December 30, 2011 admin

ਸੀਨੀਅਰ ਬਾਦਲ ਨੇ ਕੁਦਰਤ ਵਲੋਂ ਦਿੱਤਾ ਮੌਕਾ ਗੰਵਾਇਆ?

-ਜਸਵੰਤ ਸਿੰਘ ‘ਅਜੀਤ’
ਬੀਤੇ ਦਿਨੀਂ ਕੁਝ ਧਾਰਮਕ ਸਿੱਖ ਸ਼ਖਸੀਅਤਾਂ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਲਾਹ ਦਿੱਤੀ ਗਈ ਸੀ ਕਿ ਹੁਣ ਜਦਕਿ ਉਨ੍ਹਾਂ ਨੂੰ ਅਕਾਲ ਤਖ਼ਤ ਤੋਂ ਸਰਵੁਚ ਖਿਤਾਬ ‘ਪੰਥ ਰਤਨ ਫਖਰ-ਏ-ਕੌਮ’ ਨਾਲ ਸਨਮਾਨਤ ਕੀਤਾ ਜਾ ਚੁਕਿਆ ਹੈ ਤਾਂ ਉਨ੍ਹਾਂ ਨੂੰ ਕੋਈ ਵੀ ਚੋਣ ਨਾ ਲੜਨ ਦਾ ਐਲਾਨ ਕਰ, ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ ਅਤੇ ਆਪਣੇ ਤੇ ਅਕਾਲ ਤਖ਼ਤ ਤੋਂ ਮਿਲੇ ਖਿਤਾਬ ਦੇ ਸਨਮਾਨ ਦੀ ਰਖਿਆ ਕਰਨੀ ਚਾਹੀਦੀ ਹੈ। ਪ੍ਰੰਤੂ ਅਜੇ ਉਨ੍ਹਾਂ ਦੀ ਸਲਾਹ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਚੋਣ ਲੜਨ ਦਾ ਐਲਾਨ ਕਰਨ ਦੇ ਨਾਲ ਹੀ ਇਹ ਦਾਅਵਾ ਵੀ ਕਰ ਦਿੱਤਾ ਗਿਆ ਕਿ ਇਸ ਵਾਰ ਅਕਾਲੀ-ਭਾਜਪਾ ਗਠਜੋੜ ਲਈ ਉਨ੍ਹਾਂ ਦੇ ਰਾਜਸੀ ਜੀਵਨ ਦੀ ਸਭ ਤੋਂ ਸ਼ਾਨਦਾਰ ਜਿੱਤ ਯਕੀਨੀ ਹੈ। ਜਦੋਂ ਸ. ਪ੍ਰਕਾਸ਼ ਸਿੱੰਘ ਬਾਦਲ ਵਲੋਂ ਕੀਤੇ ਗਏ ਇਸ ਐਲਾਨ ਅਤੇ ਦਾਅਵੇ ਦੇ ਸੰਬੰਧ ਵਿੱਚ ਉਨ੍ਹਾਂ ਹੀ ਧਾਰਮਕ ਸਿੱਖ ਸ਼ਖਸੀਅਤਾਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਕ ਤਾਂ ਸ. ਬਾਦਲ ਨੇ ਉਨ੍ਹਾਂ ਦੀ ਸਲਾਹ ਨਾ ਮੰਨ, ਸਨਮਾਨ ਸਹਿਤ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਕੁਦਰਤ ਵਲੋਂ ਦਿੱਤੇ ਗਏ ਸੁਨਹਿਰੀ ਮੌਕੇ ਨੂੰ ਗੰਵਾ ਲਿਆ ਹੈ ਅਤੇ ਦੂਸਰਾ ਹੰਕਾਰ ਭਰਿਆ ਦਾਅਵਾ ਕਰ ਕੁਦਰਤ ਨੂੰ ਚੁਨੌਤੀ ਵੀ ਦੇ ਦਿੱਤੀ ਹੈ। ਜੋ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਦੀ ਬਹੁਤ ਵੱਡੀ ਗ਼ਲਤੀ ਹੈ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਕਾਦਰ ਦੀ ਕੁਦਰਤ ਨੂੰ ਸ. ਬਾਦਲ ਦੀ ਰਾਜਨੀਤੀ ਤੋਂ ਸਨਮਾਨ ਸਹਿਤ ਵਿਦਾਇਗੀ ਦੀ ਬਜਾਏ ਕੁਝ ਹੋਰ ਹੀ ਮੰਨਜ਼ੂਰ ਹੈ। ਉਸਦੇ ਅੰਤਿਮ ਫੈਸਲੇ ਦਾ ਇੱੰਤਜ਼ਾਰ ਕਰਨਾ ਹੀ ਚੰਗਾ ਹੋਵੇਗਾ। ਕੋਈ ਵੀ ਭਵਿਖ ਬਾਣੀ ਉਸ ਕਾਦਰ ਦੇ ਮਾਮਲੇ ਵਿੱਚ ਦਖਲ ਦੇਣ ਦੇ ਤੁਲ ਹੋਵੇਗੀ।
ਸੁਖਬੀਰ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡੇ : ਸ. ਪ੍ਰਕਾਸ਼ ਸਿੰਘ ਬਾਦਲ ਨੇ ਦਸਿਆ ਕਿ ਪਾਰਟੀ ਵਲੋਂ ਪੰਜਾਬ ਦੇ ਅਗਲੇ ਮੁਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਵਜੋਂ ਪੇਸ਼ ਕਰ, ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਹੈ, ਜਿਸਨੂੰ ਉਨ੍ਹਾਂ ਖਿੜੇ ਮੱਥੇ ਪ੍ਰਵਾਨ ਕਰ ਲਿਆ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਉਹ 84 ਸਾਲਾਂ ਦੇ ਨਹੀਂ ਆਪਣੇ-ਆਪ ਨੂੰ 48 ਵਰ੍ਹਿਆਂ ਦਾ ਜਵਾਨ ਮਹਿਸੂਸ ਕਰਦੇ ਹਨ ਅਤੇ ਇਸੇ ਉਮਰ ਦੇ ‘ਨੌਜਵਾਨ’ ਵਜੋਂ ਜ਼ਿਮੇਂਦਾਰੀ ਸੰਭਾਲਣ ਦੀ ਸਮਰਥਾ ਵੀ ਰਖਦੇ ਹਨ। ਸ. ਬਾਦਲ ਦੇ ਇਨ੍ਹਾਂ ਕਥਨਾਂ ਬਾਰੇ ਜਦੋਂ ਦਿੱਲੀ ਵਿਚਲੇ ਪੰਜਾਬ ਦੀ ਰਾਜਨੀਤੀ ਦੇ ਮਾਹਿਰਾਂ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ. ਬਾਦਲ ਖੁਸ਼-ਫਹਿਮੀ ਵਿੱਚ ਹਨ ਕਿ ਜੇ ਗਠਜੋੜ ਦੀ ਜਿਤ ਹੁੰਦੀ ਹੈ ਤਾਂ ਉਹੀ ਮੁੱਖ ਮੰਤਰੀ ਵਜੋਂ ਪੰਜਾਬ ਦੀ ਵਾਗਡੋਰ ਸੰਭਲਣਗੇ। ਇਨ੍ਹਾਂ ਰਾਜਸੀ ਮਾਹਿਰਾਂ ਅਨੁਸਾਰ ਸ. ਸੁਖਬੀਰ ਸਿੰਘ ਬਾਦਲ ਇਹ ਸਮਝਦੇ ਹਨ ਕਿ ਜੇ ਉਨ੍ਹਾਂ ਆਪਣੇ ਆਪਨੂੰ ਪਾਰਟੀ ਵਲੋਂ ਅਗਲੇ ਮੁਖ ਮੰਤਰੀ ਵਜੋਂ ਪੇਸ਼ ਕੀਤਾ ਤਾਂ ਗਠਜੋੜ ਦੀ ਜਿਤ ਸੰਭਵ ਨਹੀਂ ਹੋਵੇਗੀ, ਕਿਉਂਕਿ ਪੰਜਾਬੀਆਂ ਦੇ ਦਿਲਾਂ ਵਿੱਚ ਉਨ੍ਹਾਂ ਦੀ ਅਜੇ ਅਜਿਹੀ ਤਸਵੀਰ ਨਹੀਂ ਬਣ ਸਕੀ ਕਿ ਉਹ ਉਨ੍ਹਾਂ ਨੂੰ ਪੂਰਣ ਮੁਖ ਮੰਤਰੀ ਵਜੋਂ ਸਵੀਕਾਰ ਕਰ ਲੈਣ। ਜੇ ਉਨ੍ਹਾਂ ਵਲੋਂ ਆਪਣੇ ਆਪਨੂੰ ਮੁਖ ਮੰਤਰੀ ਵਜੋਂ ਪੇਸ਼ ਕੀਤੇ ਜਾਣ ਤੇ ਗਠਜੋੜ ਦੀ ਹਾਰ ਹੋ ਗਈ ਤਾਂ ਹਾਰ ਦਾ ਠੀਕਰਾ ਉਨ੍ਹਾਂ ਦੇ ਸਿਰ ਭਜੇਗਾ।ਇਸ ਕਰਕੇ ਉਨ੍ਹਾਂ ਆਪ ਪਿਛੇ ਰਹਿ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਗੇ ਲਾਇਆ ਹੈ ਤਾਂ ਜੋ ਜੇ ਗਠਜੋੜ ਦੀ ਹਾਰ ਹੋਵੇ ਤਾਂ ਇਸਦੇ ਲਈ ਸੀਨੀਅਰ ਬਾਦਲ ਹੀ ਜ਼ਿਮੇਂਦਾਰ ਹੋਣ ਤੇ ਜੇ ਜਿਤ ਹੋਵੇ ਤਾਂ ਉਸਦਾ ਸਿਹਰਾ ਉਹ (ਸੁਖਬੀਰ) ਆਪਣੇ ਸਿਰ ਬੰਨ੍ਹ ਲੈਣ ਤੇ… । ਗਲ ਬਦਲਦਿਆਂ ਇਨ੍ਹਾਂ ਮਾਹਿਰਾਂ ਨੇ ਕਿਹਾ ਕਿ ਜੇ ਕਿਸਮਤ ਨਾਲ ਅਗਲੇ ਮੁੱਖ ਮੰਤਰੀ ਦਾ ਅਹੁਦਾ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਦਾ ਹੈ ਤਾਂ ਉਹ ਇਸ ਵਾਰ ਨਾਲੋਂ ਵੱਧ ‘ਸਲੀਪਿੰਗ’ ਮੁੱਖ ਮੰਤਰੀ ਹੋਣਗੇ। 
ਸ. ਪ੍ਰਕਾਸ਼ ਸਿੰਘ ਬਾਦਲ ਦੀ ਚਿਤਾਵਨੀ? : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨੀਂ ਪਤ੍ਰਕਾਰਾਂ ਨਾਲ ਇੱਕ ਮੁਲਾਕਾਤ ਦੌਰਾਨ ਕਿਹਾ ਕਿ ਦਲ-ਬਦਲੁੂਆਂ ਦਾ ਨਾ ਕੋਈ ਧਰਮ ਹੁੰਦਾ ਹੈ ਅਤੇ ਨਾ ਹੀ ਕੋਈ ਸਿਧਾਂਤ। ਨਾ ਹੀ ਉਹ ਕਿਸੇ ਦੇ ਵਫਾਦਾਰ ਹੁੰਦੇ ਹਨ। ਇਨ੍ਹਾਂ ਦੀ ਵਫਾਦਾਰੀ ਕੇਵਲ ਆਪਣੇ ਸੁਆਰਥ ਦੀ ਪੂਰਤੀ ਤਕ ਹੀ ਸੀਮਤ ਹੁੰਦੀ ਹੈ। ਇਸ ਕਾਰਣ ਇਨ੍ਹਾਂ ਪੁਰ ਵਿਸ਼ਵਾਸ ਕਰਨਾ ਜਾਣਦਿਆਂ-ਬੂਝਦਿਆਂ ਹੋਇਆਂ ਆਪਣੇ-ਆਪਨੂੰ ਧੋਖਾ ਦੇਣਾ ਹੋਵੇਗਾ। 
ਸ. ਬਾਦਲ ਦੇ ਇਸ ਬਿਆਨ ਨੂੰ ਲੈਕੇ ਅਕਾਲੀ ਰਾਜਨੀਤੀ ਵਿੱਚ ਇੱਕ ਦਿਲਚਸਪ ਚਰਚਾ ਚਲ ਪਈ ਹੈ। ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਗਲ ਹੈਰਾਨੀ-ਭਰੀ ਹੈ, ਕਿਉਂਕਿ ਇੱਕ ਪਾਸੇ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਦਲ-ਬਦਲੂਆਂ ਦੀ ਵਫਾਦਾਰੀ ਅਤੇ ਈਮਾਨਦਾਰੀ ਪੁਰ ਸੁਆਲੀਆ ਨਿਸ਼ਾਨ ਲਾਂਦੇ ਹੋਏ ਉਨ੍ਹਾਂ ਪੁਰ ਵਿਸ਼ਵਾਸ ਨਾ ਕੀਤੇ ਜਾਣ ਦੀ ਗਲ ਕਰ ਰਹੇ ਹਨ ਅਤੇ ਦੂਜੇ ਪਾਸੇ ਉਹ ਆਪ ਹੀ ਦਲ-ਬਦਲੂਆਂ ਦਾ ਆਪਣੇ ਦਲ ਵਿੱਚ ਸੁਆਗਤ ਕਰਦਿਆਂ, ਨਾ ਕੇਵਲ ਉਨ੍ਹਾਂ ਦੀ ਘਰ ਵਾਪਸੀ ਦਾ ਦਾਅਵਾ ਕਰਦੇ ਹਨ, ਸਗੋਂ ਉਨ੍ਹਾਂ ਨੂੰ ਦਲ ਵਿੱਚ ਸਨਮਾਨਤ ਅਹੁਦੇ ਵੀ ਦਿੰਦੇ ਚਲੇ ਆ ਰਹੇ ਹਨ। ਆਖਰ ਸ. ਬਾਦਲ ਦਾ ਅਜਿਹਾ ਦੋਗਲਾ ਆਚਰਣ ਕਿਉਂ?
ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਇੱਕ ਹੰਢੇ-ਵਰਤੇ ਰਾਜਸੀ ‘ਘਾਘ’ ਹਨ, ਉਨ੍ਹਾਂ ਦੀ ਰਾਜਸੀ ਰਣਨੀਤੀ ਨੂੰ ਸਮਝਣ ਲਈ ਪਿਛੇ ਵਲ ਝਾਂਕਣਾ ਹੋਵੇਗਾ। ਉਨ੍ਹਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਸ ਤੋਂ ਪਹਿਲਾਂ ਅਤੇ ਬਾਅਦ ਜਿਤਨੇ ਵੀ ਅਕਾਲੀ ‘ਦਲ-ਬਦਲੂਆਂ’ ਦੀ ਘਰ-ਵਾਪਸੀ ਕਰਵਾਈ, ਉਨ੍ਹਾਂ ਸਾਰਿਆਂ ਨੂੰ ਦਲ ਵਿੱਚ ਸਨਮਾਨਤ ਅਹੁਦੇ ਦੇ, ਉਹ ਉਨ੍ਹਾਂ ਪਾਸੋਂ ਆਪਣਾ ਗੁਣ-ਗਾਨ ਕਰਵਾ, ਲੋਕਾਂ ਨੂੰ ਇਹ ਸੰਦੇਸ਼ ਦੇਣ ਵਿੱਚ ਸਫਲ ਹੁੰਦੇ ਚਲੇ ਆ ਰਹੇ ਹਨ ਕਿ ਇਹ ਲੋਕੀ ਉਹੀ ਹਨ ਜੋ ਕਲ ਤਕ ਉਨ੍ਹਾਂ ਨੂੰ ਬੁਰਾ-ਭਲਾ ਕਹਿੰਦੇ ਰਹੇ ਹਨ ਅਤੇ ਅਜ ਉਨ੍ਹਾਂ ਦਾ ਗੁਣ-ਗਾਨ ਕਰਨ ਵਿੱਚ ਜ਼ਮੀਨ-ਅਸਮਾਨ ਇੱਕ ਕਰ ਰਹੇ ਹਨ। ਇਸ ਗਲ ਤੋਂ ਇਹ ਨਹੀਂ ਸਮਝਿਆ ਜਾ ਸਕਦਾ ਕਿ ਇਨ੍ਹਾਂ ਲੋਕਾਂ ਦਾ ‘ਦੀਨ-ਈਮਾਨ’ ਕੇਵਲ ਨਿਜ ਸੁਆਰਥ ਹੀ ਹੈ। ਜਦੋਂ ਤਕ ਇਨ੍ਹਾਂ ਦੇ ਸੁਆਰਥ ਦੀ ਪੂਰਤੀ ਨਹੀਂ ਹੁੰਦੀ, ਇਹ ਭਲਾ-ਬੁਰਾ ਕਹਿੰਦੇ ਰਹਿੰਦੇ ਹਨ। ਸੁਅਰਥ ਪੂਰਾ ਹੁੰਦਿਆਂ ਹੀ ਇਨ੍ਹਾਂ ਦੇ ‘ਸੁਰ’ ਬਦਲ ਜਾਂਦੇ ਹਨ ਅਤੇ ਇਹ ਉਸੇ ਦਾ ਗੁਣ-ਗਾਨ ਕਰਨ ਲਗਦੇ ਹਨ, ਜਿਸਨੂੰ ਉਹ ਕਲ ਤਕ ਭਲਾ-ਬੁਰਾ ਕਹਿੰਦੇ ਚਲੇ ਆ ਰਹੇ ਹੁੰਦੇ ਹਨ। ਇਹ ਸੰਦੇਸ਼ ਦਿੰਦਿਆਂ ਹੋਇਆਂ ਉਨ੍ਹਾਂ ਦਾ ਇਹ ਪੁਛਣਾ ਜਾਇਜ਼ ਹੀ ਹੈ ਕਿ ਕੀ ਅਜਿਹੇ ਲੋਕੀ ਕਿਸੀ ਦੇ ਵਫਾਦਾਰ ਹੋ ਸਕਦੇ ਹਨ ਅਤੇ ਕੀ ਇਨ੍ਹਾਂ ਪੁਰ ਵਿਸ਼ਵਾਸ ਕੀਤਾ ਜਾ ਸਕਦਾ ਹੈ?
ਅਜਿਹਾ ਕਹਿਣ ਵਾਲੇ ਹੀ ਹੋਰ ਆਖਦੇ ਹਨ ਕਿ ਸ. ਬਾਦਲ ਦੀ ਚਿਰਾਂ ਤੋਂ ਚਲੀ ਆ ਰਹੀ ਇਸ ਰਣਨੀਤੀ ਤੋਂ ਇਹ ਸਮਝਣਾ ਮੁਸ਼ਕਿਲ ਨਹੀਂ ਕਿ ਉਹ ਪਹਿਲਾਂ ਆਪਣੇ ਵਿਰੋਧ ਵਿੱਚ ਖੜੇ ਵਿਅਕਤੀ ਨੂੰ ਭਲਾ-ਬੁਰਾ ਕਹਿਣ ਦੀ ਖੁਲ੍ਹੀ ਛੂਟ ਦਿਤੀ ਰਖਦੇ ਹਨ। ਜਦੋਂ ਉਹ ਥਕ ਜਾਂਦਾ ਹੈ ਅਤੇ ਉਸ ਕੋਲ ਉਨ੍ਹਾਂ ਵਿਰੁਧ ਕਹਿਣ ਨੂੰ ਕੁਝ ਨਹੀਂ ਰਹਿ ਜਾਂਦਾ ਤਾਂ ਉਹ ਉਸਨੂੰ ਪੁਚਕਾਰ, ਘਰ-ਵਾਪਸੀ ਕਰਵਾਂਦੇ ਅਤੇ ਆਪਣਾ ਗੁਣ-ਗਾਨ ਕਰਨ ਦੀ ਜਿ਼ੰਮੇਂਦਾਰੀ ਸੌਂਪ ਦਿੰਦੇ ਹਨ। ਉਸਦਾ ਜਿਤਨਾ ਇਸਤੇਮਾਲ ਹੋ ਸਕਦਾ ਹੈ ਕਰਦੇ ਹਨ ਅਤੇ ਫਿਰ ਉਸਨੂੰ ਹੀਰੋ ਤੋਂ ਜ਼ੀਰੋ ਬਣਾ ਸੁੱਟ ਦਿੰਦੇ ਹਨ। ਅਜ ਜ. ਗੁਰਚਰਨ ਸਿੰਘ ਟੌਹੜਾ ਗੁੱਟ ਦੇ ਬੰਦੇ ਤੇ ਬੀਰਦਵਿੰਦਰ ਆਦਿ ਕਈ ਹੋਰ ‘ਘਰ ਵਾਪਸ’ ਗਏ ਅਕਾਲੀ ਕਿਥੇ ਹਨ?
ਇਸੇ ਦੌਰਾਨ ਦਿੱਲੀ ਦੀ ਅਕਾਲੀ ਰਾਜਨੀਤੀ ਨਾਲ ਸੰਬੰਧਤ ਚਲੇ ਆ ਰਹੇ ਇੱਕ ਟਕਸਾਲੀ ਅਕਾਲੀ ਮੁੱਖੀ ਨੇ ਕਿਹਾ ਕਿ ਜ. ਮਨਜੀਤ ਸਿੰਘ ਜੀਕੇ ਦੀ ਉਦਾਹਰਣ ਲੈ ਲਉ। ਉਸਨੇ ਸੰਨ 2007 ਵਿੱਚ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਉਨ੍ਹਾਂ ਪੁਰ ਦਿੱਲੀ ਦੇ ਸਿੱਖਾਂ ਦੇ ਹਿਤਾਂ ਦੀ ਆਪਣੇ ਪੰਜਾਬ ਦੇ ਹਿਤਾਂ ਪੁਰ ਬਲੀ ਚੜ੍ਹਾ ਦੇਣ ਤਕ ਦੇ ਦੋਸ਼ ਲਾਏ। ਚੋਣਾਂ ਦੇ ਕੁਝ ਸਮੇਂ ਬਾਅਦ ਹੀ ਸ. ਬਾਦਲ ਨੇ ਉਨ੍ਹਾਂ ਨੂੰ ‘ਲਾਲੀਪਾਪ’ ਵਿਖਾ ਉਨ੍ਹਾਂ ਦੀ ਘਰ-ਵਾਪਸੀ ਕਰਵਾ ਲਈ। ਜ. ਮਨਜੀਤ ਸਿੰਘ ਭੋਲੇਭਾਅ ਸਭ ਕੁਝ ਭੁਲ-ਭੁਲਾ ਉਨ੍ਹਾਂ ਵਲ ਖਿੱਚੇ ਚਲੇ ਗਏ। ਲੰਮਾਂ ਇੰਤਜ਼ਾਰ ਕਰਵਾ ਸ. ਬਾਦਲ ਨੇ ਉਨ੍ਹਾਂ ਨੂੰ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਦੀਆਂ ਜਿ਼ੰਮੇਂਦਾਰੀਆਂ ਤਾਂ ਸੌਂਪ ਦਿਤੀਆਂ, ਪਰ ਦਲ ਦੇ ਪਹਿਲਾਂ ਤੋਂ ਵਫਾਦਾਰ ਚਲੇ ਆ ਰਹੇ ਮੁਖੀਆਂ ਦੀ ਨਕੇਲ ਕਸ ਉਨ੍ਹਾਂ ਨੂੰ ਜ. ਮਨਜੀਤ ਸਿੰਘ ਨੂੰ ਸਹਿਯੋਗ ਦੇਣ ਦੀ ਹਿਦਾਇਤ ਨਹੀਂ ਕੀਤੀ, ਜਿਸਦਾ ਨਤੀਜਾ ਇਹ ਹੁੰਦਾ ਚਲਿਆ ਆ ਰਿਹਾ ਹੈ ਕਿ ਜ. ਮਨਜੀਤ ਸਿੰਘ ਆਪਣੇ ਪਿਤਾ ਜ. ਸੰਤੋਖ ਸਿੰਘ ਦੀਆਂ ਨੀਤੀਆਂ ਪੁਰ ਪਹਿਰਾ ਦੇਣ ਅਤੇ ਉਨ੍ਹਾਂ ਨੂੰ ਅਗੇ ਵਧਾਣ ਦੇ ਕੀਤੇ ਗਏ ਵਾਇਦੇ ਨੂੰ ਪਰਵਾਨ ਚੜ੍ਹਾਉਣ ਦੀ ਬਜਾਏ ਕੇਵਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀ ਦਿੱਲੀ ਗੁਰਦੁਆਰਾ ਕਮੇਟੀ ਦੇ ਸੱਤਾਧਾਰੀ ਦਲ ਦੇ ਮੁਖੀਆਂ, ਸਰਨਾ-ਭਰਾਵਾਂ ਵਿਰੁਧ ਬਿਆਨਬਾਜ਼ੀ ਕਰਨ ਤਕ ਹੀ ਸੀਮਤ ਹੋ ਕੇ ਰਹਿ ਗਏ ਹਨ। ਬਾਦਲ ਅਕਾਲੀ ਦਲ ਦੇ ਦੂਸਰੇ ਪ੍ਰਦੇਸ਼ ਮੁੱਖੀ ਸਰਨਾ-ਭਰਾਵਾਂ ਵਿਰੁਧ ਬਿਆਨ ਜਾਰੀ ਕਰਨ ਦੇ ਸਮੇਂ ਤਾਂ ਉਨ੍ਹਾਂ ਨਾਲ ਖੜੇ ਹੁੰਦੇ ਹਨ, ਪ੍ਰੰਤੂ ਜਦੋਂ ਉਹ ਕਿਸੇ ਸਕਾਰਾਤਮਕ ਨੀਤੀ ਨੂੰ ਲੈ ਕੇ ਕੁਝ ਕਰਨਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਨਾਲ ‘ਪਿਠ’ ਜੋੜ ਲੈਂਦੇ ਹਨ।
ਦਖਣੀ ਦਿੱਲੀ ਵਿੱਚ ਸ਼ਕਤੀ ਪ੍ਰਦਰਸ਼ਨ : ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲੋਂ ਨਾਤਾ ਤੋੜ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋਏ ਸ. ਹਰਮੀਤ ਸਿੰਘ ਕਾਲਕਾ ਨੇ ਬੀਤੇ ਦਿਨੀਂ ਦਖਣੀ ਦਿੱਲੀ ਵਿੱਚ ਇੱਕ ਪੰਥਕ ਕਨਵੈਨਸ਼ਨ ਦੇ ਆਯੋਜਨ ਰਾਹੀਂ ਸ਼ਕਤੀ-ਪ੍ਰਦਰਸ਼ਨ ਕਰ, ਇੱਕ ਪਾਸੇ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੂੰ ਇਹ ਪ੍ਰਭਾਵ ਦੇਣ ਦੀ ਕੌਸ਼ਿਸ਼ ਕੀਤੀ ਕਿ ਆਪਣੇ ਖੇਤ੍ਰ ਦੇ ਸਿੱਖਾਂ ਪੁਰ ਉਨ੍ਹਾਂ ਦੀ ਚੰਗੀ ਪਕੜ ਹੈ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਨੂੰ ਇਹ ਅਹਿਸਾਸ ਕਰਵਾਣਾ ਚਾਹਿਆ ਕਿ ਉਨ੍ਹਾਂ ਨੇ ਉਨ੍ਹਾਂ (ਸ. ਕਾਲਕਾ) ਨੂੰ ਨਜ਼ਰ-ਅੰਦਾਜ਼ ਕਰ ਚੰਗਾ ਨਹੀਂ ਕੀਤਾ।
