-ਪਿਛਲੇ ਦੋ ਦਿਨਾਂ ਵਿੱਚ ਉਡਣ ਦਸਤਿਆਂ ਵੱਲੋ ਜਿਲੇ ਵਿੱਚ 90 ਲੱਖ ਰੁਪਏ ਦੀ ਨਕਦੀ ਜਬਤ ਕੀਤੀ ਗਈ :ਰਾਹੁਲ ਤਿਵਾੜੀ
ਲੁਧਿਆਣਾ, 27 ਦਸੰਬਰ : ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ 30 ਜਨਵਰੀ,2012 ਨੂੰ ਹੋਣ ਵਾਲੀਆ ਵਿਧਾਨ ਸਭਾ ਚੋਣਾ ਸਬੰਧੀ ਜਿਲੇ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਨਿਰਪੱਖ, ਪਾਰਦਰਸ਼ੀ, ਅਮਨ ਤੇ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਕੀਤੇ ਗਏ ਵਿਆਪਕ ਪ੍ਰਬੰਧਾਂ ਬਾਰੇ ਜਿਲੇ ਦੇ ਵੋਟਰਾਂ ਨੂੰ ਜਾਣੂ ਕਰਵਾਉਣ ਲਈ ਬੱਚਤ ਭਵਨ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।ਉਹਨਾਂ ਦੱਸਿਆ ਕਿ ਜਿਲੇ ਵਿੱਚ ਹੁਣ ਤੱਕ 20 ਲੱਖ 96 ਹਜ਼ਾਰ 493 ਵੋਟਰਾਂ ਦੇ ਨਾਂ ਦਰਜ਼ ਹਨ ਅਤੇ ਹੁਣ ਨਵੇ ਵੋਟਰਾਂ ਦੀ ਰਜਿਸਟਰੇਸ਼ਨ ਬੰਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ 2 ਜਨਵਰੀ ਨੂੰ ਵੋਟਰ ਸੂਚੀਆਂ ਮੁਹੱਈਆ ਕੀਤੀਆਂ ਜਾਣਗੀਆਂ। ਉਹਨਾਂ ਹੋਰ ਦੱਸਿਆ ਕਿ ਜੇਕਰ ਜਿਲ੍ਹੇ ਦੇ ਕਿਸੇ ਵੀ ਨਾਗਰਿਕ ਨੇ ਅਜੇ ਤੱਕ ਆਪਣੀ ਵੋਟ ਨਹੀ ਬਣਵਾਈ, ਉਹ 2 ਜਨਵਰੀ ਤੋ ਲੈ ਕੇ 4 ਜਨਵਰੀ ਤੱਕ ਸ਼ਾਮ 4 ਵਜੇ ਤੱਕ ਫਾਰਮ ਨੰ: 6 ਭਰਕੇ ਸਬੰਧਤ ਬੂਥ ਲੈਵਲ ਅਫਸਰ, ਰੀਟਰਨਿੰਗ ਅਫਸਰ ਜਾਂ ਤਹਿਸੀਲਦਾਰ ਚੋਣਾਂ ਕੋਲ ਜਮ੍ਹਾਂ ਕਰਵਾ ਸਕਦੇ ਹਨ।
ਜਿਲਾ ਚੋਣ ਅਫਸਰ ਨੇ ਦੱਸਿਆ ਕਿ ਜਿਲੇ ਵਿੱਚ ਕੁੱਲ 2262 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਤੇ ਕਰੀਬ 16,000 ਚੋਣ ਅਮਲਾ ਤਾਇਨਾਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਚੋਣ ਅਮਲੇ ਦੀ 8 ਜਨਵਰੀ ਨੂੰ ਚੋਣ ਪ੍ਰਕਿਰਿਆ ਸਬੰਧੀ ਰੀਹਰਸਲ ਕਰਵਾਈ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਸਾਰੇ ਪੋਲਿੰਗ ਬੂਥਾਂ ਨੂੰ 201 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਬੂਥਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਲੌੜੀਦੇ ਸੁਰੱਖਿਆ ਬਲ ਤਾਇਨਾਤ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਵਿਧਾਨ ਸਭਾ ਚੋਣਾ ਦੀ ਤਰੀਕ ਦੇ ਐਲਾਨ ਨਾਲ ਹੀ 24 ਦਸੰਬਰ ਤੋ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਚੋਣ ਜਾਬਤੇ ਦੀਆਂ ਹਦਾਇਤਾਂ ਦੀ ਕਾਪੀ ਭੇਜੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਵਾਸਤੇ ਜਿਲੇ ਦੇ ਹਰੇਕ ਵਿਧਾਨ ਸਭਾ ਹਲਕੇ ਦੇ ਪੱਧਰ ਤੇ ਵੱਖ-ਵੱਖ ਤਰ੍ਹਾਂ ਦੀਆ 9 ਟੀਮਾਂ ਦਾ ਗਠਿਨ ਕੀਤਾ ਗਿਆ ਹੈ, ਜਿਹਨਾਂ ਵਿੱਚ ਵੀਡਿਓਗ੍ਰਾਫੀ ਟੀਮਾਂ ਰਾਜਨੀਤਿਕ ਪਾਰਟੀਆਂ ਵੱਲੋ ਕੀਤੀਆਂ ਜਾਣ ਵਾਲੀਆਂ ਰੈਲੀਆਂ, ਉਮੀਦਵਾਰਾਂ ਦੀ ਨਾਮਜ਼ਗੀ ਅਤੇ ਹੋਰ ਚੋਣ ਗਤੀਵਿਧੀਆਂ ਦੀ ਵੀਡਿਓਗ੍ਰਾਫੀ ਕਰਨਗੀਆਂ। ਇਸ ਤੋ ਇਲਾਵਾ ਨਗਦੀ, ਸ਼ਰਾਬ, ਅਸਲਾ ਅਤੇ ਹੋਰ ਵਸਤੂਆਂ ਦੀ ਦੁਰਵਰਤੋ ਨੂੰ ਰੋਕਣ ਲਈ ਉਡਣ ਦਸਤੇ ਤਾਇਨਾਤ ਕੀਤੇ ਗਏ ਹਨ।ਉਹਨਾਂ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵੱਲੋ ਗਠਤ ਕੀਤੀਆਂ ਗਈਆਂ 100 ਤੋ ਵੱਧ ਟੀਮਾਂ ਵੱਲੋ 1000 ਤੋ ਵੀ ਵੱਧ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋ ਲਗਾਏ ਗਏ ਪੋਸਟਰ, ਬੈਨਰ ਤੇ ਹੋਰਡਿੰਗ ਉਤਾਰ ਕੇ ਖਰਚਾ ਸਬੰਧਤ ਰਾਜਨੀਤਿਕ ਪਾਰਟੀਆਂ ਦੇ ਖਰਚੇ ਵਿੱਚ ਜਮਾਂ ਕਰਨ ਲਈ ਚੋਣ ਕਮਿਸ਼ਨ ਨੂੰ ਲਿਖਿਆ ਗਿਆ ਹੈ।
