ਬਠਿੰਡਾ, 27 ਦਸੰਬਰ- ਪੰਜਾਬ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਸਬੰਧ ਵਿਚ ਜ਼ਿਲ੍ਹਾ ਚੋਣ ਅਫਸਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਤੇ ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਇਆ। ਬੈਂਕਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਨਿਰਧਾਰਤ ਨਿਯਮਾਂ ਅਨੁਸਾਰ ਇਸ ਵਾਰ ਹਰ ਉਮੀਦਵਾਰ ਵੱਖਰਾ ਬੈਂਕ ਖਾਤਾ ਖੁਲ੍ਹਵਾਏਗਾ ਤੇ ਇਸਦਾ ਜ਼ਿਕਰ ਨਾਮਜ਼ਦਗੀ ਪੱਤਰ ਵਿੱਚ ਕਰੇਗਾ। ਉਨ੍ਹਾਂ ਕਿਹਾ ਕਿ ਹਰ ਉਮੀਦਵਾਰ ਚੋਣ ਖਰਚਾ ਇਸ ਖਾਤੇ ਰਾਹੀਂ ਹੀ ਕਰੇਗਾ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਬੈਂਕਾਂ ਵਿੱਚ ਵੱਖਰੇ ਕਾਊੰਟਰ ਸਥਾਪਤ ਕੀਤੇ ਜਾਣ ਤਾਂ ਕਿਸੇ ਵੀ ਉਮੀਦਵਾਰ ਨੂੰ ਖਾਤਾ ਖੁੱਲ੍ਹਵਾਉਣ ਜਾਂ ਹੋਰ ਸਹੂਲਤ ਲੈਣ ਵਿੱਚ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਉਮੀਦਵਾਰਾਂ ਦੇ ਖਰਚੇ ਸਬੰਧੀ ਬੈਂਕਾਂ ਪਾਸੋ ਸਟੇਟਮੈਂਟਾ ਵੀ ਲਈਆਂ ਜਾਣਗੀਆਂ ਤਾਂ ਜੋ ਉਮੀਦਵਾਰਾਂ ਦੁਆਰਾ ਦਰਸਾਏ ਚੋਣ ਖਰਚੇ ਨੂੰ ਕਰਾਸ ਚੈਕ ਕੀਤਾ ਜਾ ਸਕੇ।
ਸ੍ਰੀ ਯਾਦਵ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਿਨ੍ਹਾਂ ਕਾਨੂੰਨੀ ਦਸਤਾਵੇਜ਼ਾਂ ਤੋਂ ਇੱਕ ਲੱਖ ਜਾਂ ਇਸ ਤੋਂ ਵਧੇਰੇ ਕੈਸ਼ ਲਿਜਾਣ ਦੀ ਮਨਾਹੀ ਹੈ ਤੇ ਇਨ੍ਹਾਂ ਦਸਤਾਵੇਜ਼ਾਂ ਦੀ ਗੈਰ ਮੌਜ਼ੂਦਗੀ ਵਿੱਚ ਅਜਿਹਾ ਧੰਨ ਜ਼ਬਤ ਕਰਕੇ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਬੈਂਕਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਬੈਂਕ ਵਿੱਚੋਂ ਇੱਕ ਲੱਖ ਜਾਂ ਇਸ ਤੋਂ ਵੱਧ ਰਕਮ ਕਿਸੇ ਵਿਅਕਤੀ ਵੱਲੋਂ ਕੱਢਵਾਈ ਜਾਂਦੀ ਹੈ ਤਾਂ ਬੈਂਕ ਇਸ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੱਲੋਂ ਵੀ ਸਰਕਾਰੀ ਚੈੱਕ ਪੇਸ਼ ਹੋਣ ਦੀ ਸੂਰਤ ਵਿੱਚ ਬੈਂਕ ਇਸਨੂੰ ਪਾਸ ਕਰਨ ਤੋਂ ਪਹਿਲਾਂ ਅਗੇਤੀ ਪ੍ਰਵਾਨਗੀ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਧੰਨ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਫਲਾਇੰਗ ਦਸਤੇ ਬਣਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿਧਾਨ ਸਭਾ ਹਲਕਿਆਂ ਦੇ ਹਿਸਾਬ ਨਾਲ ਨੋਡਲ ਬੈਂਕ ਬਣਾਉਣ ਦੇ ਨਾਲ ਨਾਲ ਬੈਂਕਾਂ ਦੇ ਸਟਾਫ ਨੂੰ ਬਤੌਰ ਮਾਈਕਰੋ ਅਬਜ਼ਬਰ ਵੀ ਤਾਇਨਾਤ ਕੀਤਾ ਜਾਵੇਗਾ।
ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਨਿਯਮਾਂ ਮੁਤਾਬਕ ਛਪਣ ਵਾਲੀ ਚੋਣ ਸਮੱਗਰੀ ਉੱਪਰ ਛਾਪਕ ਦਾਂ ਨਾਂ ‘ਤੇ ਸੰਪਰਕ ਨੰਬਰ ਹੋਵੇਗਾ ਤੇ ਪੋਸਟਰਾਂ, ਪੰਫਲੈਟਾਂ ਤੇ ਹੋਰ ਚੋਣ ਸਮੱਗਰੀ ਛਪਵਾਉਣ ਵਾਲੇ ਪਾਸੋਂ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਇੱਕ ਸਵੈ-ਘੋਸ਼ਣਾ ਲੈਣਗੇ। ਉਨ੍ਹਾਂ ਦੱਸਿਆ ਕਿ ਪਿੰ੍ਰਟਿੰਗ ਵਾਲੇ ਸਮਾਨ ਤੇ ਸਵੈ-ਘੋਸ਼ਣਾਂ ਦੀ ਕਾਪੀ ਜ਼ਿਲ੍ਹਾ ਚੋਣ ਦਫਤਰ ਨੂੰ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣ ਸਮੱਗਰੀ ਤਿਆਰ ਕਰਵਾਉਣ ਵਾਲੇ ਪਾਸੋਂ ਅਦਾਇਗੀ ਚੈੱਕ ਰਾਹੀਂ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਨਿਯਮ ਫਲੈਕਸਾਂ ਬਣਾਉਣ ਵਾਲਿਆਂ ਉੱਪਰ ਵੀ ਲਾਗੂ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕ ਇਸ ਗੱਲ ਦਾ ਖਿਆਲ ਰੱਖਣ ਕਿ ਇਸ ਸਮੱਗਰੀ ਉੱਪਰ ਕਿਸੇ ਪ੍ਰਕਾਰ ਦੀ ਇਤਰਾਜ਼ਯੋਗ ਗੱਲ ਨਾ ਛਪੀ ਹੋਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਹੋਵੇਗੀ।