December 27, 2011 admin

ਦੁਨੀਆਂ ਭਰ ਵਿੱਚ ਇੱਕ ਅਰਬ ਲੋਕ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ

ਵਰਲਡ ਹੈਲਥ ਆਰਗਨਾਈਜ਼ੇਸ਼ਨ ਦੇ ਮੁਤਾਬਕ 2025 ਤੱਕ 1.56 ਅਰਬ ਲੋਕ ਹੋਣਗੇ ਬਲਡ ਪ੍ਰੈਸ਼ਰ ਦੀ ਤਕਲੀਫ ਦੇ ਸ਼ਿਕਾਰ
ਅੱਜ ਦੀ ਭੱਜ ਦੌੜ ਭਰੀ ਜਿੰਦਗੀ ਨਾਲ ਮਨੁੱਖ ਦੇ ਮਾਨਸਿਕ ਤਨਾਵ ਵਿੱਚ ਕਾਫੀ ਵਾਧਾ ਹੋਇਆ ਹੈ ਜਿਸ ਨਾਲ ਉਸਨੂੰ ਕਈ ਬਿਮਾਰੀਆਂ ਛੋਟੀ ਉਮਰ ਵਿੱਚ ਹੀ ਘੇਰ ਲੈਂਦੀਆਂ ਹਨ। ਅੱਜ ਦੀ ਤੇਜ ਜਿੰਦਗੀ ਦਾ ਵੱਡਾ ਨਤੀਜਾ ਬਲਡ ਪ੍ਰੈਸ਼ਰ ਦੇ ਰੂਪ ਵਿੱਚ ਸਾਮਣੇ ਆਇਆ ਹੈ। ਇਸ ਬਿਮਾਰੀ ਨੇ ਹਰ ਵਰਗ ਤੇ ਹਰ ਉਮਰ ਦੇ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਵਰਲਡ ਹੈਲਥ ਆਰਗਨਾਈਜ਼ੇਸ਼ਨ ਮੁਤਾਬਕ ਦੁਨੀਆਂ ਭਰ ਵਿੱਚ ਇੱਕ ਅਰਬ ਲੋਕ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹਨ, ਜਿਹਨਾਂ ਵਿੱਚੋਂ ਦੋ ਤਿਹਾਈ ਵਿਕਾਸਸ਼ੀਲ ਦੇਸ਼ਾਂ ਵਿੱਚ ਹਨ। ਹਾਈ ਬਲੱਡ ਪ੍ਰੈਸ਼ਰ ਦੁਨੀਆਂ ਭਰ ਵਿੱਚ ਜਨਮ ਤੋਂ ਪਹਿਲਾਂ ਮੌਤ ਦੇ ਕਾਰਨਾਂ ਵਿੱਚੋਂ ਸਭ ਤੋਂ ਪਮੁੱਖ ਕਾਰਨ ਵਿੱਚੋ ਹੈ ਤੇ ਇਹ ਸਮਸਿਆ ਘੱਟਨ ਦੀ ਬਜਾਏ ਆਏ ਦਿਨ ਵੱਧ ਰਹੀ ਹੈ। ਵਰਲਡ ਹੈਲਥ ਆਰਗਨਾਈਜ਼ੇਸ਼ਨ ਦੇ ਅੰਦਾਜੇ ਦੇ ਮੁਤਾਬਕ 2025 ਤੱਕ 1.56 ਅਰਬ ਲੋਕ ਬਲਡ ਪ੍ਰੈਸ਼ਰ ਦੀ ਤਕਲੀਫ ਦੇ ਸ਼ਿਕਾਰ ਹੋਣਗੇ। ਹਾਈ ਬਲੱਡ ਪ੍ਰੈਸ਼ਰ ਆਏ ਸਾਲ ਦੁਨੀਆ ਭਰ ਵਿੱਚ 80 ਲੱਖ ਮੌਤਾਂ ਦਾ ਕਾਰਨ ਬਣਦਾ ਹੈ ਤੇ ਇੱਕਲੇ ਦੱਖਣ ਪੁਰਬ ਏਸ਼ੀਆਂ ਵਿੱਚ ਹੀ ਇਸ ਨਾਲ 15 ਲੱਖ ਮੌਤਾਂ ਹੋ ਜਾਂਦੀਆਂ ਹਨ।
