ਸੁਲਤਾਨਪੁਰ ਲੋਧੀ/ਕਪੂਰਥਲਾ, 31 ਦਸੰਬਰ-ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ:) ਦੀ ਅਗਵਾਈ ਹੇਠ ਜ਼ਿਲ•ਾ ਗੱਤਕਾ ਐਸੋਸੀਏਸ਼ਨ ਕਪੂਰਥਲਾ ਵੱਲੋਂ ਸ਼ੁਭ ਕਰਮਨ ਫਾਉਂਡੇਸ਼ਨ (ਰਜ਼ਿ.) ਦੇ ਸਹਿਯੋਗ ਨਾਲ ਦਸ਼ਮ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਨੇੜੇ ਗੁਰਦਵਾਰਾ ਬੇਰ ਸਹਿਬ ਸੁਲਤਾਨਪੁਰ ਲੋਧੀ ਵਿਖੇ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆਂ ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ:) ਦੇ ਜਨਰਲ ਸਕੱਤਰ ਸ੍ਰੀ ਹਰਜੀਤ ਸਿੰਘ ਗਰੇਵਾਲ ਅਤੇ ਜ਼ਿਲ•ਾ ਗੱਤਕਾ ਐਸੋਸੀਏਸ਼ਨ ਕਪੂਰਥਲਾ ਦੀ ਸਕੱਤਰ ਬੀਬੀ ਗੁਰਵਿੰਦਰ ਕੌਰ ਨੇ ਦੱਸਿਆ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜ਼ਿ:) ਵੱਲੋਂ ਪ੍ਰਵਾਨਿਤ ਨਿਯਮਾਂਵਲੀ ਅਨੁਸਾਰ ਰਵਾਇਤੀ ਬਾਣੇ ਵਿੱਚ ਕਰਵਾਏ ਇੰਨ•ਾਂ ਮੁਕਾਬਲਿਆਂ ਵਿੱਚ ਲੜਕੇ ਤੇ ਲੜਕੀਆਂ ਦੀਆਂ ਸੱਤ ਗੱਤਕਾ ਟੀਮਾਂ ਨੇ ਭਾਗ ਲਿਆ ਅਤੇ ਚੜ•ਦੀ ਕਲਾ ਗੱਤਕਾ ਅਖਾੜਾ ਦੇ ਛੋਟੇ ਬੱਚਿਆਂ ਨੇ ਸ਼ਾਨਦਾਰ ਗੱਤਕਾ ਪ੍ਰਦਰਸ਼ਨੀ ਦਾ ਵਿਖਾਵਾ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਖਿਡਾਰੀਆਂ ਤੇ ਗੱਤਕਾ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਗੱਤਕਾ ਫੈਡਰੇਸ਼ਨ ਦੇ ਵੱਡੇ ਉਦਮਾਂ ਸਦਕਾ ਭਾਰਤ ਦੀ ਇਸ ਪੁਰਾਤਨ ਤੇ ਵਿਰਾਸਤੀ ਖੇਡ ਗੱਤਕਾ ਮਾਰਸ਼ਲ ਆਰਟ ਨੂੰ ਨਗਰ ਕੀਰਤਨਾਂ ਦੇ ਸੀਮਿਤ ਦਾਇਰੇ ਵਿਚੋਂ ਕੱਢ ਕੇ ਰਾਸ਼ਟਰੀ ਪੱਧਰ ਤੇ ਲੈ ਕੇ ਆਉਣਾ ਮਾਣਮੱਤੀ ਪ੍ਰਾਪਤੀ ਹੈ। ਉਹਨਾਂ ਆਪਣੇ ਵੱਲੋਂ ਗੱਤਕੇ ਨੂੰ ਰਾਸ਼ਟਰੀ ਪੱਧਰ ‘ਤੇ ਪਹੁੰਚਾਉਣ ਦੇ ਯਤਨਾਂ ਦੀ ਪੂਰਤੀ ਵਜੋਂ ਗੱਤਕਾ ਐਸੋਸੀਏਸ਼ਨ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਦਿੰਆ ਐਲਾਨ ਕੀਤਾ ਕਿ ੴ ਚੈਰੀਟੇਬਲ ਟ੍ਰੱਸਟ ਸੁਲਤਾਨਪੁਰ ਲੋਧੀ ਵਲੋਂ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਸੀਚੇਵਾਲ ਵਿਖੇ ਰਾਸ਼ਟਰੀ ਪੱਧਰ ਦਾ ੴ ਗੱਤਕਾ ਕੱਪ ਹਰ ਸਾਲ ਆਯੋਜਿਤ ਕੀਤਾ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੰਤ ਬਾਬਾ ਸ੍ਰੀ ਜਗਜੀਤ ਸਿੰਘ ਹਰਖੋਵਾਲ ਨੇ ਕਿਹਾ ਕਿ ਗੱਤਕਾ ਐਸੋਸੀਏਸ਼ਨ ਵਲੋਂ ਇਸ ਤਰਾਂ ਦੇ ਲਾਸਾਨੀ ਖਾਲਸਾਈ ਇਤਿਹਾਸ ਦੀ ਯਾਦ ਦਿਵਾਉਣ ਵਾਲੇ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਆਯੋਜਿਤ ਕਰਨੇ ਬਹੁਤ ਹੀ ਸ਼ਲਾਘਾਯੋਗ ਹਨ। ਉਹਨਾਂ ਆਖਿਆ ਕਿ ਗੱਤਕਾ ਕਲਾ ਆਪਣੇ ਆਪ ਵਿੱਚ ਸੁਰੱਖਿਆ ਦੀ ਪੂਰਨ ਕਲਾ ਹੈ ਇਸ ਲਈ ਇਸ ਕਲਾ ਦੀ ਵਿਸ਼ੇਸ ਸਿਖਲਾਈ ਦਾ ਪ੍ਰਬੰਧ ਪੁਲਿਸ ਫੋਰਸ ਅਤੇ ਫੌਜ ਵਿੱਚ ਕਰਨਾ ਚਾਹੀਦਾ ਹੈ। ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਸੰਗਤਾਂ ਨੂੰ ਗੁਰਪੁਰਬ ਅਤੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਗੱਤਕਾ ਐਸੋਸੀਏਸ਼ਨ ਵੱਲੋਂ ਵਿਰਸੇ ਦੀ ਸੰਭਾਲ ਵਜੋਂ ਆਯੋਜਿਤ ਗੱਤਕਾ ਮਕਾਬਲੇ ਕਰਵਾਉਣ ਦੀ ਸ਼ਲਾਘਾ ਕੀਤੀ ਅਤੇ ਅਤੇ ਕਿਹਾ ਅੱਜ ਗੱਤਕਾ ਖੇਡ ਵਿਦਿਅਕ ਸੰਸਥਾਵਾਂ ਵਿੱਚ ਆਮ ਖੇਡਾਂ ਵਿੱਚ ਸ਼ਾਮਲ ਹੋ ਚੁੱਕੀ ਹੈ ਇਸ ਲਈ ਪੰਜਾਬ ਦੇ ਬੱਚੇ ਵੱਧ ਤੋਂ ਵੱਧ ਇਸ ਖੇਡ ਨੂੰ ਅਪਨਾਉਣ ਤਾਂ ਜੋ ਨੌਜਵਾਨਾਂ ਦੀ ਉਸਾਰੂ ਸ਼ਕਤੀ ਨੂੰ ਸਹੀ ਦਿਸ਼ਾ ਵੱਲ ਲਾਇਆ ਜਾ ਸਕੇ। ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਅਤੇ ਸੰਤ ਗੁਰਦੇਵ ਸਿੰਘ ਬਿਲਗਾ ਡੇਰਾ ਬਾਬਾ ਸ੍ਰੀ ਚੰਦ ਜੀ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਸੁੱਚਾ ਸਿੰਘ ਚੇਅਰਮੈਨ ਜਿਲਾ ਪ੍ਰੀਸ਼ਦ ਕਪੂਰਥਲਾ, ਜਥੇਦਾਰ ਕੁਲਦੀਪ ਸਿੰਘ ਭਾਗੋਰਾਈਆਂ ਚੇਅਰਮੈਨ ਬਲਾਕ ਸੰਮਤੀ ਸੁਲਤਾਨਪੁਰ ਲੋਧੀ, ਬਲਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ, ਸ੍ਰੀ ਸਵਰਨ ਸਿੰਘ ਸੀਨਅਰ ਐਕਸੀਅਨ ਪਾਵਰਕਾਮ ਅਤੇ ਪ੍ਰਧਾਨ ਪ੍ਰਬੰਧਕੀ ਕੌਂਸਲ ਗੁਰੂ ਨਾਨਕ ਖਾਲਸਾ ਕਾਲਜ, ਬਲਦੇਵ ਸਿੰਘ ਖੁਰਦਾਂ ਪੀ.ਏ, ਸ. ਜਰਨੈਲ ਸਿੰਘ ਮੈਨੇਜਰ ਗੁਰਦਵਾਰਾ ਸ੍ਰੀ ਬੇਰ ਸਾਹਿਬ, ਅਵਤਾਰ ਸਿੰਘ ਮੀਰੇ ਸਾਬਕਾ ਚੇਅਰਮੈਨ ਲੈਂਡ ਮਾਰਗੇਜ ਬੈਂਕ, ਜਥੇਦਾਰ ਦਿਆਲ ਸਿੰਘ ਬੂਸੋਵਾਲ, ਗਿਆਨ ਸਿੰਘ ਰਿਟਾ. ਸੁਪਰਡੰਟ, ਸ੍ਰੀ ਦਿਨੇਸ਼ ਧੀਰ ਪ੍ਰਧਾਨ ਨਗਰ ਕੌਂਸਲ ਸੁਲਤਾਨਪੁਰ ਲੋਧੀ ਆਦਿ ਹਾਜ਼ਰ ਸਨ। ਅੱਜ ਹੋਏ ਗੱਤਕਾ ਮੁਕਾਬਲਿਟਾ ਦੇ ਨਤੀਜੇ ਇਸ ਤਰਾਂ ਰਹੇ : ਪਰਦਸ਼ਨੀ ਨਤੀਜੇ ਵਿੱਚ ਜਿਲਾ ਗੱਤਕਾ ਐਸੋਸੀਏਸ਼ਨ ਕਪੂਰਥਲਾ ਪਹਿਲੇ ਸਥਾਨ ‘ਤੇ, ਸਾਹਿਬਜਾਦਾ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਲੋਹੀਆਂ ਖਾਸ ਦੂਜੇ ਨੰਬਰ ‘ਤੇ ਅਤੇ ੴ ਚੈਰੀਟੇਬਲ ਗੱਤਕਾ ਅਖਾੜਾ ਸੀਚੇਵਾਲ ਨੇ ਤੀਜੇ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਰਵਾਏ ਫਰੀ-ਸੋਟੀ ਮੁਕਾਬਲਿਆਂ ਦੌਰਾਨ ਰੁਪਿੰਦਰ ਸਿੰਘ ਜੇਤੂ ਰਿਹਾ ਜਦਕਿ ਜਸਵੀਰ ਸਿੰਘ ਦੂਜੇ ਅਤੇ ਭੁਪਿੰਦਰਪਾਲ ਸਿੰਘ ਤੀਜੇ ਸਥਾਨ ‘ਤੇ ਰਿਹਾ।