ਲੁਧਿਆਣਾ-30-ਦਸੰਬਰ-2011: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਸਾਇੰਸ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਤੋਂ ਤਿੰਨ ਅਹਿਮ ਪ੍ਰੋਜੈਕਟ ਮਿਲੇ ਹਨ। ਇਹ ਪ੍ਰੋਜੈਕਟ ਸਾਇੰਸਦਾਨਾਂ ਨੂੰ ਯੂਨੀਵਰਸਿਟੀਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਆਧਾਰਭੂਤ ਢਾਂਚਾ ਵਿਕਸਿਤ ਕਰਨ ਵਾਸਤੇ (ਐਫ.ਆਈ.ਐਸ.ਟੀ-2011) ਸਕੀਮ ਦੇ ਤਹਿਤ ਦਿੱਤੇ ਗਏ ਹਨ। ਸਕੂਲ ਆਫ ਐਨੀਮਲ ਬਾਇਓਤਕਨਾਲੋਜੀ, ਵੈਟਨਰੀ ਮਾਈਕਰੋਬਾਇਓਲੋਜੀ ਵਿਭਾਗ ਅਤੇ ਵੈਟਨਰੀ ਗਾਇਨਾਕੋਲੋਜੀ ਅਤੇ ਓਬਸਟੈਟ੍ਰਿਕਸ ਨੂੰ ਪਹਿਲਾ ਦਰਜ਼ਾ ਸ਼੍ਰੇਣੀ ਵਿੱਚ ਚੁਣਿਆ ਗਿਆ ਹੈ। ਇਸ ਗਰਾਂਟ ਲਈ ਸਤੰਬਰ 2011 ਨੂੰ ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸਜ਼, ਬੈਂਗਲੋਰ ਵਿਖੇ ਯੋਜਨਾ ਪੇਸ਼ ਕੀਤੀ ਗਈ ਸੀ। ਇਸ ਸਕੀਮ ਅਧੀਨ 35 ਵਿਭਾਗ ਅਤੇ ਸਕੂਲ ਚੁਣੇ ਗਏ ਹਨ ਅਤੇ ਉਸ ਗਰਾਂਟ ਵਿਚੋਂ 8.6 ਪ੍ਰਤੀਸ਼ਤ ਗਰਾਂਟ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਦਿੱਤੀ ਗਈ। ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀਆਂ ਨੂੰ ਮਿਲਣ ਵਾਲੀ ਗਰਾਂਟ ਵਿਚੋਂ 75 ਪ੍ਰਤੀਸ਼ਤ ਗਰਾਂਟ ਇਕੱਲੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਦਿੱਤੀ ਗਈ ਹੈ।ਉਪ-ਕੁਲਪਤੀ ਡਾ. ਵਿਜੇ ਕੁਮਾਰ ਤਨੇਜਾ ਅਤੇ ਨਿਰਦੇਸ਼ਕ ਖੋਜ ਡਾ. ਸਰਨਰਿੰਦਰ ਸਿੰਘ ਰੰਧਾਵਾ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਯੋਜਨਾ ਨਾਲ ਸਬੰਧਤ ਸਕੂਲ ਆਫ ਐਨੀਮਲ ਬਾਇਓਤਕਨਾਲੋਜੀ ਦੇ ਨਿਰਦੇਸ਼ਕ, ਡਾ. ਗੁਰਵਿੰਦਰ ਸਿੰਘ ਬਰ•ਾ, ਮੁਖੀ, ਵੈਟਨਰੀ ਮਾਈਕਰੋਬਾਇਓਲੋਜੀ ਵਿਭਾਗ, ਡਾ ਨਰਿੰਦਰ ਸਿੰਘ ਸ਼ਰਮਾ ਅਤੇ ਮੁਖੀ, ਵੈਟਨਰੀ ਗਾਇਨਾਕੋਲੋਜੀ ਡਾ. ਵੀ ਕੇ ਗੰਡੋਤਰਾ ਨੂੰ ਮੁਬਾਰਕਬਾਦ ਦਿੱਤੀ। ਡਾ. ਰੰਧਾਵਾ ਨੇ ਦੱਸਿਆ ਕਿ ਇਨਾਂ ਤਿੰਨਾਂ ਪ੍ਰੋਜੈਕਟਾਂ ਲਈ 185 ਲੱਖ ਰੁਪਏ ਮਿਲੇ ਹਨ, ਜੋ ਵਧੀਆ ਗੁਣਵੱਤਾ ਦੇ ਉਪਕਰਣ ਖਰੀਦਣ, ਪ੍ਰਯੋਗਸ਼ਲਾਵਾਂ ਦੇ ਨਵੀਨੀਕਰਣ, ਕੰਪਿਊਟਰ, ਨੈੱਟ ਵਰਕਿੰਗ ਅਤੇ ਪੁਸਤਕਾਂ ਦੀ ਖਰੀਦ ਵਾਸਤੇ ਵਰਤੇ ਜਾਣਗੇ।
ਇੱਥੇ ਇਹ ਦੱਸਣਾ ਵਰਨਣਯੋਗ ਹੈ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇਸ਼ ਦੀ ਇਕ ਨਵੀਂ ਵੈਟਨਰੀ ਯੂਨੀਵਰਸਿਟੀ ਹੈ। ਇਸ ਨੇ ਪੰਜ ਸਾਲਾਂ ਵਿਚ ਕਈ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। ਇਸ ਵਿਚ ਕਈ ਨਵੇਂ ਵਿਭਾਗ ਅਤੇ ਕਾਲਜ ਬਣਾਏ ਗਏ ਹਨ। ਇਹ ਯੂਨੀਵਰਸਿਟੀ ਨਵੀਆਂ ਤਕਨੀਕਾਂ ਨਾਲ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਫ਼ਾਇਦਾ ਪਹੁੰਚਾ ਰਹੀ ਹੈ ਅਤੇ ਜਿਸ ਨਾਲ ਪਸ਼ੂ ਪਾਲਣ ਦੇ ਕਿੱਤੇ ਪੰਜਾਬ ਵਿੱਚ ਹੋਰ ਪ੍ਰਫੁਲਿੱਤ ਹੋ ਰਹੇ ਹਨ।