ਬਲਡ ਪ੍ਰੈਸ਼ਰ ਤੋਂ ਮਤਲਬ ਹੈ ਖੂਨ ਦੇ ਸ਼ਰੀਰ ਵਿੱਚ ਬਹਿਣ ਸਮੇਂ ਖੂਨ ਦੀ ਨਲੀ ਦੀਆਂ ਦਿਵਾਰਾਂ ਤੇ ਖੂਨ ਦਾ ਦਬਾਅ। ਹਾਈ ਬਲਡ ਪ੍ਰੈਸ਼ਰ ਮਤਲਬ ਖੂਨ ਦਾ ਨਾੜੀਆਂ ਵਿੱਚ ਜਿਆਦਾ ਦਬਾਅ ਨਾਲ ਚਲਣਾ। ਬਲਡ ਪ੍ਰੈਸ਼ਰ ਨੂੰ ਦੋ ਨੰਬਰਾਂ ਵਿੱਚ ਲਿਖਿਆ ਜਾਂਦਾ ਹੈ। ਪਹਿਲਾ ਸਿਸਟੋਲਿਕ ਨੰਬਰ ਜਿਹੜਾ ਕਿ ਦਿਲ ਦੇ ਧੜਕਨ ਤੇ ਖੂਨ ਦੀਆਂ ਨਾੜਾਂ ਤੇ ਦਬਾਅ ਨੂੰ ਦੱਸਦਾ ਹੈ ਤੇ ਦੂਸਰਾ ਡਾਈਸਟੋਲਿਕ ਨੰਬਰ ਜਿਹੜਾ ਕਿ ਦੋ ਧੜਕਨਾਂ ਦੇ ਅੰਤਰਾਲ ਦੇ ਦੌਰਾਨ ਨਾੜੀਆਂ ਤੇ ਦਬਾਅ ਨੂੰ ਦਰਸ਼ਾਉਂਦਾ ਹੈ। 120/80 ਨੂੰ ਸਹੀ ਬਲਡ ਪ੍ਰੈਸ਼ਰ ਮੰਨਿਆ ਜਾਂਦਾ ਹੈ ਤੇ ਇਸਦੇ 140/90 ਹੋ ਜਾਣ ਤੇ ਇਸਨੂੰ ਵਧਿਆ ਹੋਇਆ ਗਿਣਿਆ ਜਾਂਦਾ ਹੈ। ਇਸੇ ਤਰਾਂ• ਜੇ ਕਿਸੇ ਦਾ ਬਲਡ ਪ੍ਰੈਸ਼ਰ 90/60 ਤੇ ਪਹੁੰਚ ਜਾਵੇ ਤਾਂ ਉਸਨੂੰ ਲੋਅ ਬਲਡ ਪ੍ਰੈਸ਼ਰ ਦਾ ਮਰੀਜ ਕਹਿੰਦੇ ਹਨ।
ਬਲਡ ਪ੍ਰੈਸ਼ਰ ਵੱਧਣ ਦੇ ਕਈ ਕਾਰਨ ਹਨ। ਉਮਰ ਦੇ ਵੱਧਣ ਨਾਲ ਬਲਡ ਪ੍ਰੈਸ਼ਰ ਵੱਧਣ ਦਾ ਖਤਰਾ ਵੀ ਵੱਧ ਜਾਂਦਾ ਹੈ। ਇਨਸਾਨ ਦਾ ਵਰਤਾਓ ਤੇ ਉਸਦਾ ਰਹਿਣ ਸਹਿਣ ਵੀ ਉਸ ਵਿੱਚ ਬਲਡ ਪੈਸ਼ਰ ਵੱਧਣ ਦੇ ਖਤਰੇ ਨੂੰ ਵਧਾ ਦਿੰਦਾ ਹੈ। ਖਾਣੇ ਵਿੱਚ ਜਿਆਦਾ ਨਮਕ (ਸੋਡੀਅਮ) ਤੇ ਘੱਟ ਪੋਟਾਸ਼ੀਅਮ (ਫਲਾਂ ਤੇ ਸਬਜੀਆਂ) ਖਾਣ ਨਾਲ ਬਲਡ ਪ੍ਰੈਸ਼ਰ ਦਾ ਖਤਰਾ ਵੱਧ ਜਾਂਦਾ ਹੈ। ਜਿਆਦਾ ਮੋਟਾਪਾ ਹੋਣਾ, ਕਸਰਤ ਨਾ ਕਰਨਾ, ਸਿਗਰੇਟ ਤੇ ਸ਼ਰਾਬ ਵੀ ਮੁੱਖ ਕਾਰਨਾਂ ਵਿੱਚੋਂ ਇੱਕ ਹਨ। 60 ਫਿਸਦੀ ਸ਼ੁਗਰ ਦੇ ਰੋਗੀਆਂ ਨੂੰ ਬਲਡ ਪ੍ਰੈਸ਼ਰ ਦੀ ਤਕਲੀਫ ਦੇ ਚਾਂਸ ਵੱਧ ਜਾਂਦੇ ਹਨ। ਬਲਡ ਪ੍ਰੈਸ਼ਰ ਦਾ ਰੋਗ ਅਨੁਵਾਂਸ਼ਕ ਵੀ ਹੈ। ਜੇਕਰ ਘਰ ਦੇ ਬਜੁਰਗਾਂ ਨੂੰ ਇਹ ਰੋਗ ਹੋਵੇ ਤਾਂ ਅਗਲੀਆਂ ਪੀੜੀਆਂ ਨੂੰ ਵੀ ਇਸ ਦਾ ਖਤਰਾ ਰਹਿੰਦਾ ਹੈ। ਪਰ ਜੇ ਨਾਲ ਹੀ ਖਾਣ ਪੀਣ ਤੇ ਰਹਿਣ ਸਹਿਣ ਦੀਆਂ ਆਦਤਾਂ ਵੀ ਠੀਕ ਨਾ ਹੋਣ ਤੇ ਇਸਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ।  
ਬਲਡ ਪ੍ਰੈਸ਼ਰ ਨੂੰ ਖਮੋਸ਼ ਹਤਿਆਰਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਦੇ ਕੋਈ ਚੇਤਾਉਣ ਵਾਲੇ ਸੰਕੇਤ ਜਾਂ ਲੱਛਣ ਨਹੀਂ ਹਨ ਤੇ ਇਸਦੇ ਜਿਆਦਾਤਰ ਰੋਗੀਆਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਨੂੰ ਇਹ ਰੋਗ ਹੈ ਵੀ । ਇਸ ਲਈ ਇਹ ਜਰੂਰੀ ਹੈ ਕਿ ਸਮੇਂ ਸਮੇਂ ਤੇ ਬਲਡ ਪ੍ਰੈਸ਼ਰ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।  
ਜਿਆਦਾਤਰ ਇਸਦੇ ਕੋਈ ਲੱਛਣ ਨਹੀਂ ਹੁੰਦੇ ਪਰ ਕੁਝ ਕਾਰਨਾਂ ਨੂੰ ਇਸ ਨਾਲ ਜੋੜਿਆ ਜਾਂਦਾ ਹੈ ਕਿ ਇਸ ਨਾਲ ਬਲਡ ਪ੍ਰੇਸ਼ਰ ਵੱਧਨ ਜਾ ਘੱਟਨ ਦੇ ਕੁਝ ਲਛਨ ਪਤਾ ਲਗਦੇ ਹਨ ਜਿਵੇਂ ਇਸਦੇ ਰੋਗੀ ਨੂੰ ਸਵੇਰ ਵੇਲੇ ਸਿਰ ਦਰਦ, ਨੱਕ ਚੋਂ ਖੂਨ ਆਉਣਾ, ਦਿਲ ਦੀ ਧੜਕਨ ਦਾ ਵੱਧਨਾ ਘੱਟਨਾ ਜਾਂ ਕੰਨਾਂ ਵਿੱਚ ਸਾਂ ਸਾਂ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸਦੇ ਰੋਗੀ ਨੂੰ ਥਕਾਨ, ਉਬਕਾਈ ਆਨਾ, ਜੀ ਕੱਚਾ ਹੋਣਾ, ਉਲਟੀ ਆਉਣਾ, ਘਬਰਾਹਟ, ਬੇਚੈਨੀ, ਉਤੇਜਨਾ, ਛਾਤੀ ਵਿੱਚ ਦਰਦ ਜਾਂ ਨਸਾਂ ਵਿੱਚ ਕਾਂਬਾ ਹੋ ਸਕਦਾ ਹੈ। ਇਸਨੂੰ ਜਾਨਣ ਦਾ ਇੱਕਮਾਤਰ ਤਰੀਕਾ ਹੈ ਡਾਕਟਰ ਤੋਂ ਇਸਦੀ ਜਾਂਚ ਕਰਵਾਉਣੀ। ਇਹ ਬਹੁਤ ਹੀ ਅਸਾਨ ਦੇ ਦਰਦਰਹਿਤ ਜਾਂਚ ਹੁੰਦੀ ਹੈ।
ਹਾਈ ਬਲਡ ਪ੍ਰੈਸ਼ਰ ਮਨੁਖ ਦੀ ਸਿਹਤ ਤੇ ਮਾੜਾ ਅਸਰ ਪਾਉਂਦਾ ਹੈ। ਇਸ ਨਾਲ ਖੂਨ ਦੀਆਂ ਨਾੜਾਂ ਤੇ ਮਾੜਾ ਅਸਰ ਪੈਂਦਾ ਹੈ ਜਿਸ ਨਾਲ ਦਿਲ ਵੱਲ ਖੂਨ ਅਤੇ ਆਕਸੀਜਨ ਦਾ ਬਹਾਵ ਘੱਟ ਜਾਂਦਾ ਹੈ। ਜਿਸ ਨਾਲ ਕਿ ਛਾਤੀ ਵਿੱਚ ਦਰਦ ਹੋ ਸਕਦਾ ਹੈ। ਜੇ ਦਿਲ ਸ਼ਰੀਰ ਦੇ ਬਾਕੀ ਅੰਗਾਂ ਨੂੰ ਠੀਕ ਤਰਾਂ• ਖੂਨ ਤੇ ਆਕਸੀਜਨ ਪੰਪ ਨਾ ਕਰ ਪਾਵੇ ਤਾਂ ਦਿਲ ਕੰਮ ਕਰਨਾ ਬੰਦ ਕਰ ਸਕਦਾ ਹੈ। ਦਿਲ ਨੂੰ ਖੂਨ ਦੀ ਪੁਰਤੀ ਵਿੱਚ ਰੁਕਾਵਟ ਆਉਣ ਨਾਲ ਤੇ ਦਿਲ ਦੇ ਸੈਲਾਂ ਨੂੰ ਆਕਸੀਜਨ ਘੱਟ ਮਿਲਣ ਨਾਲ ਹਾਰਟ ਅਟੈਕ ਵੀ ਹੋ ਸਕਦਾ ਹੈ। ਖੂਨ ਦੇ ਬਹਾਵ ਵਿੱਚ ਜਿੰਨੀ ਜਿਆਦਾ ਰੁਕਾਵਨ ਹੋਵੇ ਦਿਲ ਨੂੰ ਨੁਕਸਾਨ ਵੀ ਉਨਾਂ• ਹੀ ਜਿਆਦਾ ਹੁੰਦਾ ਹੈ। ਹਾਈ ਬਲੱਡ ਪ੍ਰੈਸ਼ਰ ਨਾਲ ਦਿਮਾਗ ਨੂੰ ਖੂਨ ਤੇ ਆਕਸੀਜਨ ਦੀ ਪੁਰਤੀ ਵਿੱਚ ਵੀ ਰੁਕਾਵਟ ਹੋ ਸਕਦੀ ਹੈ ਜਿਸ ਨਾਲ ਸਟਰੋਕ ਦਾ ਖਤਰਾ ਹੋ ਸਕਦਾ ਹੈ।
