ਪਟਿਆਲਾ: 27 ਦਸੰਬਰ : ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ -2012 ਲਈ ਲਾਗੂ ਹੋਏ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੱਜ ਤੀਸਰੇ ਦਿਨ ਦੋ ਵੱਖ-ਵੱਖ ਵਿਅਕਤੀਆਂ ਤੋਂ ਬਿਨਾਂ ਦਸਤਾਵੇਜੀ ਸਬੂਤਾਂ ਤੋਂ 32 ਲੱਖ 95 ਹਜ਼ਾਰ 700 ਰੁਪਏ ਜ਼ਬਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਦੱਸਿਆ ਕਿ ਸ਼ੰਭੂ ਥਾਣਾ ਦੀ ਵਿਸ਼ੇਸ਼ ਨਾਕਾ ਟੀਮ ਨੇ ਤੇਪਲਾ ਰੋਡ ‘ਤੇ ਲਗਾਏ ਨਾਕੇ ਦੌਰਾਨ ਪਹੇਵਾ ਤੋਂ ਬਨੂੜ ਆ ਰਹੀ ਵਰਨਾਂ ਕਾਰ ਨੰਬਰ ਐਚ.ਆਰ.-41-ਸੀ-8008 ਵਿੱਚੋਂ ਬਿਨਾਂ ਦਸਤਾਵੇਜੀ ਸਬੂਤਾਂ ਤੋਂ 27 ਲੱਖ ਰੁਪਏ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਗੱਡੀ ਵਿੱਚ ਬੈਠੇ ਦੀਪਕ ਕੁਮਾਰ ਪੁੱਤਰ ਮਹੰਤ ਧਰਮ ਦਾਸ ਅਤੇ ਸ਼ਿਵ ਕੁਮਾਰ ਪੁੱਤਰ ਰੱਖਾ ਰਾਮ ਦੋਵੇਂ ਵਾਸੀ ਪਹੇਵਾ ਨੂੰ ਇਸ ਰਕਮ ਬਾਰੇ ਦਸਤਾਵੇਜੀ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਤਾਂ ਉਹ ਮੌਕੇ ‘ਤੇ ਕੋਈ ਸਬੂਤ ਪੇਸ਼ ਨਹੀਂ ਕਰ ਸਕੇ। ਸ਼੍ਰੀ ਗਰਗ ਨੇ ਦੱਸਿਆ ਕਿ ਇਸੇ ਤਰ੍ਹਾਂ ਰਾਜਪੁਰਾ ਸਿਟੀ ਪੁਲਿਸ ਪਾਰਟੀ ਵੱਲੋਂ ਗਗਨ ਚੌਂਕ ਨੇੜੇ ਲਗਾਏ ਗਏ ਵਿਸ਼ੇਸ਼ ਨਾਕੇ ਦੌਰਾਨ ਬਨੂੜ ਤੋਂ ਰਾਜਪੁਰਾ ਆ ਰਹੀ ਆਈ. 20 ਕਾਰ ਨੰਬਰ ਪੀ.ਬੀ.-40 ਏ-0007 ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 3 ਲੱਖ 95 ਹਜ਼ਾਰ 700 ਰੁਪਏ ਜ਼ਬਤ ਕੀਤੇ ਗਏ ਅਤੇ ਕਾਰ ਵਿੱਚ ਬੈਠਾ ਵਿਅਕਤੀ ਬਖਸ਼ੀ ਰਾਮ ਪੁੱਤਰ ਪ੍ਰਕਾਸ਼ ਚੰਦ ਵਾਸੀ ਬਨੂੜ ਇਸ ਰਕਮ ਬਾਰੇ ਕੋਈ ਦਸਤਾਵੇਜੀ ਸਬੂਤ ਪੇਸ਼ ਨਹੀਂ ਕਰ ਸਕਿਆ ।
ਸ਼੍ਰੀ ਗਰਗ ਨੇ ਦੱਸਿਆ ਕਿ ਇਸੇ ਤਰ੍ਹਾਂ ਭਾਦਸੋਂ ਪੁਲਿਸ ਪਾਰਟੀ ਦੀ ਵਿਸ਼ੇਸ਼ ਨਾਕਾ ਟੀਮ ਵੱਲੋਂ ਪਿੰਡ ਸੰਧਰੌਲੀ ਵਿਖੇ ਲਗਾਏ ਨਾਕੇ ਦੌਰਾਨ ਕਾਰ ਨੰਬਰ ਸੀ.ਐਚ. 01-ਜੇ-6106 ਵਿੱਚੋਂ 2 ਲੱਖ ਰੁਪਏ ਜ਼ਬਤ ਕੀਤੇ ਗਏ । ਉਨ੍ਹਾਂ ਦੱਸਿਆ ਕਿ ਜਦੋਂ ਕਾਰ ਵਿੱਚ ਸਵਾਰ ਪਰਮਿੰਦਰ ਪਾਲ ਸਿੰਘ ਪੁੱਤਰ ਭਗਤ ਸਿੰਘ ਵਾਸੀ ਆਜ਼ਾਦ ਕਲੌਨੀ ਸਰਹੰਦ ਰੋਡ ਪਟਿਆਲਾ ਨੂੰ ਇਸ ਰਕਮ ਬਾਰੇ ਪੁਛਿਆ ਗਿਆ ਤਾਂ ਉਹ ਵੀ ਇਸ ਰਕਮ ਸਬੰਧੀ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰ ਸਕਿਆ। ਜਿਸ ਕਾਰਨ ਇਹਨਾਂ ਵਿਅਕਤੀਆਂ ਤੋਂ ਜ਼ਬਤ ਕੀਤੀ ਗਈ ਰਾਸ਼ੀ ਬਾਰੇ ਇਨਕਮ ਟੈਕਸ ਵਿਭਾਗ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤਾਂ ਜੋ ਕਿਸੇ ਵੀ ਨਾਗਰਿਕ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।