ਲੁਧਿਆਣਾ, 2 ਜਨਵਰੀ : 26 ਜਨਵਰੀ 2012 ਨੂੰ ਜਿਲਾ ਪੱਧਰ ਦਾ ਗਣਤੰਤਰ ਦਿਵਸ ਸਮਾਰੋਹ ਸਰਕਾਰੀ ਕਾਲਜ਼ (ਲੜਕੇ) ਵਿਖੇ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਰਾਸ਼ਟਰੀ ਮਹੱਤਵ ਦੇ ਸਮਾਰੋਹ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਜਿਲੇ ਦੇ ਸਮੂਹ ਅਧਿਕਾਰੀ ਪੂਰੀ ਨਿਸ਼ਠਾ ਅਤੇ ਦੇਸ਼-ਭਗਤੀ ਦੀ ਭਾਵਨਾ ਨਾਲ ਆਪਣੇ ਫਰਜ਼ ਨਿਭਾਉਣ। ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਰਾਹੁਲ ਤਿਵਾੜੀ ਨੇ ਇਸ ਸਮਾਰੋਹ ਦੀਆਂ ਤਿਆਰੀਆਂ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਬੱਚਤ ਭਵਨ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਦਿੱਤੇ। ਉਹਨਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੁਪਾਂਜਲੀ ਕਾਰਤਿਕ ਇਸ ਸਮਾਰੋਹ ਦੇ ਸਮੁੱਚੇ ਪ੍ਰਬੰਧਾਂ ਲਈ ਨੋਡਲ ਅਫਸਰ ਹੋਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੌਕੇ ਸ਼ਾਨਦਾਰ ਮਾਰਚ ਪਾਸਟ ਹੋਵੇਗੀ ਜਿਸ ਵਿਚ ਪੰਜਾਬ ਪੁਲਿਸ, ਟ੍ਰੈਫਿਕ ਪੁਲਿਸ,ਪੰਜਾਬ ਹੋਮ ਗਾਰਡ, ਐਨ.ਸੀ.ਸੀ., ਸਾਬਕਾ ਫੌਜੀ, ਸਕਾਊਟ ਅਤੇ ਗਰਲ ਗਾਈਡ ਦੀਆਂ ਟੁੱਕੜੀਆਂ ਭਾਗ ਲੈਣਗੀਆਂ ਅਤੇ ਪੁਲਿਸ ਵਿਭਾਗ ਵਲੋ ਇਹਨਾਂ ਟੁੱਕੜੀਆਂ ਦੀਆਂ ਰੀਹਰਸਲਾਂ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਇਸ ਮੌਕੇ ਵਿਦਿਆਰਥੀਆਂ ਵੱਲੋ ਤਿਆਰ ਕੀਤਾ ਗਿਆ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੋ ਕਿ ਸਮਾਰੋਹ ਨੂੰ ਹੋਰ ਵੀ ਆਕਰਸ਼ਕ ਬਣਾਵੇਗਾ। ਉਹਨਾਂ ਦੱਸਿਆ ਕਿ ਸਭਿਆਚਾਰਕ ਆਈਟਮਾਂ ਦੀ ਚੋਣ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੁਪਾਂਜਲੀ ਕਾਰਤਿਕ ਦੀ ਪ੍ਰਧਾਨਗੀ ਹੇਠ ਸਭਿਆਚਾਰਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਹਨਾਂ ਹੋਰ ਦੱਸਿਆ ਕਿ ਸਭਿਅਚਾਰਕ ਪ੍ਰੋਗਰਾਮ ਦੀ ਰੀਹਰਸਲ ਸਰਕਾਰੀ ਕਾਲਜ਼ (ਲੜਕੇ) ਵਿਖੇ 20 ਜਨਵਰੀ ਤੋ 22 ਜਨਵਰੀ ਤੱਕ ਹੋਵੇਗੀ। ਇਸ ਤੋ ਇਲਾਵਾ ਫੁੱਲ ਡਰੈਸ ਅਤੇ ਅੰਤਿਮ ਰੀਹਰਸਲ 24 ਜਨਵਰੀ ਨੂੰ ਹੋਵੇਗੀ।
ਸ੍ਰੀ ਤਿਵਾੜੀ ਨੇ ਨਗਰ-ਨਿਗਮ ਦੇ ਅਧਿਕਾਰੀਆਂ ਨੂੰ ਗਣਤੰਤਰ ਸਮਾਰੋਹ ਨੂੰ ਮੁੱਖ ਰੱਖਦਿਆ ਸ਼ਹਿਰ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ। ਉਹਨਾਂ ਜਿਲਾ ਮੰਡੀ ਅਫਸਰ ਨੂੰ ਸਮਾਰੋਹ ਵਾਲੇ ਸਥਾਨ ਤੇ ਪੀਣ ਵਾਲੇ ਸਾਫ-ਸੁੱਥਰੇ ਪਾਣੀ ਦਾ ਪ੍ਰਬੰਧ ਕਰਨ ਅਤੇ ਸੈਨੀਟੇਸ਼ਨ ਤੇ ਜਨ-ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਰਜ਼ੀ ਪਖਾਨਿਆਂ ਦਾ ਪ੍ਰਬੰਧ ਕਰਨ ਲਈ ਕਿਹਾ। ਇਸ ਮੌਕੇ ਤੇ ਏ.ਡੀ.ਸੀ. (ਵਿਕਾਸ) ਸ੍ਰੀ ਪ੍ਰਦੀਪ ਅਗਰਵਾਲ, ਐਸ.ਡੀ.ਐਮ. (ਪੂਰਬੀ) ਸ੍ਰੀ ਅਜੈ ਸੂਦ, ਜਿਲਾ ਮਾਲ ਅਫਸਰ ਸ੍ਰੀ ਇੰਦਰਪ੍ਰੀਤ ਸਿੰਘ ਕਾਹਲੋ, ਏ.ਡੀ.ਟੀ.ਓ. ਸ੍ਰੀ ਤਰਲੋਚਨ ਸਿੰਘ ਸਹੋਤਾ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ।