ਕਪੂਰਥਲਾ, 27 ਦਸੰਬਰ: ਸ਼੍ਰੀਮਤੀ ਰਜਨੀਸ਼ ਕੌਰ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਕਪੂਰਥਲਾ ਨੇ ਜ਼ਿਲ੍ਹੇ ਅੰਦਰ ਗੈਸ ਦੀ ਸਪਲਾਈ ਅਤੇ ਵੰਡ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਸਬੰਧੀ ਜਾਰੀ ਕੀਤੀ ਗਈ ਪ੍ਰੈਸ ਰਲੀਜ਼ ਰਾਂਹੀ ਦੱਸਿਆ ਹੈ ਕਿ ਜ਼ਰੂਰੀ ਵਸਤਾਂ ਦੇ ਐਕਟ 1955 ਦੀ ਧਾਰਾ ਤਿੰਨ ਅਧੀਨ ਘਰੇਲੂ ਗੈਸ ਦੀ ਵਪਾਰਕ ਵਰਤੋਂ ਕਰਨ ‘ਤੇ ਮੁਕੰਮਲ ਮਨਾਹੀ ਹੈ।
ਉਨ੍ਹਾਂ ਦੱਸਿਆ ਕਿ ਮੈਰਿਜ ਪੈਲਸਾਂ ਅਤੇ ਰਿਜ਼ੋਰਟਾਂ ਵਿੱਚ ਫੰਕਸ਼ਨਾਂ ਦੌਰਾਨ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਮੈਰਿਜ਼ ਪੈਲਸਾਂ ਅਤੇ ਰਿਜ਼ੋਰਟਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਨ੍ਹਾਂ ਥਾਵਾਂ ‘ਤੇ ਘਰੇਲੂ ਗੈਸ ਦੀ ਵਰਤੋਂ ਨੂੰ ਰੋਕਣਾਂ ਯਕੀਨੀ ਬਣਾਉਣ ਅਤੇ ਮੈਰਿਜ਼ ਪੈਲਸਾਂ ਵਿੱਚ ਘਰੇਲੂ ਗੈਸ ਦੇ ਸਿਲੰਡਰ ਦਾਖਲ ਨਾ ਹੋਣ ਦੇਣ।
ਸ਼੍ਰੀਮਤੀ ਰਜਨੀਸ਼ ਕੌਰ ਨੇ ਮੈਰਿਜ਼ ਪੈਲਸਾਂ ਅਤੇ ਰਿਜ਼ੋਰਟਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੇ ਪੈਲਸਾਂ ਵਿੱਚ ਢੁਕਵੀਆਂ ਥਾਵਾਂ ‘ਤੇ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਨਾ ਕਰਨ ਸਬੰਧੀ ਲਿਖਵਾਉਣ।
ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਨੇ ਇਹ ਵੀ ਦੱਸਿਆ ਕਿ ਜ਼ਰੂਰੀ ਵਸਤਾਂ ਦੇ ਐਕਟ 1955 ਦੀ ਧਾਰਾ 7 ਅਧੀਨ ਘਰੇਲੂ ਗੈਸ ਸਿਲੰਡਰ ਦੀ ਵਪਾਰਕ ਵਰਤੋਂ ਕਰਨ ਵਾਲਾ ਵਿਅਕਤੀ ਅਤੇ ਉਸ ਦਾ ਸਹਿਯੋਗੀ ਦੋਵੇਂ ਹੀ ਇਸ ਅਪਰਾਧ ਵਾਸਤੇ ਕੈਦ ਜੁਰਮਾਨੇ ਦੀ ਸਜ਼ਾ ਦੇ ਹੱਕਦਾਰ ਹਨ।