ਲੁਧਿਆਣਾ-28-ਦਸੰਬਰ-2011:ਯੂਰੀਆ, ਕੀਟਨਾਸ਼ਕ ਅਤੇ ਨਦੀਨਨਾਸ਼ਕ ਦਵਾਈਆਂ ਦੀ ਅੰਨੇਵਾਹ ਵਰਤੋਂ ਨਾਲ ਪਸ਼ੂਆਂ ਦੇ ਚਾਰੇ ਵਿੱਚ ਨਾਈਟਰੇਟ ਜ਼ਹਿਰਾਂ ਦੀ ਮਾਤਰਾ ਬਹੁਤ ਵੱਧ ਰਹੀ ਹੈ ਜਿਸ ਕਾਰਨ ਪਸ਼ੂ ਅਜਾਈਂ ਹੀ ਮੌਤ ਦਾ ਸ਼ਿਕਾਰ ਹੋ ਰਹੇ ਹਨ। ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪਸ਼ੂ ਬਿਮਾਰੀ ਖੋਜ ਕੇਂਦਰ ਦੇ ਮੁਖੀ ਡਾ.ਐਮ.ਪੀ ਗੁਪਤਾ ਨੇ ਨਾਈਟਰੇਟ ਜ਼ਹਿਰਾਂ ਨਾਲ ਹੋਣ ਵਾਲੇ ਨੁਕਸਾਨ ਸੰਬਧੀ ਦੱਸਦਿਆਂ ਦਿੱਤੀ ।
ਡਾ. ਗੁਪਤਾ ਨੇ ਕਿਹਾ ਕਿ ਜਦੋਂ ਜ਼ਹਿਰਬਾਦ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਨਰੋਏ ਪਸ਼ੂ ਬਹੁਤ ਥੋੜੇ ਸਮੇਂ ਵਿੱਚ ਹੀ ਮਰ ਜਾਂਦੇ ਹਨ ਹਨ ਅਤੇ ਕਿਸਾਨ ਘਬਰਾ ਜਾਂਦੇ ਹਨ। ਜ਼ਹਿਰਬਾਦ ਨਾਲ ਪ੍ਰਭਾਵਿਤ ਪਸ਼ੂ ਨੂੰ ਸਾਹ ਦੀ ਤਕਲੀਫ, ਤਾਪਮਾਨ ਦਾ ਵਧਣਾ ਘਟਣਾ ਅਤੇ ਪੱਠਿਆਂ ਵਿੱਚ ਖਿਚਾਅ ਜਾਂ ਕਾਂਬੇ ਵਰਗੀਆਂ ਸਮੱਸਿਆਂਵਾਂ ਆਉਂਦੀਆਂ ਹਨ। ਇਸ ਕਾਰਣ ਪਸ਼ੂ ਦੇ ਮੂੰਹ ਵਿੱਚੋਂ ਲਾਲਾਂ ਡਿੱਗਣਾ, ਪਸ਼ੂ ਦਾ ਖਾਣਾ ਪੀਣਾ ਛੱਡ ਦੇਣਾ ਅਤੇ ਸੁਸਤ ਹੋ ਜਾਣ ਵਾਲੇ ਲੱਛਣ ਦਿਸਦੇ ਹਨ। ਡਾ. ਗੁਪਤਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਜ਼ਹਿਰਬਾਦ ਦੀ ਬਿਮਾਰੀ ਨਾਲ ਸ਼ਿਕਾਰ ਹੋਏ ਪਸ਼ੂਆਂ ਦੇ ਇਲਾਕਿਆਂ ਦਾ ਦੌਰਾ ਕੀਤਾ ਹੈ। ਮੁੱਖ ਤੌਰ ਤੇ ਇਹੋ ਵੇਖਣ ਵਿੱਚ ਗੱਲ ਆਉਂਦੀ ਹੈ ਕਿ ਜ਼ਿਆਦਾ ਸਰਦੀ ਦੇ ਮੌਸਮ ਵਿੱਚ ਚਾਰਿਆਂ ਦੇ ਪੌਦੇ ਭੂਮੀ ਵਿੱਚੋਂ ਜ਼ਿਆਦਾ ਨਾਈਟਰੋਜਨ ਲੈ ਲੈਂਦੇ ਹਨ ਜੋ ਕਿ ਨਾਈਟਰੇਟ ਜ਼ਹਿਰ ਵਿੱਚ ਤਬਦੀਲ ਹੋ ਜਾਂਦੀ ਹੈ। ਇਸ ਲਈ ਪਸ਼ੂ ਪਾਲਕਾਂ ਨੂੰ ਇਹ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਹਰੇ ਚਾਰਿਆਂ ਨੂੰ ਤੂੜੀ ਨਾਲ ਮਿਲਾ ਕੇ ਹੀ ਪਸ਼ੂਆਂ ਨੂੰ ਪਾਇਆ ਜਾਏ ਅਤੇ ਨਾਈਟਰੇਟ ਜਾਂਚ ਵਾਸਤੇ ਮਿੱਟੀ ਦੀ ਕਿਸੇ ਨੇੜੇ ਦੀ ਪ੍ਰਯੋਗਸ਼ਾਲਾ ਤੋਂ ਪਰਖ ਵੀ ਕਰਵਾ ਲਈ ਜਾਏ। ਫਸਲ ਨੂੰ ਛੇਤੀ ਵਧਾਉਣ ਲਈ ਯੂਰੀਆ ਦੀ ਅਸੰਜਮੀ ਤਰੀਕੇ ਨਾਲ ਵਰਤੋਂ ਪਸ਼ੂਆਂ ਦੀ ਮੌਤ ਦਾ ਕਾਰਣ ਬਣ ਜਾਂਦੀ ਹੈ।
ਨਾਈਟਰੇਟ ਸਾਰੇ ਹਰੇ ਪੱਠਿਆਂ ਦਾ ਇਕ ਜਰੂਰੀ ਤੱਤ ਹੈ, ਜਦੋਂ ਖੇਤ ਵਿੱਚ ਲੋੜ ਤੋਂ ਵੱਧ ਯੂਰੀਆ ਪਾਇਆ ਜਾਂਦਾ ਹੈ ਜਾਂ ਗੰਦਾ ਸੀਵਰੇਜ਼ ਦਾ ਪਾਣੀ ਖੇਤ ਨੂੰ ਦਿੱਤਾ ਜਾਂਦਾ ਹੈ ਤਾਂ ਇਹ ਤੱਤ ਹਰੇ ਚਾਰੇ ਵਿੱਚ ਭਾਰੀ ਮਾਤਰਾ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੀਟਨਾਸ਼ਕ ਦਵਾਈਆਂ, ਖਰਾਬ ਮੌਸਮ ਜਿਵੇਂ ਕਿ ਲੋੜ ਤੋ ਵੱਧ ਠੰਡ ਅਤੇ ਗਰਮੀ, ਫਸਲ ਨੂੰ ਪਾਣੀ ਨਾ ਲਾਉਣਾ ਵੀ ਨਾਈਟਰੇਟ ਦੀ ਮਾਤਰਾ ਵਧਾਉਂਦਾ ਹੈ।
