ਕਪੂਰਥਲਾ, ੨੬ ਦਸੰਬਰ: ਪੰਜਾਬ ਨੈਸ਼ਨਲ ਬੈਂਕ ਨੇ ਅੱਜ ਜ਼ਿਲ੍ਹੇ ਦੇ ਕਸਬਾ ਨਡਾਲਾ ਵਿਖੇ ਕਰਵਾਏ ਖੇਤੀਬਾੜੀ ਕਰਜ਼ਾ ਵੰਡ ਸਮਾਰੋਹ ਦੌਰਾਨ ਲੱਗਭਗ ੩੨ ਕਰੋੜ ਰੁਪਏ ਦੇ ਕਰਜ਼ੇ ਕਿਸਾਨਾਂ ਨੂੰ ਵੰਡੇ, ਜਿਨ੍ਹਾਂ ਦਾ ਲਾਭ ੪੫੦ ਦੇ ਕਰੀਬ ਕਿਸਾਨਾਂ ਨੂੰ ਮਿਲਿਆ।
ਇਸ ਸਮਾਰੋਹ ਵਿੱਚ ਸ੍ਰੀ ਆਰ. ਆਰ. ਪੀ. ਸ਼ਾਰਦਾ, ਡਿਪਟੀ ਜਨਰਲ ਮੇਨੈਜਰ ਸਰਕਲ ਹੈੱਡ ਕਪੂਰਥਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਇਸ ਮੌਕੇ ਸ੍ਰੀ ਵੀ. ਕੇ. ਸ਼ਚਦੇਵਾ, ਚੀਫ਼ ਐੱਲ. ਡੀ. ਐੱਮ. ਕਪੂਰਥਲਾ, ਸ੍ਰੀ ਏ.ਕੇ ਲੂੰਬਾ, ਡਿਪਟੀ ਜਨਰਲ ਮੇਨੈਜਰ ਮੁੱਖ ਦਫ਼ਤਰ ਨਵੀਂ ਦਿੱਲੀ ਅਤੇ ਸ੍ਰੀ ਐੱਸ. ਕੇ. ਬੱਸੀ ਏ. ਜੀ. ਐੱਮ ਵੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਵੀ. ਕੇ. ਸਚਦੇਵਾ, ਚੀਫ਼ ਐੱਲ. ਡੀ. ਐੱਮ. ਕਪੂਰਥਲਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੈਂਕ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸਾਨ ਕਰੈਡਿਟ ਕਾਰਡ, ਕਲਿਆਣੀ ਕਾਰਡ ਸਕੀਮ ਅਤੇ ਕਰਿਸ਼ਕ ਸਾਥੀ ਸਕੀਮ ਅਧੀਨ ਕਿਸਾਨਾਂ ਨੂੰ ਘੱਟ ਵਿਆਜ਼ ‘ਤੇ ਕਰਜ਼ੇ ਮੁਹੱਈਆਂ ਕਰਵਾਏ ਜਾ ਰਹੇ ਹਨ ਤਾਂ ਜੋ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਦੇ ਨਾਲ -ਨਾਲ ਮਹਿੰਗੇ ਵਿਆਜ਼ ‘ਤੇ ਲੈ ਗਏ ਕਰਜ਼ਿਆ ਤੋਂ ਕਿਸਾਨਾਂ ਨੂੰ ਮੁਕਤੀ ਦਿਵਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡੇਅਰੀ, ਪੋਲਟਰੀ ਅਤੇ ਬਾਗ਼ਵਾਨੀ ਕਰਨ ਲਈ ਵੀ ਕਿਸਾਨਾਂ ਨੂੰ ਘੱਟ ਵਿਆਜ਼ ‘ਤੇ ਕਰਜ਼ੇ ਮੁਹੱਈਆਂ ਕਰਵਾਏ ਜਾਂਦੇ ਹਨ।