ਸ੍ਰੀ ਤਿਵਾੜੀ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋ ਮੀਡੀਆ ਸਰਟੀਫਿਕੇਸ਼ਨ ਮੋਨੀਟਰਿੰਗ ਕਮੇਟੀ ਬਣਾਈ ਗਈ ਹੈ, ਜਿਸ ਦੇ ਏ.ਡੀ.ਸੀ (ਵਿਕਾਸ), ਜਿਲਾ ਲੋਕ ਸੰਪਰਕ ਅਫਸਰ ਅਤੇ ਟਾਈਮਜ਼ ਆਫ ਇੰਡੀਆ ਦਾ ਇੱਕ ਸੀਨੀਅਰ ਪੱਤਰਕਾਰ ਮੈਂਬਰ ਹੋਣਗੇ। ਇਸ ਕਮੇਟੀ ਤੋ ਹਰੇਕ ਰਾਜਨੀਤਿਕ ਪਾਰਟੀ ਲਈ ਕਿਸੇ ਵੀ ਤਰ੍ਹਾਂ ਦੀ ਅਖ਼ਬਾਰ ਜਾਂ ਇਲੈਕਟ੍ਰਾਨਿਕ ਮੀਡੀਆ ਵਿੱਚ ਦਿੱਤੇ ਜਾਣ ਵਾਲੇ ਇਸ਼ਤਿਹਾਰ ਦੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਜੇਕਰ ਕੋਈ ਰਾਜਨੀਤਿਕ ਪਾਰਟੀ ਜਾਂ ਕੋਈ ਉਮੀਦਵਾਰ ਬਿਨਾਂ ਪ੍ਰਵਾਨਗੀ ਤੋ ਅਜਿਹਾ ਕਰੇਗਾ ਤਾਂ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਇਸ਼ਤਿਹਾਰ ਤੇ ਕੀਤੇ ਗਏ ਖਰਚੇ ਨੂੰ ਸਬੰਧਤ ਉਮੀਦਵਾਰ ਦੇ ਖਾਤੇ ਵਿੱਚ ਦਰਜ ਕੀਤਾ ਜਾਵੇਗਾ ਅਤੇ ਚੋਣ ਕਮਿਸ਼ਨ ਨੂੰ ਕਾਨੂੰਨੀ ਕਾਰਵਾਈ ਕਰਨ ਵਾਸਤੇ ਲਿਖਿਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਕੋਈ ਵੀ ਉਮੀਦਵਾਰ ਜੇਕਰ 16 ਲੱਖ ਰੁਪਏ ਤੋ ਵੱਧ ਖਰਚਾ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਚੋਣ ਕਮਿਸ਼ਨ ਨੂੰ ਲਿਖਿਆ ਜਾਵੇਗਾ।ਉਹਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਅਖ਼ਬਾਰ ਜਾਂ ਇਲੈਕਟ੍ਰਾਨਿਕ ਮੀਡੀਆਂ ਵਿੱਚ ਇਕੋ ਹੀ ਉਮੀਦਵਾਰ ਦੇ ਹੱਕ ਵਿੱਚ ਇੱਕ ਪਾਸੜ ਖ਼ਬਰਾਂ ਲਗਾਈਆਂ ਜਾਂਦੀਆਂ ਹਨ ਅਤੇ ਦੂਜੇ ਉਮੀਦਵਾਰਾਂ ਨੂੰ ਅਣਗੋਲਿਆ ਕੀਤਾ ਜਾਂਦਾ ਹੈ ਤਾਂ ਉਹ ਖ਼ਬਰਾਂ ਸ਼ੱਕੀ ਪੇਡ ਨਿਊਜ਼ ਮੰਨ ਕੇ ਸਬੰਧਤ ਉਮੀਦਵਾਰ ਦੇ ਖਰਚੇ ਵਿੱਚ ਦਰਜ ਕੀਤੀਆ ਜਾਣਗੀਆਂ।
ਜਿਲਾ ਚੋਣ ਅਫਸਰ ਨੇ ਦੱਸਿਆ ਕਿ ਜਿਲੇ ਵਿੱਚ ਪਿਛਲੇ 2 ਦਿਨਾਂ ਦੌਰਾਨ ਕਰੀਬ 90 ਲੱਖ ਰੁਪਏ ਦੀ ਨਗਦੀ ਨਾਕਾ ਟੀਮਾਂ ਵੱਲੋ ਜਬਤ ਕਰਕੇ ਆਮਦਨ ਕਰ ਵਿਭਾਗ ਦੇ ਹਵਾਲੇ ਕੀਤੀ ਗਈ ਹੈ ਜੋ ਕਿ ਇਸ ਰਾਸ਼ੀ ਦੀ ਵਿਆਪਕ ਜਾਂਚ ਕਰ ਰਹੀ ਹੈ। ਉਹਨਾਂ ਜਿਲੇ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਇੱਕ ਲੱਖ ਜਾਂ ਉਸ ਤੋ ਵੱਧ ਨਗਦ ਰਾਸ਼ੀ ਲੈ ਕੇ ਚਲਦੇ ਹਨ ਤਾਂ ਉਹਨਾਂ ਕੋਲ ਉਸ ਨਕਦੀ ਦੇ ਲੋੜੀਂਦੇ ਦਸਤਾਵੇਜ਼ ਹੋਣੇ ਲਾਜ਼ਮੀ ਹਨ। ਜੇਕਰ ਕਿਸੇ ਵਿਅਕਤੀ ਕੋਲ ਇਹ ਦਸਤਾਵੇਜ਼ ਨਹੀ ਪਾਏ ਜਾਂਦੇ ਤਾਂ ਉਹ ਰਾਸ਼ੀ ਆਮਦਨ ਕਰ ਵਿਭਾਗ ਜਬਤ ਕਰ ਲਈ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਨਕਦ ਰਾਸ਼ੀ ਲੈ ਕੇ ਜਾਣ ਵਾਲੇ ਵਿਅਕਤੀ ਕੋਲ ਕਿਸੇ ਰਾਜਨੀਤਿਕ ਪਾਰਟੀ ਜਾ ਉਮੀਦਵਾਰ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਬਰਾਮਦ ਹੋਈ ਤਾਂ ਉਸ ਵਿਅਕਤੀ ਵਿਰੁੱਧ ਧਾਰਾ 171 ਐਚ ਅਧੀਨ ਕੇਸ ਦਰਜ ਕੀਤਾ ਜਾਵੇਗਾ ਅਤੇ ਉਸ ਰਕਮ ਨੂੰ ਸਬੰਧਤ ਉਮੀਦਵਾਰ ਦੇ ਖਰਚੇ ਵਿੱਚ ਜੋੜਿਆ ਜਾਵੇਗਾ।
ਸ੍ਰੀ ਤਿਵਾੜੀ ਨੇ ਦੱਸਿਆ ਕਿ ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਤੋ ਕਿਸੇ ਵੀ ਤਰ੍ਹਾਂ ਦੀ ਵਿੱਤੀ ਸਹਾਇਤਾ ਪ੍ਰਾਪਤ ਨਾ ਕਰਨ। ਉਹਨਾਂ ਦੱਸਿਆ ਕਿ ਉਹਨਾਂ ਵੱਲੋ ਜਿਲੇ ਵਿੱਚ ਪੈਦੇ ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਹੈ ਜੇਕਰ ਕੋਈ ਖਾਤਾ ਧਾਰਕ ਇੱਕ ਲੱਖ ਰੁਪਏ ਤੋ ਵੱਧ ਦੀ ਰਾਸ਼ੀ ਕਢਵਾਉਦਾ ਜਾਂ ਜਮ੍ਹਾਂ ਕਰਵਾਉਦਾ ਹੈ ਤਾਂ ਉਸ ਸ਼ੱਕੀ ਵਿਅਕਤੀ ਸਬੰਧੀ ਜਾਣਕਾਰੀ ਜਿਲੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਦੀਪ ਅਗਰਵਾਲ ਨੂੰ ਦਿੱਤੀ ਜਾਵੇ। ਜੇਕਰ ਇਹ ਰਾਸ਼ੀ 10 ਲੱਖ ਰੁਪਏ ਤੋ ਵੱਧ ਹੋਵੇ ਤਾਂ ਇਸ ਸਬੰਧੀ ਆਮਦਨ ਕਰ ਵਿਭਾਗ ਵੱਲੋ ਘੋਖ ਕੀਤੀ ਜਾਵੇਗੀ। ਉਹਨਾਂ ਬੀ.ਐਸ.ਐਨ.