ਅੰਮ੍ਰਿਤਸਰ ੨੯ ਦਸੰਬਰ:- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਤੀ ੩੧.੧੨.੨੦੧੧ ਨੂੰ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਸਿੱਖ ਜਗਤ ਨੂੰ ਮੁਬਾਰਕਾਂ ਦਿੰਦੇ ਹੋਏ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸੰਸਾਰ ਤੇ ਹੋ ਰਹੇ ਜਬਰ-ਜੁਲਮ, ਅਨਿਆ ਨੂੰ ਠੱਲ ਪਾਉਣ ਲਈ ੧੬੯੯ ਦੀ ਵੈਸਾਖੀ ਵਾਲੇ ਦਿਨ ਦਸਮੇਸ਼ ਪਿਤਾ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਿਆਰਾ ਖਾਲਸਾ ਪੰਥ ਥਾਪਿਆ ਤੇ ਪੰਜ ਪਿਆਰਿਆਂ ਦੇ ਰੂਪ ‘ਚ ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਆਪ ਉਹਨਾਂ ਪਾਸੋਂ ਅੰਮ੍ਰਿਤ ਦੀ ਅਨਮੋਲ ਦਾਤ ਪ੍ਰਾਪਤ ਕੀਤੀ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਂਦਰੀ ਦਫਤਰ ਤੋਂ ਜਾਰੀ ਪ੍ਰੈਸ ਰਲੀਜ਼ ‘ਚ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਵੀ ਅਜਿਹੀ ਮਿਸਾਲ ਨਹੀ ਮਿਲਦੀ ਕਿ ਜਬਰ ਜੁਲਮ ਤੇ ਅਨਿਆ ਨੂੰ ਠੱਲ ਪਾਉਣ ਲਈ ਕਿਸੇ ਹੋਰ ਧਰਮ ਨੇ ਵੱਖਰੇ ਪੰਥ ਦੀ ਸਥਾਪਨਾ ਕੀਤੀ ਹੋਵੇ ਜੋ ਕਿਸੇ ਵੀ ਧਰਮ, ਮੱਜਹਬ ਖਿਲਾਫ ਹੋ ਰਹੇ ਅਨਿਆ ਖਿਲਾਫ ਉਠ ਖੜਾ ਹੋਵੇ।
ਉਹਨਾਂ ਕਿਹਾ ਕਿ ਇਸ ਨਿਆਰੇ ਖਾਲਸਾ ਪੰਥ ਦੀ ਨੀਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਫਿਰ ਆਪਣੇ ਜਿਗਰ ਦੇ ਟੁਕੜੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਲਾਸਾਨੀ ਸ਼ਹਾਦਤਾਂ ਦੇ ਕੇ ਪੱਕਿਆਂ ਕੀਤਾ, ਪ੍ਰੰਤੂ ਹੈਰਾਨੀ ਦੀ ਗੱਲ ਹੈ ਦਸਮੇਸ਼ ਪਿਤਾ ਨੇ ਸਾਡੀ ਖਾਤਰ ਆਪਣਾ ਪ੍ਰੀਵਾਰ ਵਾਰ ਕੇ ਸਾਨੂੰ ਫਖ਼ਰ ਨਾਲ ਜਿਊਣ ਦੇ ਕਾਬਲ ਬਣਾਇਆ ਹੋਵੇ, ਅੱਜ ਅਸੀ ਉਸ ਪਿਤਾ ਨੂੰ ਭੁੱਲ ਕਿ ਆਪਣੀ ਝੂਠੀ ਸ਼ਾਨੋ ਸ਼ੌਕਤ ਦੀ ਖਾਤਰ ਸਿੱਖੀ ਤੋਂ ਦੂਰ ਜਾ ਕੇ ਘੋਰ ਨਿਘਾਰ ਵੱਲ ਵੱਧ ਰਹੇ ਹਾਂ, ਜੋ ਬਹੁਤ ਘਾਤਕ ਹੈ।
ਉਹਨਾਂ ਕਿਹਾ ਕਿ ਸਿੱਖੀ ਭੇਸ ‘ਚ ਕੁਝ ਅੰਦਰੂਨੀ ਤੇ ਬਾਹਰੀ ਤਾਕਤਾਂ ਇਸ ਸ਼ਾਨਾਮੱਤੇ ਇਤਿਹਾਸ ਨੂੰ ਕਮਜੋਰ ਕਰਨ ਦੀ ਤਾਕ ‘ਚ ਹਨ। ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਅੰਦਰੋਂ ਤੇ ਬਾਹਰੋਂ ਸਿੱਖੀ ਤੇ ਹੋ ਰਹੇ ਹਮਲਿਆਂ ਦਾ ਦ੍ਰਿੜਤਾ ਨਾਲ ਟਾਕਰਾ ਕਰਨਾ ਚਾਹੀਦਾ ਹੈ।
ਮੈਂ ਸਮੁੱਚੇ ਸਿੱਖ ਜਗਤ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਹਰ ਪ੍ਰੀਵਾਰ ਆਪ ਅਤੇ ਆਪਣੇ ਬੱਚਿਆਂ ਨੂੰ ਨਸ਼ਿਆ ਤੋਂ ਦੂਰ ਕਰਕੇ ਤੇ ਦਸਮੇਸ਼ ਪਿਤਾ ਜੀ ਵੱਲੋ ਬਖਸ਼ਿਸ਼ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਲੜ ਲੱਗਣ।