ਅੰਮ੍ਰਿਤਸਰ ੨੯ ਦਸੰਬਰ:- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂੰਹ ‘ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਰਬੰਸ ਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਪੂਰਵਕ ਸੰਗਤਾਂ ਦੇ ਸਹਿਯੋਗ ਨਾਲ ੩੧-੧੨-੨੦੧੧ ਨੂੰ ਮਨਾਇਆ ਜਾਵੇਗਾ।
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ੩੦-੧੨-੨੦੧੧ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਦੁਪਿਹਰ ੧੨.੦੦ ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਉਪਰੰਤ ਰਵਾਨਾ ਹੋਵੇਗਾ। ਨਗਰ ਕੀਰਤਨ ਵਿੱਚ ਸਮੂੰਹ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਟਕਸਾਲਾਂ, ਸਭਾ ਸੁਸਾਇਟੀਆਂ, ਜਥੇਬੰਦੀਆਂ, ਸਕੂਲਾਂ ਕਾਲਜਾਂ ਦੇ ਵਿਦਿਆਰਥੀ, ਵੱਖ-ਵੱਖ ਬੈਂਡ ਪਾਰਟੀਆਂ, ਗਤਕਾ ਪਾਰਟੀਆਂ ਤੇ ਸਮੂੰਹ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸ਼ਾਮਲ ਹੋਣਗੀਆਂ।
ਇਹ ਨਗਰ ਕੀਰਤਨ ਗੁਰੂ ਰਾਮਦਾਸ ਸਰਾਂ ਤੋਂ ਬ੍ਰਹਮ ਬੂਟਾ ਮਾਰਕੀਟ, ਮਾਹਣਾ ਸਿੰਘ ਰੋਡ, ਚੌਂਕ ਘੰਟਾਘਰ, ਬਜ਼ਾਰ ਮਾਈ ਸੇਵਾ, ਦਰਸ਼ਨੀ ਡਿਊੜੀ, ਗੁਰੂ ਬਜ਼ਾਰ, ਚੌਂਕ ਚੁਰੱਸਤੀ ਅਟਾਰੀ, ਬਜ਼ਾਰ ਕਹੀਆਂ ਵਾਲਾ, ਮਜੀਠ ਮੰਡੀ, ਚੌਂਕ ਮੰਨਾਂ ਸਿੰਘ, ਬਜ਼ਾਰ ਮਿਸ਼ਰੀ, ਬਜਾਰ ਪਾਪੜਾਂ, ਆਟਾਮੰਡੀ, ਚੌਂਕ ਛੱਤੀ ਖੂਹੀ, ਬਜ਼ਾਰ ਚਾਵਲ ਮੰਡੀ, ਬਾਜ਼ਾਰ ਕਣਕ ਮੰਡੀ, ਢਾਬ ਵਸਤੀ ਰਾਮ, ਚੌਂਕ ਚਿੰਤਪੁਰਨੀ, ਜੌੜਾ ਪਿੱਪਲ, ਚੌਂਕ ਚਬੂਤਰਾ, ਬਜ਼ਾਰ ਲੋਹਾਰਾਂ, ਚੌਂਕ ਲਛਮਣਸਰ, ਚੌਂਕ ਮੋਨੀ, ਚੌਂਕ ਕਰੋੜੀ, ਚੌਂਕ ਬਾਬਾ ਸਾਹਿਬ ਅਤੇ ਚੌਂਕ ਪ੍ਰਾਗਦਾਸ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਮੰਜੀ ਸਾਹਿਬ ਵਿਖੇ ਸੰਪਨ ਹੋਵੇਗਾ।
ਇਸੇ ਤਰਾਂ ਮਿਤੀ ੩੧.੧੨.੨੦੧੧ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਬਾਬਾ ਅਟਲ ਰਾਏ ਜੀ ਵਿਖੇ ਸਵੇਰੇ ੧੦-੦੦ ਵਜੇ ਤੋਂ ਦੁਪਿਹਰ ੧੨.੦੦ ਵਜੇ ਤੀਕ ਸੰਗਤਾਂ ਦੇ ਦਰਸ਼ਨਾਂ ਲਈ ਸੁੰਦਰ ਜਲੌਂ ਸਜਾਏ ਜਾਣਗੇ। ਸ਼ਾਮ ਨੂੰ ਦੀਪ ਮਾਲਾ ਕੀਤੀ ਜਾਵੇਗੀ ਤੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਮਨਮੋਹਕ ਆਤਿਸ਼ਬਾਜੀ ਵੀ ਚਲਾਈ ਜਾਵੇਗੀ।
ਇਸੇ ਦਿਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਾਮ ੭.੦੦ ਵਜੇ ਤੋਂ ਰਾਤ ੯.੦੦ ਵਜੇ ਤੀਕ ਮਹਾਨ ਕੀਰਤਨ ਸਮਾਗਮ ਹੋਵੇਗਾ, ਜਿਸ ਵਿਚ ਪ੍ਰਸਿੱਧ ਰਾਗੀ ਜੱਥੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਰਾਤ ੯.੦੦ ਵਜੇ ਤੋਂ ਕਵੀ ਦਰਬਾਰ ਹੋਵੇਗਾ, ਜਿਸ ਵਿੱਚ ਕਵੀ ਸੱਜਣ ਆਪਣੀਆਂ ਕਵੀਤਾਵਾਂ ਰਾਹੀਂ ਦਸਮੇਸ਼ ਪਿਤਾ ਦੇ ਜੀਵਨ ਸਬੰਧੀ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।
ਸੰਗਤਾਂ ਨੂੰ ਬੇਨਤੀ ਹੈ ਕਿ ਆਉ! ਇਸ ਮਹਾਨ ਨਗਰ ਕੀਰਤਨ ਅਤੇ ਮਿਤੀ ੩੧.੧੨.੨੦੧੧ ਨੂੰ ਹੋਣ ਵਾਲੇ ਧਾਰਮਿਕ ਸਮਾਗਮਾ ਸਮੇਂ ਪ੍ਰੀਵਾਰਾਂ ਸਮੇਤ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰ ਕੇ ਖੁਸ਼ੀਆਂ ਦੇ ਪਾਤਰ ਬਣੀਏ।