ਲੁਧਿਆਣਾ : 28 ਦਸੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਘਰੇਲੂ ਪੱਧਰ ਤੇ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਸੰਬੰਧੀ 2 ਜਨਵਰੀ ਤੋਂ 6 ਜਨਵਰੀ ਤਕ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਦੌਰਾਨ ਯੂਨੀਵਰਸਿਟੀ ਵਿਸ਼ਾ ਮਾਹਿਰ ਸਿਖਿਆਰਥੀਆਂ ਨੂੰ ਫ਼ਲਾਂ ਅਤੇ ਸਬਜ਼ੀਆਂ ਦੀ ਸੰਭਾਲ ਦੀ ਮਹੱਤਤਾ ਦਸਣਗੇ ਤੇ ਘਰੇਲੂ ਪੱਧਰ ਤੇ ਸਾਂਭ ਸੰਭਾਲ ਦੇ ਨੁਕਤੇ ਸਾਂਝੇ ਕਰਨਗੇ। ਡਾ: ਗਿੱਲ ਨੇ ਦੱਸਿਆ ਕਿ ਇਸ ਸਿਖਲਾਈ ਵਿੱਚ ਆਂਵਲੇ ਦਾ ਮੁਰੱਬਾ ਅਤੇ ਕੈਂਡੀਜ਼ ਬਣਾਉਣ, ਸ਼ਰਬਤ, ਟਮਾਟਰ ਤੋਂ ਵੱਖ ਵੱਖ ਪਦਾਰਥ ਬਣਾਉਣ ਦੇ ਨਾਲ ਨਾਲ ਅਚਾਰ ਅਤੇ ਚੱਟਣੀਆਂ ਸੰਬੰਧੀ ਜਾਣਕਾਰੀ ਵੀ ਦਿੱਤੀ ਜਾਵੇਗੀ। ਇਸ ਕੋਰਸ ਦੇ ਕੋਆਰਡੀਨੇਟਰ ਡਾ: ਰੁਪਿੰਦਰ ਕੌਰ ਹੋਣਗੇ ਜਦੋਂ ਕਿ ਡਾ: ਪੁਸ਼ਪਿੰਦਰ ਸਿੰਘ ਰਨੌਟ ਤਕਨੀਕੀ ਤਾਲਮੇਲਕਾਰ ਹੋਣਗੇ।