਡੀਆ ਸਕੀਮ ਅਧੀਨ ਰੁੱਖਾਂ ਦੀ ਕਾਸ਼ਤ ਲਈ ਵੀ ਇਹ ਮਜ਼ਦੂਰ ਲਾਹੇਵੰਦ ਕੰਮ ਕਰ ਸਕਦੇ ਹਨ ਕਿਉਂਕਿ ਇਸ ਸਕੀਮ ਅਧੀਨ ਜੱਦੀ ਜ਼ਮੀਨਾਂ, ਸ਼ਾਮਲਾਟਾਂ ਵਿੱਚ ਬਹੁ-ਪੱਖੀ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਰੁੱਖ ਲਗਾਏ ਜਾਣੇ ਹਨ। ਇਸ ਮਜ਼ਦੂਰ ਸ਼ਕਤੀ ਨੂੰ ਮਨਰੇਗਾ ਅਧੀਨ ਕਾਜਰਸ਼ੀਲ ਕਰਕੇ ਨਿਸ਼ਚਤ ਟੀਚਾ ਪੂਰਾ ਕੀਤਾ ਜਾ ਸਕਦਾ ਹੈ। ਕਾਰਜਕਾਰਨੀ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਕੋਟਾ ਨਿਸ਼ਚਤ ਕਰਨ ਲੱਗਿਆਂ ਜੱਟ ਸਿੱਖ ਭਾਈਚਾਰੇ ਨੂੰ ਵੀ ਰਾਂਖਵਾਕਰਨ ਸੂਚੀ ਵਿੱਚ ਸ਼ਾਮਿਲ ਕਰੇ ਕਿਉਂਕਿ ਖੇਤੀ ਖਰਚੇ ਵਧਣ ਅਤੇ ਕਮਾਈ ਘੱਟਣ ਕਾਰਨ ਇਸ ਵਰਗ ਦੀ ਹਾਲਤ ਵਿੱਚ ਹੁਣ ਬਹੁਤੀ ਚੰਗੀ ਨਹੀਂ ਰਹੀ।