December 30, 2011 admin

ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ 5 ਕਰੋੜ ਰੁਪਏ ਮੁੱਲ ਦੀ 1 ਕਿਲੋ ਹੈਰੋਇਨ ਸਮੇਤ 4 ਕਾਬੂ: ਐਸ.ਐਸ.ਪੀ.

*ਚੋਣਾਂ ਦੌਰਾਨ ਨਸ਼ਿਆਂ ਅਤੇ ਨਜਾਇਜ਼ ਪੈਸੇ ਦੀ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਗਠਨ: ਮਹਾਜਨ
ਫਤਹਿਗੜ੍ਹ ਸਾਹਿਬ: 30 ਦਸੰਬਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਸ਼ਿਆਂ ਅਤੇ ਨਜਾਇਜ਼ ਪੈਸੇ ਦੀ ਵਰਤੋਂ ਨੂੰ ਰੋਕਣ ਲਈ ਸ਼ੁਰੂ ਕੀਤੀ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ 5 ਕਰੋੜ ਰੁਪਏ ਮੁੱਲ ਦੀ 1 ਕਿਲੋ ਹੈਰੋਇਨ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਸ. ਰਣਬੀਰ ਸਿੰਘ ਖੱਟੜਾ ਅਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ ਵੱਲੋਂ ਸੀ.ਆਈ.ਏ. ਸਰਹਿੰਦ ਵਿਖੇ ਕੀਤੇ ਇੱਕ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਚੋਣਾਂ ਦੌਰਾਨ ਨਸ਼ੇ ਅਤੇ ਪੈਸੇ ਵੰਡਣ ਦੀ ਕਾਰਵਾਈ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਛਾਪਾਮਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
         ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਖੱਟੜਾ ਨੇ ਦੱਸਿਆ ਕਿ ਇਸੇ ਕੜੀ ਤਹਿਤ ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਅਤੇ ਮੰਡੀ ਗੋਬਿੰਦਗੜ੍ਹ ਸੀ.ਆਈ.ਏ. ਦੇ ਇੰਚਾਰਜ ਸਬ-ਇੰਸਪੈਕਟਰ ਗੁਰਪਿੰਦਰਪਾਲ ਸਿੰਘ ਵੱਲੋਂ 30 ਦਸੰਬਰ ਨੂੰ ਸਵੇਰੇ ਜੀ.ਟੀ. ਰੋਡ ‘ਤੇ ਫਲੋਟਿੰਗ ਰੈਸਟੋਰੈਂਟ ਅਤੇ ਸਾਹਿਲ ਮੋਟਰਜ਼ ਦੇ ਨੇੜੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਲੁਧਿਆਣਾ ਵੱਲੋਂ ਆ ਰਹੀ ਇੱਕ ਚੈਰੀ ਰੰਗ ਦੀ ਇਨੋਵਾ ਕਾਰ ਨੰਬਰ ਪੀ.ਬੀ.09 ਐਚ-0062 ਜਿਸ ‘ਤੇ ਫਲੈਗ ਰਾਡ ਲੱਗੀ ਹੋਈ ਸੀ, ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਇੰਸਪੈਕਟਰ ਬਰਾੜ ਨੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਦੀ ਮਦਦ ਨਾਲ ਕਾਰ ਨੂੰ ਰੋਕ ਲਿਆ ਜਿਸ ਵਿੱਚ 4 ਮੋਨੇ ਨੌਜਵਾਨ ਸਵਾਰ ਸਨ। ਉਨ੍ਹਾਂ ਦੱÎਸਿਆ ਕਿ ਪੁੱਛਗਿੱਛ ਦੌਰਾਨ ਕਾਰ ਦੇ ਡਰਾਈਵਰ ਨੇ ਆਪਣਾ ਨਾਂ ਬਲਜਿੰਦਰ ਸਿੰਘ ਉਰਫ਼ ਜੰਗੀ ਪੁੱਤਰ ਦਰਸ਼ਨ ਸਿੰਘ ਵਾਸੀ ਖੀਰਾਵਾਲੀ ਜ਼ਿਲ੍ਹਾ ਕਪੂਰਥਲਾ ਅਤੇ ਨਾਲ ਵਾਲੀ ਸੀਟ ‘ਤੇ ਬੈਠੇ ਨੌਜਵਾਨ ਨੇ ਆਪਣਾ ਨਾਂ ਪੁਨੀਤ ਸਿੰਘ ਉਰਫ਼ ਮੋਤੀ ਪੁੱਤਰ ਰਣਜੀਤ ਸਿੰਘ ਵਾਸੀ ਭਗਤਪੁਰਾ ਫਗਵਾੜਾ ਦੱਸਿਆ ਅਤੇ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਨੌਜਵਾਨਾਂ ਨੇ ਆਪਣਾ ਨਾਂ ਰਵੀ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਪ੍ਰੀਤ ਨਗਰ ਫਗਵਾੜਾ ਅਤੇ ਜਤਿੰਦਰ ਸਿੰਘ ਉਰਫ਼ ਜਤਿਨ ਪੁੱਤਰ ਪਰਮਜੀਤ ਸਿੰਘ ਵਾਸੀ ਅਲੌਂਦੀਪੁਰ ਜ਼ਿਲ੍ਹਾ ਕਪੂਰਥਲਾ ਦੱÎਸਿਆ।
         ਸ. ਖੱਟੜਾ ਨੇ ਦੱਸਿਆ ਕਿ ਤਲਾਸ਼ੀ ਲੈਣ ‘ਤੇ ਗੱਡੀ ਦੇ ਡਰਾਈਵਰ ਬਲਜਿੰਦਰ ਸਿੰਘ ਕੋਲੋਂ ਅੱਧਾ ਕਿਲੋ ਹੈਰੋਇਨ ਅਤੇ ਜਤਿੰਦਰ ਸਿੰਘ ਦੇ ਕਬਜ਼ੇ ਵਿੱਚੋਂ ਅੱਧਾ ਕਿਲੋ ਹੈਰੋਇਨ ਅਤੇ .315 ਬੋਰ ਦਾ ਦੇਸੀ ਪਿਸਤੌਲ ਬਰਾਮਦ ਹੋਇਆ। ਸ. ਖੱਟੜਾ ਨੇ ਦੱਸਿਆ ਕਿ ਇਹ ਹੈਰੋਇਨ ਜਿਨ੍ਹਾਂ ਪੈਕਟਾਂ ਵਿੱਚ ਲਪੇਟੀ ਹੋਈ ਸੀ ਉਸ ‘ਤੇ ਉਰਦੂ ਵਿੱਚ ‘ਖ਼ੁਰਸ਼ੀਦ-ਅਲ-ਕਰਸਾਲ ਮਾਰਕਾ’ ਲਿਖਿਆ ਹੋਇਆ ਸੀ ਅਤੇ ਅੰਤਰਰਾਸ਼ਟਰੀ ਮਾਰਕਿਟ ਵਿੱਚ ਇਸ ਹੈਰੋਇਨ ਦੀ ਕੀਮਤ 5 ਕਰੋੜ ਰੁਪਏ ਬਣਦੀ ਹੈ ਅਤੇ ਇਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਇਹ ਹੈਰੋਇਨ ਭਾਰਤ-ਪਾਕਿ ਸਰਹੱਦ ‘ਤੇ ਪੈਂਦੇ ਖੇਮਕਰਨ ਖੇਤਰ ਵਿੱਚੋਂ ਲੈ ਕੇ ਆਏ ਸਨ। ਐਸ.ਐਸ.ਪੀ. ਨੇ ਦੱÎਸਿਆ ਕਿ ਇਹ ਹੈਰੋਇਨ ਗੁਆਂਢੀ ਮੁਲਕ ਪਾਕਿਸਤਾਨ ਤੋਂ ਸਮਗਲ ਹੋ ਕੇ ਆਈ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 4 ਵਿਅਕਤੀਆਂ ਖਿਲਾਫ਼ ਥਾਣਾ ਸਰਹਿੰਦ ਵਿਖੇ ਨਸ਼ਾ ਵਿਰੋਧੀ ਕਾਨੂੰਨ ਦੀ ਧਾਰਾ 22/61/85 ਅਤੇ ਅਸਲਾ ਐਕਟ ਦੀ ਧਾਰਾ 25/54/59 ਤਹਿਤ ਮੁਕੱਦਮਾ ਨੰ: 114 ਦਰਜ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਇਨ੍ਹਾਂ ਤੋਂ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਸ. ਖੱਟੜਾ ਨੇ ਦੱÎਸਿਆ ਕਿ ਇਨ੍ਹਾਂ ਵਿੱਚੋਂ ਫੜੇ ਗਏ ਇੱਕ ਨੌਜਵਾਨ ਪੁਨੀਤ ਸਿੰਘ ਫਗਵਾੜਾ ਦੇ ਜੀ.ਐਨ. ਕਾਲਜ ਦਾ ਬੀ.ਕਾਮ ਦਾ ਵਿਦਿਆਰਥੀ ਹੈ।
         ਇਸ ਮੌਕੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀ ਮਹਾਜਨ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ ਨਜਾਇਜ਼ ਪੈਸਾ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਛਾਪਾਮਾਰੀ ਦੇ ਆਦੇਸ਼ ਦਿੱਤੇ ਹਨ ਇਸੇ ਕੜੀ ਤਹਿਤ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ 8 ਸਰਵਾਇਲੈਂਸ ਟੀਮਾਂ, ਵੀਡੀਓ ਸਰਵਾਇਲੈਂਸ ਟੀਮਾਂ ਅਤੇ 3 ਫਲਾਇੰਗ ਸੁਕਵਾਇਡ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ 1 ਲੱਖ ਰੁਪਏ ਜਾਂ ਉਸਤੋਂ ਵੱਧ ਕੈਸ਼ ਆਪਣੇ ਨਾਲ ਲੈ ਕੇ ਚਲਦੇ ਹਨ ਤਾਂ ਉਸ ਸਬੰਧੀ ਪੂਰੇ ਦਸਤਾਵੇਜ ਆਪਣੇ ਨਾਲ ਰੱਖਣ। ਜ਼ਿਲ੍ਹਾ ਚੋਣ ਅਫਸਰ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇ ਕਿਸੇ ਨੂੰ ਚੋਣਾਂ ਦੌਰਾਨ ਨਜਾਇਜ਼ ਪੈਸਾ, ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵੰਡ ਸਬੰਧੀ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਥਾਪਤ ਕੀਤੇ ਕਾਲ ਸੈਂਟਰ-ਕਮ-ਕੰਪਲੇਂਟ ਸੈਂਟਰ ਦੇ ਟੋਲ ਫਰੀ ਨੰਬਰ 01763-230900 ‘ਤੇ ਤੁਰੰਤ ਸੂਚਨਾ ਦੇਣ। ਅੱਜ ਦੇ ਇਸ ਪੱਤਰਕਾਰ ਸੰਮੇਲਨ ਮੌਕੇ ਐਸ.ਪੀ. (ਡੀ) ਸ. ਗੁਰਪ੍ਰੀਤ ਸਿੰਘ ਅਤੇ ਡੀ.ਐਸ.ਪੀ. (ਡੀ) ਸ. ਜਗਜੀਤ ਸਿੰਘ ਜੱਲ੍ਹਾ, ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਅਤੇ ਸੀ.ਆਈ.ਏ. ਮੰਡੀ ਗੋਬਿੰਦਗੜ੍ਹ ਦੇ ਇੰਚਾਰਜ ਸਬ-ਇੰਸਪੈਕਟਰ ਗੁਰਪਿੰਦਰਪਾਲ ਸਿੰਘ ਵੀ ਹਾਜ਼ਰ ਸਨ।

Translate »