ਗਰਭਵਤੀ ਔਰਤਾਂ ਲਈ ਵੀ ਹਾਈ ਬਲਡ ਪ੍ਰੈਸ਼ਰ ਖਤਰਨਾਕ ਹੈ। ਹਾਈ ਬਲਡ ਪ੍ਰੈਸ਼ਰ ਦੀਆਂ ਸ਼ਿਕਾਰ ਮਹਿਲਾਵਾਂ ਵੀ ਬਿਨਾਂ ਕਿਸੇ ਖਾਸ ਤਕਲੀਫ ਦੇ ਤੰਦਰੁਸਤ ਬੱਚੇ ਨੂੰ ਜਨਮ ਦਿੰਦੀਆਂ ਹਨ ਪਰ ਜੇਕਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਜੱਚਾ ਤੇ ਬੱਚਾ ਦੋਹਾਂ ਦੀ ਜਿੰਦਗੀ ਲਈ ਖਤਰਾ ਹੋ ਸਕਦਾ ਹੈ। ਜਿਹਨਾਂ ਔਰਤਾਂ ਨੂੰ ਪਹਿਲਾਂ ਤੋਂ ਹੀ ਹਾਈ ਬਲਡ ਪ੍ਰੈਸ਼ਰ ਦੀ ਸ਼ਿਕਾਇਤ ਹੋਵੇ ਉਹਨਾਂ ਨੂੰ ਗਰਭਕਾਲ ਦੇ ਦੌਰਾਨ ਪਰੇਸ਼ਾਨੀ ਹੋ ਸਕਦੀ ਹੈ ਪਰ ਕਈ ਔਰਤਾਂ ਨੂੰ ਸਿਰਫ ਗਰਭਕਾਲ ਦੌਰਾਨ ਹੀ ਹਾਈ ਬਲਡ ਪ੍ਰੈਸ਼ਰ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਦਾ ਪ੍ਰਭਾਅ ਵੱਖ ਵੱਖ ਹੋ ਸਕਦਾ ਹੈ। ਇਹ ਜਿੱਥੇ ਮਾਂ ਦੀਆਂ ਕਿਡਨੀਆਂ ਜਾਂ ਹੋਰ ਅੰਗਾਂ ਤੇ ਮਾੜਾ ਅਸਰ ਪਾ ਸਕਦਾ ਹੈ ਉਥੇ ਹੀ ਬੱਚੇ ਦੇ ਜਲਦੀ ਜਨਮ ਅਤੇ ਜਨਮ ਸਮੇਂ ਬੱਚੇ ਦੇ ਭਾਰ ਘੱਟ ਹੋਣ ਦਾ ਕਾਰਨ ਹੋ ਸਕਦਾ ਹੈ।
ਹਾਈ ਬਲਡ ਪ੍ਰੈਸ਼ਰ ਦਾ ਖਤਰਾ ਇੰਨਾਂ• ਵੱਡਾ ਵੀ ਨਹੀਂ ਕਿ ਇਸ ਤੋਂ ਬਚਿਆ ਨਾ ਜਾ ਸਕੇ। ਸ਼ੁਰੂਆਤੀ ਪੱਧਰ ਤੇ ਹੀ ਆਪਣੇ ਰੋਜਮਰਾਂ ਦੇ ਜੀਵਨ ਵਿੱਚ ਥੌੜਾ ਜਿਹਾ ਬਦਲਾਵ ਕਰਕੇ ਇਸ ਰੋਗ ਤੋਂ ਕਾਫੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ। ਸਭ ਤੋਂ ਜਰੂਰੀ ਹੈ ਮਾਨਸਿਕ ਤਨਾਵ ਨੂੰ ਘਟਾਉਣਾ ਜਿਸ ਲਈ ਯੋਗਾ, ਧਿਆਨ ਜਾਂ ਹੋਰ ਉਪਾਅ ਕੀਤੇ ਜਾ ਸਕਦੇ ਹਨ। ਸਬਜੀਆਂ ਤੇ ਫਲਾਂ ਨਾਲ ਭਰਪੂਰ ਸਿਹਤਮੰਦ ਭੋਜਨ ਕਰਨਾ ਚਾਹੀਦਾ ਹੈ ਤਾਂ ਜੋ ਪੋਟਾਸ਼ਿਅਮ ਤੇ ਫਾਈਬਰ ਭਰਪੂਰ ਮਿਲ ਸਕੇ। ਸੋਡੀਅਮ ਦੀ ਘੱਟ ਮਾਤਰਾ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਵਾਸਤੇ ਖਾਨੇ ਵਿੱਚ ਨਮਕ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਪੂਰੇ ਦਿਨ ਵਿੱਚ ਸਾਰੇ ਖਾਨੇ ਵਿੱਚ ਕੁੱਲ ਮਿਲਾ ਕੇ ਇੱਕ ਚਮੱਚ ਤੋਂ ਵੱਧ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਧਿਆਨ ਦੇਣ ਯੋਗ ਗੱਲ• ਹੈ ਕਿ ਪ੍ਰੋਸੈਸਡ ਖਾਨਿਆਂ ਵਿੱਚ ਸੋਡੀਅਮ ਦੀ ਮਾਤਰਾ ਜਿਆਦਾ ਹੁੰਦੀ ਹੈ ਜਿਵੇਂਕਿ ਅਚਾਰ, ਪਾਪੜ ਤੇ ਚਟਨੀਆਂ। ਇਸ ਲਈ ਇਹਨਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਸ਼ਰੀਰ ਦੇ ਭਾਰ ਤੇ ਕਾਬੂ ਰੱਖਣਾ ਚਾਹੀਦਾ  ਹੈ। ਸ਼ਰੀਰਕ ਤੋਰ ਤੇ ਜਿਆਦਾ ਚੁਸਤੀ ਬਲਡ ਪ੍ਰੈਸ਼ਰ ਘਟਾਉਣ ਵਿੱਚ ਮਦਦ ਕਰਦੀ ਹੈ। ਹਰ ਰੋਜ ਘੱਟੋ ਘੱਟ 30 ਮਿਨਟ ਕਸਰਤ ਕਰਨੀ ਚਾਹੀਦੀ ਹੈ ਤੇ ਘੱਟ ਵਸਾ ਵਾਲੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਤੰਬਾਕੁ ਤੇ ਸ਼ਰਾਬ ਦੇ ਸੇਵਨ ਤੋਂ ਬਚਨਾ ਚਾਹੀਦਾ ਹੈ। ਬਲਡ ਪ੍ਰੈਸ਼ਰ ਦੀ ਨਿਯਮਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਰੋਗ ਹੋ ਜਾਣ ਤੇ ਖਾਨ ਪੀਣ ਵਿੱਚ ਬਦਲਾਵ ਦੇ ਨਾਲ ਨਾਲ ਡਾਕਟਰੀ ਸਲਾਹ ਨਾਲ ਦਵਾਈ ਵੀ ਲੈਣੀ ਚਾਹੀਦੀ ਹੈ। ਸ਼ੁਗਰ ਦੇ ਮਰੀਜਾਂ ਨੂੰ ਬਲਡ ਪ੍ਰੈਸ਼ਰ ਦਾ ਖਤਰਾ ਜਿਆਦਾ ਹੁੰਦਾ ਹੈ ਇਸ ਲਈ ਸਿਹਤਮੰਦ ਭੋਜਨ ਖਾ ਕੇ ਇਸ ਰੋਗ ਤੋਂ ਵੀ ਬਚਾਅ ਰੱਖਿਆ ਜਾ ਸਕਦਾ ਹੈ।

ਅਕੇਸ਼ ਕੁਮਾਰ
ਲੇਖਕ
ਮੋ-98880-31426

Translate »