ਪਟਿਆਲਾ: 29 ਦਸੰਬਰ : ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਦੀ ਪ੍ਰਧਾਨਗੀ ਹੇਠ ਅੱਜ ਮਿੰਨੀ ਸਕੱਤਰੇਤ ਵਿਖੇ 26 ਜਨਵਰੀ 2012 ਗਣਤੰਤਰ ਦਿਵਸ ਮਨਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਗਣਤੰਤਰ ਦਿਵਸ ਮਨਾਉਣ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਗਰਗ ਨੇ ਦੱਸਿਆ ਕਿ ਗਣਤੰਤਰ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਟਿਆਲਾ ਦੇ ਵਾਈ.ਪੀ.ਐਸ. ਸਟੇਡੀਅਮ ਵਿਖੇ ਪੂਰੀ ਸ਼ਾਨੋ-ਸ਼ੋਕਤ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਕੌਮੀ ਝੰਡਾ ਲਹਿਰਾਉਣ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੇ ਕਾਲਜ਼ਾਂ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ । ੇ ਉਨ੍ਹਾਂ ਦੱਸਿਆ ਕਿ ਇਸ ਮੌਕ ਪੰਜਾਬ ਪੁਲਿਸ ਦੀਆਂ ਤਿੰਨ ਟੁਕੜੀਆਂ, ਪੰਜਾਬ ਰੇਲਵੇ ਪੁਲਿਸ ਦੀ ਇੱਕ ਟੁਕੜੀ, ਇੰਡੋ-ਤਿੱਬਤ ਬਾਰਡਰ ਪੁਲਿਸ ਦੀ ਇੱਕ ਟੁਕੜੀ, ਪੰਜਾਬ ਹੋਮ ਗਾਰਡ ਦੀ ਇੱਕ ਟੁਕੜੀ, ਸੇਂਟ ਜੋਨਜ ਐਂਬੂਲੈਂਸ ਦੀ ਇੱਕ ਟੁਕੜੀ, ਸਕਾਊਟਸ ਅਤੇ ਗਰਲ ਗਾਈਡ ਦੀ ਇੱਕ-ਇੱਕ ਟੁਕੜੀ, ਐਨ.ਸੀ.ਸੀ. (ਲੜਕੇ) ਇੱਕ ਟੁਕੜੀ ਅਤੇ ਐਨ.ਸੀ.ਸੀ. ਲੜਕੀਆਂ ਦੀ ਇੱਕ ਟੁਕੜੀ ਵੱਲੋਂ ਪਰੇਡ ਅਤੇ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ ।
ਸ਼੍ਰੀ ਗਰਗ ਨੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਗਣਤੰਤਰ ਦਿਵਸ ਸਾਡੇ ਲਈ ਬਹੁਤ ਮਹੱਤਵਪੂਰਨ ਦਿਵਸ ਹੈ ਕਿਉਂਕਿ 26 ਜਨਵਰੀ 1950 ਨੂੰ ਆਜ਼ਾਦ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਵਿੱਚ ਹਰੇਕ ਨਾਗਰਿਕ ਨੂੰ ਬਰਾਬਰਤਾ ਦੇ ਹੱਕ ਦਿੱਤੇ ਗਏ ਸਨ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ । ਉਨ੍ਹਾਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਦਿਵਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ।
ਅੱਜ ਦੀ ਮੀਟਿੰੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਨਿਨਦਿੱਤਾ ਮਿੱਤਰਾ, ਐਸ.ਡੀ.ਐਮ. ਪਟਿਆਲਾ ਸ਼੍ਰੀ ਅਨਿਲ ਗਰਗ, ਐਸ.ਪੀ. (ਸਿਟੀ) ਸ਼੍ਰੀ ਦਲਜੀਤ ਸਿੰਘ ਰਾਣਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰ: ਨਾਜ਼ਰ ਸਿੰਘ, ਸਿਵਲ ਸਰਜਨ ਪਟਿਆਲਾ ਡਾ: ਵੀ.ਐਸ.ਮੋਹੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰ: ਬਲਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀ ਪ੍ਰਮੋਦ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਸ਼੍ਰੀਮਤੀ ਬਲਬੀਰ ਕੌਰ ਗਿੱਲ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਹਰਜੀਤ ਕੌਰ ਅਰਨੇਜਾ, ਜ਼ਿਲ੍ਹਾ ਮੰਡੀ ਅਫਸਰ ਸ਼੍ਰੀ ਗੁਰਭਜਨ ਸਿੰਘ ਔਲਖ, ਬਾਗਬਾਨੀ ਅਫਸਰ ਸ੍ਰ: ਸਵਰਨ ਸਿੰਘ, ਮੁੱਖ ਖੇਤੀ ਬਾੜੀ ਅਫਸਰ ਡਾ: ਰਾਜਿੰਦਰ ਸਿੰਘ ਸੋਹੀ, ਰੈਡ ਕਰਾਸ ਦੇ ਸੰਯੁਕਤ ਸਕੱਤਰ ਸ੍ਰ: ਪ੍ਰਿਤਪਾਲ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।