* ਸ਼ਰਾਬ ਦੀ ਨਜ਼ਾਇਜ ਵਰਤੋਂ ਅਤੇ ਸਪਲਾਈ ‘ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਅਧਿਕਾਰੀ ਤਾਇਨਾਤ
* ਸ਼ਾਮ 5:00 ਵਜੇ ਤੋਂ ਬਾਅਦ ਫੈਕਟਰੀ ਵਿੱਚੋਂ ਨਹੀਂ ਹੋ ਸਕੇਗੀ ਸ਼ਰਾਬ ਦੀ ਸਪਲਾਈ
* ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ
ਪਟਿਆਲਾ: 30 ਦਸੰਬਰ :” ਪੰਜਾਬ ਵਿਧਾਨ ਸਭਾ ਲਈ 30 ਜਨਵਰੀ 2012 ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ ਦੀ ਨਜ਼ਾਇਜ ਵਰਤੋਂ ਅਤੇ ਸਪਲਾਈ ਨੂੰ ਰੋਕਣ ਵਾਸਤੇ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੀਆਂ 5 ਸ਼ਰਾਬ ਫੈਕਟਰੀਆਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਅਤੇ ਹਰ ਫੈਕਟਰੀ ਵਿੱਚ ਪੰਜ ਮਾਈਕਰੋ ਆਬਜ਼ਰਬਰਾਂ ਦੀ ਡਿਊਟੀ ਲਗਾਈ ਗਈ ਹੈ ਜੋ ਫੈਕਟਰੀ ਵਿੱਚੋਂ ਬਾਹਰ ਜਾਣ ਵਾਲੀ ਸ਼ਰਾਬ ਦੀ ਸਪਲਾਈ ‘ਤੇ ਤਿੱਖੀ ਨਜ਼ਰ ਰੱਖਣਗੇ ਅਤੇ ਉਸ ਦਾ ਪੂਰਾ ਰਿਕਾਰਡ ਰੱਖਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਚੋਣ ਜ਼ਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਮਾਈਕਰੋ ਆਬਜ਼ਰਬਰਾਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਅਧਿਕਾਰੀ 24 ਘੰਟੇ ਇਹਨਾਂ ਫੈਕਟਰੀਆਂ ਵਿੱਚ ਰੋਟੇਸ਼ਨ ਵਾਈਜ਼ ਡਿਊਟੀ ‘ਤੇ ਰਹਿਣਗੇ ਅਤੇ ਜੇਕਰ ਕਿਸੇ ਵੀ ਫੈਕਟਰੀ ਵਿੱਚੋਂ ਨਜ਼ਾਇਜ਼ ਸ਼ਰਾਬ ਦੀ ਸਪਲਾਈ ਬਾਹਰ ਜਾਂਦੀ ਫੜੀ ਗਈ ਤਾਂ ਉਸ ਫੈਕਟਰੀ ਦੇ ਮਾਲਕ ਦੇ ਨਾਲ-ਨਾਲ ਉਸ ਫੈਕਟਰੀ ਵਿੱਚ ਡਿਊਟੀ ‘ਤੇ ਤਾਇਨਾਤ ਮਾਈਕਰੋ ਆਬਜ਼ਰਬਰਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜਿਹਾ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਜ਼ਾਇਜ਼ ਸ਼ਰਾਬ ਦੀ ਵਰਤੋਂ ਨੂੰ ਨੱਥ ਪਾਉਣ ਲਈ ਕੀਤਾ ਗਿਆ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਮਾਈਕਰੋ ਆਬਜ਼ਰਬਰਾਂ ਨੂੰ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਇਸ ਸਬੰਧੀ ਕੀਤੀ ਗਈ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਸਮੂਹ ਮਾਈਕਰੋ ਆਬਜ਼ਰਬਰਾਂ ਨੂੰ ਹਦਾਇਤ ਕੀਤੀ ਕਿ ਸ਼ਾਮ ਪੰਜ ਵਜੇ ਤੋਂ ਬਾਅਦ ਕਿਸੇ ਵੀ ਸ਼ਰਾਬ ਫੈਕਟਰੀ ਵਿੱਚੋਂ ਸ਼ਰਾਬ ਦੀ ਸਪਲਾਈ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਅਜਿਹਾ ਪਾਇਆ ਗਿਆ ਤਾਂ ਉਸ ਲਈ ਸਬੰਧਤ ਫੈਕਟਰੀ ਦੇ ਮਾਲਕ ਅਤੇ ਡਿਊਟੀ ‘ਤੇ ਤਾਇਨਾਤ ਮਾਈਕਰੋ ਆਬਜ਼ਰਬਰ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਤਾਇਨਾਤ ਮਾਈਕਰੋ ਆਬਜ਼ਰਬਰ ਸ਼ਰਾਬ ਦੀ ਫੈਕਟਰੀ ਵਿੱਚੋਂ ਸਪਲਾਈ ਹੋਣ ਵਾਲੀ ਸ਼ਰਾਬ ਦੀ ਮੁਕੰਮਲ ਰਿਪੋਰਟ ਰੋਜ਼ਾਨਾਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭੇਜਣਗੇ ।
ਅੱਜ ਦੀ ਮੀਟਿੰਗ ਵਿੱਚ ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰ: ਹਰਿੰਦਰ ਸਿੰਘ ਸਰਾਂ, ਐਸ.ਡੀ. ਐਮ. ਰਾਜਪੁਰਾ ਸ਼੍ਰੀ ਜੇ.ਕੇ. ਜੈਨ, ਤਹਿਸੀਲਦਾਰ ਚੋਣ ਸ਼੍ਰੀ ਜਗਰੂਪ ਸਿੰਘ ਭੁੱਲਰ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਮਾਈਕਰੋ ਆਬਜ਼ਰਬਰ ਹਾਜ਼ਰ ਸਨ।