ਪ੍ਰੰਤੂ ਇਸ ਆਯੋਜਨ ਵਿੱਚ ਪ੍ਰਦੇਸ਼ ਭਾਜਪਾ ਦੇ ਮੁੱਖੀ ਆਰ ਪੀ ਸਿੰਘ, ਵਿਧਾਇਕ ਰਮੇਸ਼ ਵਿਧੂੜੀ, ਪਾਰਸ਼ਦ ਸ਼੍ਰੀਮਤੀ ਨਰੂਲਾ ਆਦਿ ਕਈ ਭਾਜਪਾ ਮੁਖੀਆਂ ਅਤੇ ਵਰਕਰਾਂ ਦੀ ਮੌਜੂਦਗੀ ਨੇ ਉਨ੍ਹਾਂ ਦੀ ਇਸ ਸਫਲਤਾ ਪੁਰ ਗ੍ਰਹਿਣ ਲਾ ਸਿੱਖਾਂ ਨੂੰ ਇਹ ਸੰਦੇਸ਼ ਦੇ ਦਿਤਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਧਾਰਮਕ ਸਿੱਖ ਸੰਸਥਾ, ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਉਂਦੀਆਂ ਚੋਣਾਂ ਭਾਜਪਾ ਦੀ ਅਗਵਾਈ ਵਿੱਚ ਲੜਨ ਜਾ ਰਿਹਾ ਹੈ। ਜਿਸ ਨਾਲ ਇਹ ਸ਼ੰਕਾ ਪੈਦਾ ਹੋਣੀ ਸੁਭਾਵਕ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦਾ ਭਗਵਾਕਰਣ ਕਰ ਪੰਜਾਬ ਵਿੱਚ ਮਿਲ ਰਹੇ ਭਾਜਪਾ ਦੇ ਸਹਿਯੋਗ ਦਾ ਮੁਲ ਚੁਕਾਣਾ ਚਾਹੁੰਦਾ ਹੈ।
…ਅਤੇ ਅੰਤ ਵਿੱਚ : ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਨਾਲ ਸੰਬੰਧਤ ਇੱਕ ਹੋਰ ਟਕਸਾਲੀ ਅਕਾਲੀ ਨੇ ਦਸਿਆ ਕਿ ਕਾਲਕਾਜੀ ਵਿਖੇ ਹੋਈ ਅਕਾਲੀ ਕਨਵੈਨਸ਼ਨ ਵਿੱਚ ਭਾਜਪਾ ਮੁਖੀਆਂ ਅਤੇ ਵਰਕਰਾਂ ਦੀ ਮੌਜੂਦਗੀ ਵੇਖ-ਸੁਣ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਦਸਿਆ ਜਾ ਚੁਕਿਆ ਹੈ ਕਿ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਲੀਡਰਸ਼ਿਪ ਦੇ ਆਦੇਸ਼ ਤੇ ਅਕਾਲੀ-ਭਾਜਪਾ ਗਠਜੋੜ ਦੇ ਅਧੀਨ ਭਾਜਪਾ ਨਾਲ ਸੰਬੰਧਤ ਸਿੱਖਾਂ ਨੂੰ ਕੁਝ (ਸ਼ਾਇਦ 5 ਜਾਂ 6) ਸੀਟਾਂ ਦੇਣ ਦਾ ਫੈਸਲਾ ਕਰ ਲਿਆ ਗਿਆ ਹੋਇਆ ਹੈ।000
ੰੋਬਲਿੲ : + 91 98 68 91 77 31                                           
 

Translate »