ਅੰਮ੍ਰਿਤਸਰ, 27 ਜਨਵਰੀ -ਚੋਣ ਜਾਬਤੇ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸ਼ਰਾਬ ਦੇ ਹਰ ਠੇਕੇਦਾਰ ਨੂੰ ਆਪਣੇ ਸਟਾਕ ਦਾ ਵੇਰਵਾ ਸਹੀ ਰੱਖਣ ਦੇ ਨਾਲ-ਨਾਲ ਹਰ ਰੋਜ਼ ਜ਼ਿਲ੍ਹਾ ਚੋਣ ਦਫਤਰ ਨੂੰ ਪਹੁੰਚਾਉਣਾ ਲਾਜ਼ਮੀ ਹੋਵੇਗਾ ਤਾਂ ਜੋ ਠੇਕਿਆਂ ਵਿੱਚ ਸ਼ਰਾਬ ਦੀ ਵਿਕਰੀ ‘ਤੇ ਸਖਤੀ ਨਾਲ ਨਜ਼ਰ ਰੱਖੀ ਜਾ ਸਕੇ। ਵਿਧਾਨ ਸਭਾ ਚੋਣਾਂ ਦੌਰਾਨ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਰੋਕਣ ਲਈ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਮਨਜੀਤ ਸਿੰਘ ਨਾਰੰਗ ਵੱਲੋਂ ਅੱਜ ਸਥਾਨਕ ਸਰਕਟ ਹਾਊਸ ਵਿਖੇ ਸ਼ਰਾਬ ਦੇ ਠੇਕੇਦਾਰਾਂ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਉਹਨਾਂ ਕਿਹਾ ਕਿ ਠੇਕੇਦਾਰ ਕਿਸੇ ਵੀ ਵਿਅਕਤੀ ਨੂੰ ਬਿਨਾਂ ਬਿੱਲ ਸ਼ਰਾਬ ਨਾ ਵੇਚਣ ਅਤੇ ਵਿਆਹ-ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਲਈ ਵੀ ਬਿਨਾਂ ਪਰਮਿਟ ਤੋਂ ਸ਼ਰਾਬ ਨਾ ਵੇਚੀ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਠੇਕੇਦਾਰ ਸ਼ਰਾਬ ਖਰੀਦਣ ਵਾਲੇ ਹਰ ਵਿਅਕਤੀ ਦਾ ਨਾਮ, ਪਤਾ ਅਤੇ ਉਸਦਾ ਸੰਪਰਕ ਨੰਬਰ ਆਪਣੇ ਰਜਿਸਟਰ ਵਿੱਚ ਜਰੂਰ ਨੋਟ ਕਰਨ।
ਮੀਟਿੰਗ ਦੌਰਾਨ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਮਨਜੀਤ ਸਿੰਘ ਨਾਰੰਗ ਨੇ ਸ਼ਰਾਬ ਦੇ ਠੇਕੇਦਾਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ 1 ਲੱਖ ਰੁਪਏ ਤੋਂ ਵੱਧ ਦੀ ਨਕਦੀ ਇਧਰ-ਓਧਰ ਲਿਜਾਣ ਸਮੇਂ ਵੀ ਨਕਦੀ ਨੂੰ ਜਾਇਜ ਠਹਿਰਾਉਂਦੇ ਜਰੂਰੀ ਕਾਗਜ਼ਾਤ ਨਾਲ ਲੈ ਕੇ ਚੱਲਣ ਤਾਂ ਜੋ ਕਿਸੇ ਕਿਸਮ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਸ੍ਰ. ਨਾਰੰਗ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਿਰਪੱਖ ਅਤੇ ਅਜ਼ਾਦਾਨਾਂ ਮਾਹੌਲ ਵਿੱਚ ਚੋਣਾਂ ਕਰਵਾਉਣੀ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਮੁੱਖ ਤਰਜੀਹ ਹੈ ਅਤੇ ਸ਼ਰਾਬ ਦੇ ਠੇਕੇਦਾਰ ਵੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇ ਕੇ ਅਜ਼ਾਦ ਚੋਣਾਂ ਕਰਵਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।