ਡਾ. ਗੁਪਤਾ ਨੇ ਕਿਹਾ ਕਿ ਗਾਵਾਂ, ਮੱਝਾਂ ਨੂੰ ਗਲ ਘੋਟੂ ਅਤੇ ਮੁੰਹ ਖੁਰ ਦੀ ਬਿਮਾਰੀ ਤੋਂ ਬਚਾਅ ਦੇ ਟੀਕੇ ਲਵਾ ਲੈਣੇ ਚਾਹੀਦੇ ਹਨ। ਇਹ ਟੀਕੇ ਸਾਲ ਵਿੱਚ ਦੋ ਵਾਰ ਲਵਾਉਣੇ ਬਹੁਤ ਜ਼ਰੂਰੀ ਹਨ ਜੋ ਕਿ ਕਿਸੇ ਨੇੜੇ ਦੇ ਪਸ਼ੂ ਹਸਪਤਾਲ ਜਾਂ ਡਿਸਪੈਂਸਰੀ ਤੋਂ ਲਗਵਾਏ ਜਾ ਸਕਦੇ ਹਨ। ਉਨ•ਾਂ ਭੇਡ ਅਤੇ ਬੱਕਰੀ ਪਾਲਕਾਂ ਨੂੰ ਵੀ ਉਨ•ਾਂ ਦਾ ਗੋਹਾ ਜਾਂਚ ਕਰਾਉਣ ਲਈ ਕਿਹਾ ਜਿਸ ਨਾਲ ਕਿ ਪੇਟ ਦੇ ਵਿੱਚ ਪਰਜੀਵੀਆਂ ਦਾ ਪਤਾ ਲਗ ਸਕੇ ਅਤੇ ਵਕਤ ਨਾਲ ਉਸਦਾ ਇਲਾਜ ਕੀਤਾ ਜਾ ਸਕੇ। ਡਾ. ਗੁਪਤਾ ਨੇ ਚਿੱਚੜਾਂ ਅਤੇ ਜੂੰਆਂ ਤੋਂ ਬਚਾਅ ਦਾ ਇਲਾਜ ਕਰਨ ਵਾਸਤੇ ਵੀ ਮਸ਼ਵਰਾ ਦਿੱਤਾ। ਉਨ•ਾਂ ਕਿਹਾ ਕਿ ਕੋਈ ਚੰਗੀ ਚਿੱਚੜ ਮਾਰ ਦਵਾਈ ਵਰਤ ਕੇ ਆਪਣੇ ਪਸ਼ੂਆਂ ਨੂੰ ਇਸ ਤੋਂ ਸੁਰੱਖਿਅਤ ਕਰਨਾ ਚਾਹੀਦਾ ਹੈ ਅਤੇ ਇਹ ਦਵਾਈ ਬਦਲਦੇ ਰਹਿਣਾ ਚਾਹੀਦਾ ਹੈ ਕਿਉਂਕਿ ਚਿੱਚੜ ਅਤੇ ਜੂੰਆਂ ਦਵਾਈ ਨਾਲ ਲੜਨ ਦੀ ਸਮਰੱਥਾ ਵਿਕਸਿਤ ਕਰ ਲੈਂਦੇ ਹਨ।
ਡਾ. ਗੁਪਤਾ ਨੇ ਕਿਸਾਨ ਭਰਾਵਾਂ ਨੂੰ ਇਹ ਜਰੁਰੀ ਸੁਝਾਅ ਦਿੱਤਾ ਹੈ ਕਿ ਚਾਰੇ ਦੀਆਂ ਫਸਲਾਂ ਵਿੱਚ ਯੂਰੀਆ ਨਾ ਪਾਇਆ ਜਾਵੇ, ਗੰਦਾ ਪਾਣੀ ਖੇਤਾਂ ਵਿੱਚ ਨਾ ਜਾਣ ਦਿੱਤਾ ਜਾਵੇ। ਇਸ ਤੋਂ ਇਲਾਵਾ ਕੀਟਨਾਸ਼ਕਾਂ ਅਤੇ ਨਦੀਨਾਸ਼ਕਾਂ ਦੀ ਚਾਰੇ ਦੀ ਫਸਲ ਤੇ ਬਹੁਤ ਸੰਜਮੀ ਵਰਤੋਂ ਹੀ ਕੀਤੀ ਜਾਵੇ। ਪਸ਼ੂਆਂ ਨੂੰ ਜ਼ਹਿਰਬਾਦ ਦੀ ਕਿਸੇ ਦੁਰਘਟਨਾ ਸਮੇਂ ਇਸ ਵਿਭਾਗ ਦੇ ਫੋਨ ਨੰਬਰ 0161-2414030 ਤੇ ਸੰਪਰਕ ਕੀਤਾ ਜਾ ਸਕਦਾ ਹੈ।