December 28, 2011 admin

ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਵੀ ਬਾਬਾ ਬੰਦਾ ਸਿੰਘ ਬਹਾਦਰ ‘ਤੇ ਅਧਾਰਤ ਨਾਟਕ ‘ਮੈਂ ਤੇਰਾ ਬੰਦਾ’ ਦਾ ਸਫਲ ਮੰਚਨ

*ਵਧੀਕ ਡਿਪਟੀ ਕਮਿਸ਼ਨਰ ਵੱਲੋਂ ਉਦਘਾਟਨ

ਫਤਹਿਗੜ੍ਹ ਸਾਹਿਬ: 27 ਦਸੰਬਰ: ਅੱਜ ਸ਼ਹੀਦੀ ਜੋੜ ਮੇਲ ਦੇ ਦੂਸਰੇ ਦਿਨ ਵੀ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ‘ਤੇ ਅਧਾਰਤ ਨਾਟਕ ‘ਮੈਂ ਤੇਰਾ ਬੰਦਾ’ ਦਾ ਆਮ-ਖਾਸ ਬਾਗ ਸਰਹਿੰਦ ਵਿਖੇ ਸਫਲ ਮੰਚਨ ਕੀਤਾ ਗਿਆ। ਸ਼੍ਰੀਮਤੀ ਨਿਰਮਲ ਰਿਸ਼ੀ ਵੱਲੋਂ ਲਿਖਤ ਅਤੇ ਉਘੇ ਰੰਗਕਰਮੀ ਸ਼੍ਰੀ ਮਨਪਾਲ ਟਿਵਾਣਾ ਵੱਲੋਂ ਨਿਰਦੇਸ਼ਤ ਇਹ ਨਾਟਕ ਜ਼ਿਲ੍ਹਾ ਪ੍ਰਸਾਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਭਿਆਚਾਰ ਸੋਸਾਇਟੀ ਫਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਹਰਪਾਲ ਟਿਵਾਣਾ ਅਕੈਡਮੀ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ। ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਪ੍ਰੀਤਮ ਸਿੰਘ ਨੇ ਇਸ ਨਾਟਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼੍ਰੀ ਕਰਨੈਲ ਸਿੰਘ ਪੰਜੌਲੀ ਅਤੇ ਐਸ.ਡੀ.ਐਮ. ਸ਼੍ਰੀ ਅਰਵਿੰਦਰਪਾਲ ਸਿੰਘ ਸੰਧੂ ਵੀ ਹਾਜ਼ਰ ਸਨ। ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਪਹਿਲਾ ਸਿੱਖ ਰਾਜ ਸਥਾਪਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਗਾਥਾ ਨੂੰ ਦਰਸਾਉਂਦੇ ਇਸ ਨਾਟਕ ਨੂੰ ਸ਼ਹੀਦੀ ਜੋੜ ਮੇਲ ਵਿੱਚ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪੁੱਜੀਆ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਵੇਖਿਆ ਗਿਆ।
         ਇਸ ਨਾਟਕ ਨੂੰ ਸੰਗੀਤ ਉੱਘੇ ਗਜ਼ਲ ਗਾਇਕ ਸਵ: ਸ਼੍ਰੀ ਜਗਜੀਤ ਸਿੰਘ ਵੱਲੋਂ ਦਿੱਤਾ ਗਿਆ ਹੈ ਜਦਕਿ ਲੋਕ ਗਾਇਕ ਦਲੇਰ ਮਹਿੰਦੀ ਅਤੇ ਸੁਖਵਿੰਦਰ ਵੱਲੋਂ ਵੀ ਇਸ ਵਿੱਚ ਗੀਤ ਪੇਸ਼ ਕੀਤੇ ਗਏ ਹਨ।
         ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਬਲਦਾ ਲੈਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਤੋਂ ਲੈ ਕੇ ਸਰਹਿੰਦ-ਫਤਹਿ ਤੱਕ ਦੀਆਂ ਘਟਨਾਵਾਂ ਨੂੰ ਦਰਸਾਉਂਦਾ ਇਹ ਨਾਟਕ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰਨਾਂ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ, ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਵੀ ਸਿੱਖ ਕੌਮ ਦੇ ਵਡਮੁੱਲੇ ਇਤਿਹਾਸ ਤੋਂ ਜਾਣੂ ਹੋਵੇਗੀ। ਐਸ.ਜੀ.ਪੀ.ਸੀ ਮੈਂਬਰ ਸ਼੍ਰੀ ਪੰਜੌਲੀ ਨੇ ਦੇਸ਼ ਅਤੇ ਵਿਦੇਸ਼ਾਂ ਤੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਉਨ੍ਹਾਂ ਦੀ ਹੋਂਦ ਕਦੇ ਵੀ ਕਾਇਮ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ਮਾਤਾ ਗੁਜਰ ਕੌਰ ਜੀ, ਸ਼ਾਹਿਬਜਾਦਿਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ।
         ਇਸ ਮੌਕੇ ਉੱਘੇ ਰੰਗਕਰਮੀ ਸਵ: ਸ਼੍ਰੀ ਹਰਪਾਲ ਟਿਵਾਣਾ ਦੀ ਧਰਮ ਪਤਨੀ ਸ਼੍ਰੀਮਤੀ ਨੀਨਾ ਟਿਵਾਣਾ,  ਐਸ.ਡੀ.ਐਮ. ਫਤਹਿਗੜ੍ਹ ਸਾਹਿਬ ਸ. ਅਰਵਿੰਦਰਪਾਲ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ ਸ਼੍ਰੀ ਹਰਦਿਆਲ ਸਿੰਘ ਚੱਠਾ, ਤਹਿਸੀਲਦਾਰ ਸ਼੍ਰੀ ਰਜਿੰਦਰ ਓਬਰਾਏ, ਨਾਇਬ ਤਹਿਸੀਲਦਾਰ ਸ਼੍ਰੀਮਤੀ ਕਮਲਜੀਤ ਕੌਰ, ਡਿਊਟੀ ਮੈਜਿਸਟਰੇਟ ਸ਼੍ਰੀ ਸਾਧੂ ਸਿੰਘ, ਬੀ.ਡੀ.ਪੀ.ਓ. ਸਰਹਿੰਦ ਸਿੰਘ ਜਤਿੰਦਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Translate »