ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇਥੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਵਿਚ ਪਿਆ ਹੋਇਆ ”ਭੰਬਲਭੂਸਾ” ਅਤੇ ਫੈਲੀ ਹੋਈ ”ਅਨਿਸ਼ਚਤਾ” ਇਹਨਾਂ ਚੋਣਾਂ ਵਿਚ ਕਾਂਗਰਸੀਆਂ ਦੀ ਹੋਣ ਵਾਲੀ ਲੱਕ ਤੋੜਵੀਂ ਹਾਰ ਦਾ ਪ੍ਰਤੱਖ ਪ੍ਰਮਾਣ ਹੈ।ਉਹਨਾਂ ਕਿਹਾ ਕਿ ਆਪਣੇ ਉਮੀਦਵਾਰਾਂ, ਆਪਣੇ ਆਗੂ ਅਤੇ ਆਪਣੀਆਂ ਨੀਤੀਆਂ ਪ੍ਰਤੀ ਪੂਰੀ ਤਰਾਂ ਸਪਸ਼ਟ ਅਤੇ ਆਤਮ ਵਿਸ਼ਵਾਸ਼ ਨਾਲ ਭਰੇ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਕਰਨਾ ਪੰਜਾਬ ਦੇ ਕਾਂਗਰਸੀਆਂ ਦੇ ਵੱਸ ਦਾ ਹੀ ਰੋਗ ਨਹੀਂ ਰਹਿ ਗਿਆ।
ਅੱਜ ਇਥੇ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿਚ ਸ਼੍ਰੀ ਢੀਂਡਸਾ ਨੇ ਕਿਹਾ ਕਿ ਪੂਰੀ ਤਰਾਂ ਦੁਬਿਧਾ ਅਤੇ ਬੇਵਿਸ਼ਵਾਸ਼ੀ ਦੀ ਘੁੰਮਣਘੇਰੀ ਵਿਚ ਫਸੀ ਹੋਈ ਕਾਂਗਰਸ ਪਾਰਟੀ ਨੂੰ ਇਸ ਸਮੇਂ ਕੁਝ ਵੀ ਨਹੀਂ ਸੁਝ ਰਿਹਾ।ਪੰਜਾਬ ਦੇ ਵਿਕਾਸ ਜਾਂ ਲੋਕਾਂ ਦੀ ਭਲਾਈ ਲਈ ਤਾਂ ਇਸ ਪਾਰਟੀ ਕੋਲ ਕਦੇ ਵੀ ਕੋਈ ਏਜੰਡਾ ਨਹੀਂ ਰਿਹਾ, ਇਸ ਵਾਰੀ ਤਾਂ ਇਹ ਆਪਣੇ ਸੰਭਾਵੀ ਉਮੀਦਵਾਰਾਂ ਅਤੇ ਆਗੂ ਬਾਰੇ ਵੀ ਸਪਸ਼ਟ ਨਹੀਂ ਹੈ।ਉਹਨਾਂ ਕਿਹਾ ਕਿ ਕਿਸੇ ਕਾਂਗਰਸੀ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਉਸ ਨੇ ਚੋਣ ਲੜਣੀ ਵੀ ਹੈ ਜਾਂ ਨਹੀਂ ਅਤੇ ਜੇ ਲੜਣੀ ਵੀ ਹੈ ਤਾਂ ਕਿਸ ਹਲਕੇ ਤੋਂ ਲੜਣੀ ਹੈ।ਇਸੇ ਤਰਾਂ ਹੀ ਕਿਸੇ ਨੂੰ ਵੀ ਨਹੀਂ ਪਤਾ ਕਿ ਵਿਧਾਨ ਸਭਾ ਵਿਚ ਇਸ ਪਾਰਟੀ ਦੇ ਚੁਣੇ ਗਏ ਵਿਧਾਇਕਾਂ ਦਾ ਆਗੂ ਕੌਣ ਹੋਵੇਗਾ।
ਸ੍ਰ. ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਚੋਣਾਂ ਨਾਲ ਜੁੜੇ ਹਰ ਪਹਿਲੂ ਬਾਰੇ ਪੂਰੀ ਤਰਾਂ ਸਪਸ਼ਟ ਹੈ।ਪਾਰਟੀ ਨੇ ਆਪਣੇ ਅੱਧਿਆਂ ਤੋਂ ਵੱਧ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਚੋਣਾਂ ਦੀ ਤਰੀਕ ਤੈਹ ਹੋਣ ਤੋਂ ਪਹਿਲਾਂ ਹੀ ਕਰ ਦਿੱਤਾ ਸੀ ਅਤੇ ਬਾਕੀ ਉਮੀਦਵਾਰਾਂ ਦੀ ਸੂਚੀ ਵੀ ਛੇਤੀ ਹੀ ਜਾਰੀ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਪਾਰਟੀ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਚੋਣਾਂ ਤੋਂ ਬਾਅਦ ਪੰਜਾਬ ਵਿਚ ਬਣਨ ਵਾਲੀ ਅਗਲੀ ਅਕਾਲੀ-ਭਾਜਪਾ ਸਰਕਾਰ ਦੇ ਪੂਰੇ ਪੰਜ ਸਾਲਾਂ ਲਈ ਮੁੱਖ ਮੰਤਰੀ ਵੀ ਸਰਦਾਰ ਪਰਕਾਸ਼ ਸਿੰਘ ਬਾਦਲ ਹੀ ਹੋਣਗੇ।
ਸ੍ਰ. ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਗਾਮੀ ਚੋਣਾਂ ਦੌਰਾਨ ਪਿਛਲੇ ਪੰਜ ਸਾਲਾਂ ਵਿਚ ਸੂਬੇ ਦੇ ਕੀਤੇ ਗਏ ਲਾਮਿਸਾਲ ਵਿਕਾਸ, ਕਾਇਮ ਰੱਖੀ ਗਈ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ, ਹਰ ਵਰਗ ਦੀ ਭਲਾਈ ਲਈ ਚੁੱਕੇ ਗਏ ਮਿਸਾਲੀ ਕਦਮ ਅਤੇ ਤਕਰੀਬਨ ਡੇਢ ਲੱਖ ਤੋਂ ਵੱਧ ਨੌਜਵਾਨਾਂ ਨੂੰ ਨਿਰੋਲ ਮੈਰਿਟ ਦੇ ਅਧਾਰ ਉੱਤੇ ਦਿੱਤੀਆਂ ਗਈਆਂ ਨੌਕਰੀਆਂ ਦਾ ਨਾਂ ਉੱਤੇ ਲੋਕਾਂ ਦੀਆਂ ਵੋਟਾਂ ਉੱਤੇ ਆਪਣਾ ਹੱਕ ਜਤਾਵੇਗੀ।