ਪਟਿਆਲਾ 30 ਦਸੰਬਰ: ਡੀ.ਆਈ.ਜੀ. ਪਟਿਆਲਾ ਜੋਨ ਸ੍ਰੀ ਐਲ.ਕੇ ਯਾਦਵ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ, 2012 ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਚੋਣ ਕਮਿਸ਼ਨ ਦੇ ਆਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਜ਼ਿਲੇ ਦੇ ਸਮੂਹ ਅਸਲਾ ਲਾਈਸੈਂਸ ਧਾਰਕਾਂ ਨੂੰ ਪਹਿਲਾਂ ਹੀ ਆਪਣਾ ਅਸਲਾ ਵੱਖ-ਵੱਖ ਗੰਨ ਹਾਊਸਾਂ ਅਤੇ ਸਬੰਧਤ ਥਾਣਿਆਂ ਵਿੱਚ ਜਮਾਂ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਅਨੁਸਾਰ ਲਾਈਸੈਂਸ ਧਾਰਕਾਂ ਵੱਲੋਂ ਆਪਣਾ ਅਸਲਾ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਪਰੰਤੂ ਇਸ ਨੂੰ ਯਕੀਨੀ ਬਨਾਉਣ ਲਈ ਜ਼ਿਲਾ ਪੱਧਰ ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਇਸ ਗੱਲ ਨੂੰ ਕਰਾਸ-ਚੈਕ ਕਰਨਗੀਆਂ ਕਿ ਕੀ ਲਾਈਸੈਂਸ ਧਾਰਕਾਂ ਵੱਲੋ ਆਪਣਾ ਅਸਲਾ ਫ਼ਿਜ਼ੀਕਲ ਤੌਰ ਤੇ ਜਮਾਂ ਕਰਵਾ ਦਿੱਤਾ ਗਿਆ ਹੈ ਜਾਂ ਨਹੀਂ। ਉਹਨਾਂ ਦੱਸਿਆ ਕਿ ਜੇਕਰ ਇਹਨਾਂ ਟੀਮਾਂ ਦੇ ਧਿਆਨ ਵਿੱਚ ਆਇਆ ਕਿ ਅਸਲਾ ਲਾਈਸੈਂਸ ਧਾਰਕ ਵੱਲੋਂ ਆਪਣਾ ਅਸਲਾ ਜਮਾਂ ਨਹੀ ਕਰਵਾਇਆ ਪਰ ਉਸ ਨੂੰ ਬਿਨਾਂ ਅਸਲਾ ਜਮ੍ਹਾਂ ਕਰਵਾਏ ਹੀ ਰਸੀਦ ਜਾਰੀ ਕੀਤੀ ਗਈ ਹੈ, ਤਾਂ ਦੋਸ਼ੀ ਵਿਅੱਕਤੀਆਂ ਖਿਲਾਫ਼ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।