ਐਲ ਅਤੇ ਹੋਰ ਸਰਵਿਸ ਪ੍ਰੋਵਾਈਡਰਾਂ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਵੀ ਵਿਅਕਤੀ ਵੱਲੋ ਵੱਡੀ ਪੱਧਰ ਤੇ ਐਸ.ਐਮ.ਐਸ. ਸੇਵਾ ਦੀ ਵਰਤੋ ਕੀਤੀ ਜਾਂਦੀ ਹੈ ਤਾਂ ਉਸ ਬਾਰੇ ਤੁਰੰਤ ਜਾਣੂ ਕਰਵਾਇਆ ਜਾਵੇ ਤਾਂ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਸਕੇ ਕਿ ਉਹ ਸੇਵਾ ਕਿਸੇ ਰਾਜਨੀਤਿਕ ਮੰਤਵ ਲਈ ਤਾਂ ਨਹੀ ਕੀਤੀ ਜਾ ਰਹੀ। ਉਹਨਾਂ ਇਹ ਵੀ ਦੱਸਿਆ ਕਿ ਜਿਲੇ ਵਿੱਚ ਪੈਂਦੀਆਂ ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਛਾਪੀ ਜਾਣ ਵਾਲੀ ਚੋਣ ਸਮੱਗਰੀ ਦੇ ਉਪਰ ਛਾਪਕ ਦਾ ਨਾਂ ਤੇ ਪਤਾ ਤੇ ਟੈਲੀਫੋਨ ਨੰਬਰ ਦਾ ਵੇਰਵਾ ਦੇਣਾ ਲਾਜ਼ਮੀ ਹੋਵੇਗਾ ਅਤੇ ਛਾਪੀ ਜਾਣ ਵਾਲੀ ਸਮੱਗਰੀ ਦਾ ਪੂਰਾ ਵੇਰਵਾ ਜਿਲਾ ਚੋਣ ਅਫਸਰ ਨੂੰ ਭੇਜਣਾ ਲਾਜ਼ਮੀ ਹੋਵੇਗਾ।
ਇਸ ਮੀਟਿੰਗ ਵਿੱਚ ਸ੍ਰੀ ਅਸ਼ੀਸ ਚੌਧਰੀ ਡਿਪਟੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਅਸਲਾ ਧਾਰਕਾਂ ਨੂੰ ਸਬੰਧਤ ਥਾਣਿਆਂ ਤੋ ਅਸਲਾ ਜਮ੍ਹਾਂ ਕਰਵਾਉਣ ਲਈ ਨੋਟਿਸ ਦਿੱਤਾ ਗਿਆ ਹੈ ਉਹ ਅਸਲਾ ਧਾਰਕ ਹਰ ਹਾਲਤ ਵਿੱਚ 5 ਜਨਵਰੀ ਤੋ ਪਹਿਲਾਂ ਆਪਣਾ ਅਸਲਾ ਜਮਾਂ ਕਰਵਾ ਦੇਣ। ਉਹਨਾਂ ਦੱਸਿਆ ਕਿ ਜਿਲੇ ਵਿੱਚ ਅਮਨ ਤੇ ਸ਼ਾਤੀ ਨਾਲ ਵੋਟਾ ਪਵਾਉਣ ਵਾਸਤੇ ਪੈਰਾ ਮਿਲਟਰੀ ਫੋਰਸ ਦੀਆਂ 5 ਕੰਪਨੀਆਂ ਦੀ ਮੰਗ ਕੀਤੀ ਗਈ ਹੈ। ਉਹਨਾਂ ਆਖਿਆ ਕਿ ਲੁਧਿਆਣਾ ਸ਼ਹਿਰ ਦੇ 280 ਬੂਥਾਂ ਨੂੰ ਸੰਵੇਦਨਸ਼ੀਲ ਅਤੇ 80 ਬੂਥਾਂ ਨੂੰ ਅਤਿ ਸੰਵੇਦਨਸ਼ੀਐਲਾਨਿਆ ਗਿਆ ਹੈ।ਇਸ ਮੌਕੇ ਐਸ.ਐਸ.ਪੀ. ਖੰਨਾ ਸ: ਮਨਦੀਪ ਸਿੰਘ ਸਿੱਧੂ, ਐਸ.ਐਸ.ਪੀ. ਦਿਹਾਤੀ (ਜਗਰਾਓ) ਸ੍ਰੀ ਅਮਰ ਸਿੰਘ ਚਾਹਲ, ਸ੍ਰੀ ਸੁਭਾਸ਼ ਸ਼ਰਮਾਂ ਤਹਿਸੀਲਦਾਰ ਚੋਣ ਅਤੇ ਮੈਡਮ ਨਿਲੰਬਰੀ ਜਗਦਲੇ ਏ.ਸੀ.ਪੀ. ਵੀ ਹਾਜ਼ਰ ਸਨ।