December 31, 2011 admin

2 ਤੋਂ 4 ਜਨਵਰੀ ਤੱਕ ਵੋਟਾਂ ਬਣਾ ਸਕਦੇ ਹਨ ਯੋਗ ਵਿਅਕਤੀ-ਕੁਸਮਜੀਤ ਸਿੱਧੂ

ਚੰਡੀਗੜ੍ਹ, 31 ਦਸੰਬਰ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਮੁੱਖ ਚੋਣ ਅਧਿਕਾਰੀ ਪੰਜਾਬ ਕੁਸਮਜੀਤ ਸਿੱਧੂ ਵਲੋਂ ਅੱਜ ਇੱਥੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ, ਕਿ ਉਹ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਲਈ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰਡ ਜ਼ਰੂਰ ਕਰਵਾਉਣ।
       ਉਨ੍ਹਾਂ ਦੱਸਿਆ ਕਿ ਸੂਬੇ ‘ਚ 2 ਜਨਵਰੀ, 2012 ਨੂੰ ਮੁਕੰਮਲ ਵੋਟਰ ਸੂਚੀ ਪ੍ਰਕਾਸ਼ਤ ਹੋਵੇਗੀ,ਜਿਨ੍ਹਾਂ ਯੋਗ ਵਿਅਕਤੀਆਂ ਦੇ ਇਸ ਸੂਚੀ ‘ਚ ਨਾਂ ਸ਼ਾਮਲ ਨਾ ਹੋਣ, ਉਹ ਪ੍ਰਕਾਸ਼ਨਾ ਪਿੱਛੋਂ ਵੀ ਵੋਟਰ ਦੇ ਤੌਰ ‘ਤੇ ਆਪਣਾ ਨਾਂ ਦਾਖ਼ਲ ਕਰਵਾਉਣ ਦੇ ਹੱਕਦਾਰ ਹੋਣਗੇ । ਉਨ੍ਹਾਂ ਦੱਸਿਆ ਕਿ 2 ਜਨਵਰੀ ਨੂੰ ਵੋਟਰ ਸੂਚੀ ਦੀ ਛਪਾਈ ਪਿੱਛੋਂ ਜਿਨ੍ਹਾਂ ਵਿਅਕਤੀਆਂ ਦੀ ਉਮਰ ਇਕ ਜਨਵਰੀ 2012 ਨੂੰ 18 ਸਾਲ ਜਾਂ ਉਸ ਤੋਂ ਵੱਧ ਹੈ ਉਹ ਵੋਟਰ ਬਣਨ ਲਈ 2 ਤੋਂ 4 ਜਨਵਰੀ 2012 ਤੱਕ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਯੋਗ ਵਿਅਕਤੀ ਆਪਣਾ ਨਾਂ ਮੁੜ ਵੋਟਰ ਸੂਚੀ ਵਿੱਚ ਦਰਜ ਕਰਾਉਣ ਲਈ ਸਬੰਧਤ ਬੂਥ ਲੈਵਲ ਅਧਿਕਾਰੀ ਜਾਂ ਚੋਣ ਰਜਿਸਟੇਸ਼ਨ ਅਧਿਕਾਰੀ ਦੇ ਦਫ਼ਤਰ, ਜਿਸ ਦੇ ਅਧਿਕਾਰ ਖੇਤਰ ‘ਚ ਉਨ੍ਹਾਂ ਦਾ ਰਿਹਾਇਸ਼ ਖੇਤਰ ਪੈਂਦਾ ਹੋਵੇ, ਨਾਲ ਸੰਪਰਕ ਕਰ ਸਕਦੇ ਹਨ। ਇਸ ਸਬੰਧੀ ਵੇਰਵੇ ਚੋਣ ਕਮਿਸ਼ਨ ਦੀ ਵੈਬਸਾਈਟ www.ceopunjab.nic.in ‘ਤੇ ਉਪਲਬਧ ਹਨ।  
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੋਟਰਾਂ ਵਜੋਂ ਰਜਿਸਟਰਡ ਕਰਨ ਲਈ ਮੈਡੀਕਲ, ਤਕਨੀਕੀ ਤੇ ਸਿੱਖਿਆ ਵਿਭਾਗ ਵਲੋਂ ਵਿਦਿਅਕ ਸੰਸਥਾਵਾਂ ‘ਚ ਵਿਸ਼ੇਸ਼ ਤੌਰ ‘ਤੇ ਬੂਥ ਲੈਵਲ ਅਫਸਰ ਨਿਯੁਕਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਿਕ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ 2,77,04,236 ਹੈ। ਚੋਣ ਸੂਚੀਆਂ ਦੀ ਸੁਧਾਈ ਸਮੇਂ 733832 ਨਵੀਆਂ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 723424 ਅਰਜ਼ੀਆਂ ਸਵੀਕਾਰ ਕੀਤੀਆਂ ਗਈਆਂ। ਸੁਧਾਈ ਸਮੇਂ ਹੁਣ ਪੰਜਾਬ ਦੀ ਕੁੱਲ ਵੋਟਰ ਸੰਖਿਆ 1,74,33,332 ਬਣਦੀ ਹੈ।
ਵੋਟਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਿਖੇ ਸ਼ਿਕਾਇਤ-ਕਮ-ਕਾਲ ਸੈਂਟਰ ਸਥਾਪਤ ਕੀਤਾ ਗਿਆ ਹੈ ਜਿਸ ਦਾ ਟੌਲ ਫ਼ਰੀ ਨੰਬਰ 1950 ਹੈ। ਇਹ ਸੈਂਟਰ ਪੂਰੇ ਹਫ਼ਤੇ ਦਿਨ ਰਾਤ ਕੰਮ ਕਰੇਗਾ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਾਂ ਹੈਡਕੁਆਰਟਰਾਂ ਅਤੇ ਰਿਟਰਨਿੰਗ ਅਧਿਕਾਰੀਆਂ ਦੇ ਦਫ਼ਤਰ ਵਿਖੇ ਵੀ ਹੈਲਪ ਲਾਈਨਾਂ ਸਥਾਪਤ ਕੀਤੀਆਂ ਗਈਆਂ ਹਨ।

Translate »