ਹੁਸ਼ਿਆਰਪੁਰ 14 ਦਸੰਬਰ, 2011: ਭਾਰਤ ਤੇਜ਼ੀ ਨਾਲ ਪੋਲੀਓ ਮੁਕਤੀ ਵੱਲ ਵੱਧ ਰਿਹਾ ਹੈ। ਪਿਛਲੇ 11 ਮਹੀਨਿਆਂ ਦੌਰਾਨ ਇੱਕ ਵੀ ਪੋਲੀਓ ਦਾ ਕੇਸ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਰਿਪੋਰਟ ਨਹੀਂ ਹੋਇਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਯਸ਼ ਮਿਤਰਾ ਸਿਵਲ ਸਰਜਨ ਅਤੇ ਡਾ. ਅਜੈ ਬੱਗਾ ਜਿਲ•ਾ ਟੀਕਾਕਰਣ ਅਫ਼ਸਰ ਨੇ ਦੱਸਿਆ ਕਿ 13 ਜਨਵਰੀ 2011 ਨੂੰ ਪੱਛਮ ਬੰਗਾਲ ਦੇ ਹਾਵੜਾ ਵਿੱਚ ਇੱਕ ਕੇਸ ਰਿਪੋਰਟ ਹੋਣ ਉਪਰੰਤ ਬਾਕੀ ਪੂਰੇ ਸਾਲ ਦੌਰਾਨ ਪੋਲੀਓ ਦਾ ਕੋਈ ਕੇਸ ਦੇਸ਼ ਵਿੱਚ ਸਾਹਮਣੇ ਨਹੀਂ ਆਇਆ ਹੈ। ਉਹਨਾਂ ਦੱਸਿਆ ਕਿ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਅਜੇ ਵੀ ਪੋਲੀਓ ਦੇ ਕੇਸ ਲਗਾਤਾਰ ਰਿਪੋਰਟ ਹੋ ਰਹੇ ਹਨ। ਇਸ ਕਾਰਣ ਭਾਰਤ ਵਿੱਚ ਵੀ ਪੋਲੀਓ ਵਾਇਰਸ ਆਉਣ ਦਾ ਖਤਰਾ ਬਣਿਆ ਹੋਇਆ ਹੈ।
ਡਾ. ਮਿਤਰਾ ਅਤੇ ਡਾ. ਬੱਗਾ ਨੇ ਕਿਹਾ ਕਿ ਪੋਲੀਓ ਅਨੁਮੁਲਨ ਦੇ ਵਾਸਤੇ ਗਠਿਤ ਇੰਡੀਆ ਐਕਸਪਰਟ ਐਡਵਾਈਜ਼ਰੀ ਗਰੁੱਪ ਦੀਆਂ ਸ਼ਿਫਾਰਸ਼ਾਂ ਤੇ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਿਆ ਨੇ ਸਾਲ 2012 ਵਿੱਚ ਪੋਲੀਓ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਅਧੀਨ ਪੋਲੀਓ ਦੇ ਖਾਤਮੇ ਲਈ 15 ਜਨਵਰੀ 2012 ਨੂੰ ਬਿਹਾਰ, ਦਿੱਲੀ, ਗੁਜਰਾਤ, ਹਰਿਆਣਾ, ਝਾਰਖੰਡ, ਮਹਾਂਰਾਸ਼ਟਰਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਵਿੱਚ ਮਾਈਗ੍ਰੇਟਰੀ ਪਾਪੂਲੇਸ਼ਨ ਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਘਰੋਂ ਘਰੀਂ ਜਾ ਕੇ ਪਿਲਾਈਆਂ ਜਾਣਗੀਆਂ।
ਸਿਵਲ ਸਰਜਨ ਅਤੇ ਜਿਲ•ਾ ਟੀਕਾਕਰਣ ਅਧਿਕਾਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਫਰਵਰੀ ਅਤੇ 1 ਅਪ੍ਰੈਲ ਨੂੰ ਸਾਰੇ ਦੇਸ਼ ਵਿੱਚ ਵਿਸ਼ੇਸ਼ ਪੋਲੀਓ ਬੂਥ ਲਗਾਏ ਜਾਣਗੇ। ਇਹਨਾਂ ਬੂਥਾਂ ਤੇ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਟਾਈਵਿਲੈਂਟ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।
ਜਿਲ•ੇ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਵਿਸ਼ੇਸ਼ ਪਲਸ ਪੋਲੀਓ ਮੁਹਿੰਮ 15 ਜਨਵਰੀ, 19 ਫਰਵਰੀ ਅਤੇ 1 ਅਪ੍ਰੈਲ ਵਾਸਤੇ ਲੋੜੀਂਦੇ ਪ੍ਰਬੰਧ ਕੀਤੇ ਜਾਣ। ਇਸ ਵਾਸਤੇ ਸਵੈ ਸੇਵੀ ਜੱਥੇਬੰਦੀਆਂ ਦਾ ਸਹਿਯੋਗ ਲਿਆ ਜਾਵੇ।