ਇਸ ਦੇ ਨਾਲ ਹੀ ਚੋਣ ਅਧਿਕਾਰੀਆਂ ਨੇ ਜ਼ਿਲ੍ਹੇ ਦੀਆਂ ਸਮੂਹ ਪ੍ਰਿਟਿੰਗ ਪ੍ਰੈਸ ਦੇ ਮਾਲਕਾਂ ਨਾਲ ਕੀਤੀ ਇੱਕ ਮੀਟਿੰਗ ਦੌਰਾਨ ਉਹਨਾਂ ਨੂੰ ਕਿਹਾ ਕਿ ਉਹ ਕਿਸੇ ਵੀ ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਦੇ ਜੋ ਵੀ ਇਸ਼ਤਿਹਾਰ ਛਾਪਣ ਉਹਨਾਂ ਦੀ ਗਿਣਤੀ ਅਤੇ ਖਰਚੇ ਦਾ ਵੇਰਵਾ ਨਾਲ ਦੀ ਨਾਲ ਹੀ ਚੋਣ ਦਫਤਰ ਨੂੰ ਭੇਜਣ ਤਾਂ ਜੋ ਇਹ ਖਰਚਾ ਵੀ ਉਮੀਦਵਾਰ ਦੇ ਚੋਣ ਖਰਚੇ ਵਿੱਚ ਸ਼ਾਮਲ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜਿਸ ਵੀ ਪ੍ਰਿਟਿੰਗ ਪ੍ਰੈਸ ਵੱਲੋਂ ਚੋਣਾਂ ਨਾਲ ਸਬੰਧਤ ਜੋ ਵੀ ਸਮੱਗਰੀ ਪ੍ਰਕਾਸ਼ਿਤ ਕੀਤੀ ਜਾਵੇਗੀ ਪ੍ਰਿਟਿੰਗ ਪ੍ਰੈਸ ਵੱਲੋਂ ਉਸਤੇ ਆਪਣੀ ਪ੍ਰੈਸ ਦਾ ਨਾਮ ਅਤੇ ਪਤਾ ਜਰੂਰ ਛਾਪਿਆ ਜਾਵੇ ਅਤੇ ਜੇਕਰ ਕੋਈ ਪ੍ਰਿਟਿੰਗ ਪ੍ਰੈਸ ਅਜਿਹਾ ਨਹੀਂ ਕਰਦੀ ਤਾਂ ਉਸ ਵਿਰੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਵਧੀਕ ਕਮਿਸ਼ਨਰ (ਵਿਕਾਸ) ਸ੍ਰ. ਨਾਰੰਗ ਨੇ ਬੈਂਕ ਅਧਿਕਾਰੀਆਂ ਨਾਲ ਕੀਤੀ ਇਕ ਮੀਟਿੰਗ ਦੌਰਾਨ ਉਹਨਾਂ ਨੂੰ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਚੋਣ ਲੜਣ ਵਾਲੇ ਹਰ ਉਮੀਦਵਾਰ ਲਈ ਬੈਂਕ ਇੱਕ ਚੋਣ ਖਾਤਾ ਖੁਲਵਾਉਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਉਮੀਦਵਾਰਾਂ ਨੂੰ ਖਾਤਾ ਖੁਲਵਾਉਣ ਅਤੇ ਫਿਰ ਉਸ ਵਿੱਚ ਲੈਣ-ਦੇਣ ਕਰਨ ਸਮੇਂ ਕੋਈ ਮੁਸ਼ਕਲ ਦਰਪੇਸ਼ ਨਾ ਆਵੇ ਇਸ ਲਈ ਹਰ ਬੈਂਕ ਉਮੀਦਵਾਰਾਂ ਲਈ ਇੱਕ ਵੱਖਰਾ ਕਾਉਂਟਰ ਸਥਾਪਤ ਕਰੇਗੀ। ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ੍ਰ. ਸੁੱਚਾ ਸਿੰਘ ਨਾਰੰਗ ਨੇ ਵੀ ਹਾਜ਼ਰੀਨ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ।