December 28, 2011 admin

ਭਾਰਤ-ਪਾਕਿ ਸਾਂਝ ਖੇਤੀਬਾੜੀ ਵਿਕਾਸ ਲਈ ਬੇਹੱਦ ਜ਼ਰੂਰੀ-ਨਫਜ਼ ਸਈਅਦ

ਲੁਧਿਆਣਾ: 28 ਦਸੰਬਰ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੌਰੇ ਤੇ ਆਏ 17 ਮੈਂਬਰੀ ਪਾਕਿਸਤਾਨੀ ਡੈਲੀਗੇਸ਼ਨ ਦੇ ਮੁਖੀ ਅਤੇ ਯੂ ਐਨ ਡੀ ਪੀ ਪ੍ਰੋਗਰਾਮ ਦੇ ਕੌਮੀ ਪ੍ਰੋਜੈਕਟ ਮੈਨੇਜਰ ਜਨਾਬ ਨਫਜ਼ ਸਈਅਦ ਨੇ ਕਿਹਾ ਹੈ ਕਿ ਭਾਰਤ-ਪਾਕਿ ਸਾਂਝ ਨਾਲ ਦੋਹਾਂ ਦੇਸ਼ਾਂ ਦੇ ਖੇਤੀਬਾੜੀ ਵਿਕਾਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਉਨ•ਾਂ ਆਖਿਆ ਕਿ ਉਨ•ਾਂ ਦੀ ਇਹ ਫੇਰੀ ਗਿਆਨ ਪ੍ਰਾਪਤੀ ਦੀ ਫੇਰੀ ਹੈ। ਜਨਾਬ ਸਈਅਦ ਨੇ ਆਖਿਆ ਕਿ ਪਾਕਿਸਤਾਨ ਵਿੱਚ ਚੱਲ ਰਹੇ ਬਾਇਓ ਸਲਾਈਨ ਪ੍ਰੋਜੈਕਟ ਵਿੱਚ ਸਮਾਜਿਕ ਵਿਕਾਸ ਲਈ ਕਲਰਾਠੀਆਂ ਜ਼ਮੀਨਾਂ ਦਾ ਸੁਧਾਰ ਅਤੇ ਸੇਮ ਮਾਰੇ ਇਲਾਕਿਆਂ ਦਾ ਵਿਕਾਸ ਕਰਨਾ ਸ਼ਾਮਿਲ ਹੈ। ਖੇਤੀਬਾੜੀ ਵਿਕਾਸ ਲਈ ਇਹ ਪ੍ਰੋਜੈਕਟ ਬਹੁਤ ਅਹਿਮ ਹੈ ਅਤੇ ਇਸ ਵਿੱਚ ਕੰਮ ਕਰਦੇ ਮਾਹਿਰ 80 ਹਜ਼ਾਰ ਹੈਕਟੇਅਰ ਰਕਬੇ ਨੂੰ ਸੰਵਾਰਨ ਲਈ ਲੱਗੇ ਹੋਏ ਹਨ ਜਿਸ ਵਿਚੋਂ 67 ਹਜ਼ਾਰ ਹੈਕਟੇਅਰ ਰਕਬਾ ਪਿਛਲੇ ਤਿੰਨ ਸਾਲਾਂ ਵਿੱਚ ਪਾਕਿਸਤਾਨਾਂ ਦੇ ਕਿਸਾਨਾਂ ਦੀ ਮਦਦ ਨਾਲ ਸੁਧਾਰਿਆ ਜਾ ਚੁੱਕਾ ਹੈ। ਜਨਾਬ ਸਈਅਦ ਨੇ ਆਖਿਆ ਕਿ ਪਾਕਿਸਤਾਨ ਵਿੱਚ 2.5 ਮਿਲੀਅਨ ਹੈਕਟੇਅਰ ਰਕਬਾ ਕੱਲਰ ਮਾਰਿਆ ਹੈ ਅਤੇ ਇਸ ਨੂੰ ਤਕਨੀਕੀ ਦਖਲ ਨਾਲ ਹੀ ਫ਼ਸਲ ਯੋਗ ਬਣਾਇਆ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਫੇਰੀ ਦਾ ਮੁੱਖ ਮਨੋਰਥ ਭਾਰਤੀ ਖੇਤੀਬਾੜੀ ਦੇ ਵਿਕਾਸ ਨੂੰ ਅੱਖੀਂ ਵੇਖਣਾ ਹੈ ਅਤੇ ਇਥੋਂ ਦੇ ਵਿਗਿਆਨੀਆਂ ਨਾਲ ਭੂਮੀ, ਪਲਾਂਟ ਬ੍ਰੀਡਿੰਗ ਤੋਂ ਇਲਾਵਾ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰਨਾ ਹੈ। ਇਸ ਵਫਦ ਨੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨਾਲ ਵੀ ਮੁਲਾਕਾਤ ਕੀਤੀ।
ਪਾਕਿਸਤਾਨੋਂ ਆਏ ਵਫਦ ਨਾਲ ਵਿਚਾਰ ਵਟਾਂਦਰਾ ਕਰਦਿਆਂ ਵਾਈਸ ਚਾਂਸਲਰ ਡਾ: ਢਿੱਲੋਂ ਨੇ ਆਖਿਆ ਕਿ ਰਾਵੀ ਤੋਂ ਉਰਵਾਰ ਪਾਰ ਵਸਦੇ ਦੋਹਾਂ ਪੰਜਾਬਾਂ ਵਿੱਚ ਸਭਿਆਚਾਰ ਅਤੇ ਭਾਸ਼ਾ ਦੀ ਸਾਂਝ ਹੈ ਅਤੇ ਦੋਹਾਂ ਦਾ ਸਹਿਯੋਗ ਖੇਤੀਬਾੜੀ ਦੇ ਰੌਸ਼ਨ ਭਵਿੱਖ ਲਈ ਲਾਹੇਵੰਦ ਹੋ ਸਕਦਾ ਹੈ। ਜੇਕਰ ਭਾਰਤੀ ਪੰਜਾਬ ਨੇ ਕਣਕ ਵਿੱਚ ਕਮਾਲ ਕੀਤੀ ਹੈ ਤਾਂ ਪਾਕਿਸਤਾਨੀ ਪੰਜਾਬ ਨੇ ਨਰਮੇ-ਕਪਾਹ ਅਤੇ ਕਿਨੂੰ ਦੀ ਕਾਸ਼ਤ ਵਿੱਚ ਸਿਖ਼ਰਾਂ ਛੋਹੀਆਂ ਹਨ। ਉਨ•ਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਹਿਯੋਗ ਨਾਲ ਸਾਂਝੀਆਂ ਕੁਦਰਤੀ ਆਫਤਾਂ ਦਾ ਵੀ ਟਾਕਰਾ ਕੀਤਾ ਜਾ ਸਕਦਾ ਹੈ ਅਤੇ ਦੋਹਾਂ ਦੇਸ਼ਾਂ ਦੇ ਕਿਸਾਨਾਂ ਦੀ ਆਰਥਿਕ ਦਸ਼ਾ ਸੁਧਾਰੀ ਜਾ ਸਕਦੀ ਹੈ। ਡਾ: ਢਿੱਲੋਂ ਨੇ ਦੋਹਾਂ ਦੇਸ਼ਾਂ ਦੇ ਕਿਸਾਨਾਂ ਵੱਲੋਂ ਆਪੋ ਆਪਣੇ ਮੁਲਕਾਂ ਦੀ ਅਨਾਜ ਸੁਰੱਖਿਆ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ•ਾਂ ਆਖਿਆ ਕਿ ਪੰਜਾਬ ਵਿੱਚ ਵੀ ਲਗਪਗ 7 ਲੱਖ ਹੈਕਟੇਅਰ ਜ਼ਮੀਨ ਕੱਲਰ ਮਾਰੀ ਸੀ ਪਰ ਉਸ ਨੂੰ ਹਿੰਮਤ ਕਰਕੇ 1970 ਵਿੱਚ ਹੀ ਸੁਧਾਰ ਲਿਆ ਗਿਆ ਸੀ। ਉਨ•ਾਂ ਆਖਿਆ ਕਿ ਸਾਂਝੀ ਕਾਰਜ ਨੀਤੀ ਨਾਲ ਅੱਗੇ ਵਧਿਆ ਜਾ ਸਕਦਾ ਹੈ। ਡਾ: ਢਿੱਲੋਂ ਨੇ ਸੁਝਾਅ ਦਿੱਤਾ ਕਿ ਅਟਾਰੀ-ਵਾਹਘਾ ਸਰਹੱਦ ਤੇ ਸਾਂਝਾ ਤਕਨਾਲੋਜੀ ਪ੍ਰਦਰਸ਼ਨੀ  ਯੂਨਿਟ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੋਹਾਂ ਦੇਸ਼ਾਂ ਦੇ ਕਿਸਾਨ ਅਤੇ ਵਿਗਿਆਨੀ ਉਸ ਤੋਂ ਲਾਭ ਉਠਾ ਸਕਣ। ਡਾ: ਢਿੱਲੋਂ ਨੇ ਆਏ ਵਫਦ ਨੂੰ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਭੇਂਟ ਕੀਤੀਆਂ। ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਅਤੇ ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਵੀ ਵਫਦ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ।

Translate »