ਅੰਮ੍ਰਿਤਸਰ, 28 ਦਸੰਬਰ:ਖਾਲਸਾ ਕਾਲਜ (ਇਸਤ੍ਰੀਆਂ) ਦੀ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਦਲਜੀਤ ਕੌਰ ਨੇ ਪਾਂਡੀਚਰੀ ਵਿਖੇ ਹੁਣੇ-ਹੁਣੇ ਸਮਾਪਤ ਹੋਈ ਸੀਨੀਅਰ ਨੈਸ਼ਨਲ ਇੰਟਰ-ਜ਼ੋਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ‘ਤੇ ਕਾਲਜ ਅਤੇ ਪੰਜਾਬ ਰਾਜ ਦਾ ਨਾਮ ਰੌਸ਼ਣ ਕੀਤਾ ਹੈ। ਕਾਲਜ ਵਿੱਚ ਪਹੁੰਚਣ ‘ਤੇ ਦਲਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਇਹ ਖੁਸ਼ੀ ਹੈ ਕਿ ਉਸ ਦਾ ਮੁਕਾਬਲਾ ਸੈਮੀਫਾਈਨਲ ਵਿੱਚ ਭਾਰਤ ਦੀ ਮਹਾਨ ਬਾਕਸਰ ਸਰਿਤਾ ਦੇਵੀ ਨਾਲ ਹੋਇਆ, ਜਿਸ ਨੂੰ ਉਹ 18-23 ਦੇ ਫਰਕ ਨਾਲ ਹਰਾਉਣ ਵਿੱਚ ਕਾਮਯਾਬ ਰਹੀ।
ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਦਲਜੀਤ ਨੇ ਇੰਟਰ ਕਾਲਜ ਵਿੱਚ ਕਾਮਯਾਬ ਰਹਿਣ ਤੋਂ ਬਾਅਦ ਸੀਨੀਅਰ ਨੈਸ਼ਨਲ ਵਿੱਚ ਆਪਣਾ ਅਵੱਲ ਦਰਜਾ ਹਾਸਲ ਕੀਤਾ ਹੈ। ਉਨ੍ਹਾਂ ਨੇ ਦਲਜੀਤ ਨੂੰ ਵਧਾਈ ਦਿੰਦਿਆਂ ਉਸ ਦੇ ਕੋਚ ਬਲਜਿੰਦਰ ਸਿੰਘ, ਖੇਡ ਵਿਭਾਗ ਦੇ ਇੰਚਾਰਜ, ਤਜਿੰਦਰ ਕੌਰ ਅਤੇ ਜ਼ਿਲਾ ਖੇਡ ਅਧਿਕਾਰੀ, ਸੁਖਬੀਰ ਕੌਰ ਜੌਹਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਸਦਕਾ ਦਲਜੀਤ ਇੱਕ ਕਾਮਯਾਬ ਬਾਕਸਰ ਵਜੋਂ ਉਭਰ ਰਹੀ ਹੈ।
ਦਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਕਿਹਾ ਕਿ ਉਹ ਜਨਵਰੀ ਵਿੱਚ ਹੋਣ ਵਾਲੀ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਲਈ ਜਾਨਤੋੜ ਮਿਹਨਤ ਕਰ ਰਹੀ ਹੈ ਅਤੇ ਉਸ ਤੋਂ ਬਾਅਦ ਉਹ ਨੈਸ਼ਨਲ ਕੈਂਪਸ, ਜੋ ਕਿ ਭੋਪਾਲ ਵਿਖੇ ਹੋਵੇਗਾ, ਵਾਸਤੇ ਤਿਆਰੀ ਕਰੇਗੀ ਤਾਂ ਕਿ ਉਹ ਬਾਕਸਿੰਗ ਵਿੱਚ ਭਾਰਤ ਦੀ ਨੁਮਾਂਇੰਦਗੀ ਆਉਣ ਵਾਲੀਆਂ ਏਸ਼ੀਅਨ ਅਤੇ ਓਲੰਪਿਕ ਖੇਡਾਂ ਵਿੱਚ ਕਰ ਸਕੇ।