ਪਟਿਆਲਾ 29 ਦਸੰਬਰ: ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ, 2012 ਨੂੰ ਹੋ ਰਹੀਆਂ ਚੋਣਾਂ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਚੋਣ ਜ਼ਾਬਤੇ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਪੁਲਿਸ ਦੀ ਵਿਸ਼ੇਸ ਪੁਲਿਸ ਨਾਕਾ ਪਾਰਟੀ ਵੱਲੋਂ ਇੱਕ ਵਿਅੱਕਤੀ ਕੋਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਅਤੇ ਬਿਨਾਂ ਦਸਤਾਵੇਜ਼ੀ ਸਬੂਤਾਂ ਤੋਂ 47.5 ਲੱਖ ਰੁਪਏ ਜ਼ਬਤ ਕੀਤੇ ਗਏ ਹਨ।
ਇਸ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਸਮਾਣਾ ਸਿਟੀ ਪੁਲਿਸ ਵੱਲੋ ਚੀਕਾ ਰੋਡ ‘ਤੇ ਭਵਾਨੀਗੜ੍ਹ ਚੌਕ ਨੇੜੇ ਲਗਾਏ ਗਏ ਨਾਕੇ ਦੌਰਾਨ ਇੱਕ ਸਫ਼ੈਦ ਰੰਗ ਦੀ ਫ਼ਾਰਚੂਨ ਕਾਰ ਨੰਬਰ ਐਚ.ਆਰ-09 ਸੀ-3999 ਜੋ ਕਿ ਚੀਕੇ ਤੋਂ ਪਾਤੜਾਂ ਵੱਲ ਜਾ ਰਹੀ ਸੀ, ਦੀ ਜਦੋਂ ਪੁਲਿਸ ਪਾਰਟੀ ਵੱਲੋਂ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ ਵਿੱਚ ਪਏ ਕਾਲੇ ਰੰਗ ਦੇ ਬੈਗ ਵਿੱਚੋਂ 47.5 ਲੱਖ ਰੁਪਏ ਜ਼ਬਤ ਕੀਤੇ ਗਏ। ਉਹਨਾਂ ਦੱਸਿਆ ਕਿ ਜਦੋਂ ਇਸ ਰਕਮ ਬਾਰੇ ਕਾਰ ਵਿੱਚ ਸਵਾਰ ਵਿਅੱਕਤੀ ਸੁਭਾਸ਼ ਚੰਦ ਪੁੱਤਰ ਨਸੀਬ ਚੰਦ ਵਾਸੀ ਆਰ-3/147, ਹੁੱਡਾ ਕਾਲੋਨੀ ਚੀਕਾ ਜ਼ਿਲਾ ਕੈਥਲ ਪਾਸੋਂ ਜਦੋਂ ਇਸ ਰਕਮ ਸਬੰਧੀ ਪੁੱਛ ਪੜਤਾਲ ਕੀਤੀ ਗਈ ਤਾਂ ਉਹ ਮੌਕੇ ‘ਤੇ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰ ਸਕਿਆ, ਜਿਸ ਕਾਰਣ ਇਹ ਰਕਮ ਜ਼ਬਤ ਕਰਕੇ ਆਮਦਨ ਕਰ ਵਿਭਾਗ ਨੂੰ ਅਗਲੇਰੀ ਕਾਰਵਾਈ ਲਈ ਸੂਚਿਤ ਕਰ ਦਿੱਤਾ ਗਿਆ ਹੈ।