January 2, 2012 admin

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਜ਼ਿਲ੍ਹਾ ਪਟਿਆਲਾ ਦੇ 12 ਲੱਖ 25 ਹਜ਼ਾਰ 582 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ-ਜ਼ਿਲ੍ਹਾ ਚੋਣ ਅਫਸਰ

* ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ
*  ਚੋਣਾਂ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਸਮੂਹ ਰਾਜਸੀ ਪਾਰਟੀਆਂ ਨੂੰ ਸਹਿਯੋਗ ਦੇਣ ਦੀ ਅਪੀਲ
ਪਟਿਆਲਾ: 2 ਜਨਵਰੀ :” ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ 2012 ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਪ੍ਰਕਾਸ਼ਿਤ ਹੋਈ ਨਵੀਂ ਵੋਟਰ ਸੂਚੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਕੁੱਲ 12 ਲੱਖ 25 ਹਜ਼ਾਰ 582 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਜਿਹਨਾਂ ਵਿੱਚੋਂ 6 ਲੱਖ 50 ਹਜ਼ਾਰ 186 ਮਰਦ ਅਤੇ 5 ਲੱਖ 75 ਹਜ਼ਾਰ 403 ਔਰਤ ਵੋਟਰ ਵੋਟਾਂ ਪਾਉਣਗੇ। ” ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪ੍ਰਕਾਸ਼ਿਤ ਹੋਈ ਨਵੀਂ ਵੋਟਰ ਸੂਚੀ ਦੇਣ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 109-ਨਾਭਾ ਵਿੱਚ ਕੁੱਲ 1 ਲੱਖ 54 ਹਜ਼ਾਰ 352 ਵੋਟਰ, 110-ਪਟਿਆਲਾ (ਦਿਹਾਤੀ) ਵਿੱਚ ਕੁੱਲ 1 ਲੱਖ 76 ਹਜ਼ਾਰ 518, 111-ਰਾਜਪੁਰਾ ਵਿੱਚ ਕੁੱਲ 1 ਲੱਖ 45 ਹਜ਼ਾਰ 253, 113-ਘਨੌਰ ਹਲਕੇ ਵਿੱਚ ਕੁੱਲ 1 ਲੱਖ 36 ਹਜ਼ਾਰ 589, 114-ਸਨੌਰ ਹਲਕੇ ਵਿੱਚ 1 ਲੱਖ 75 ਹਜ਼ਾਰ 409, 115-ਪਟਿਆਲਾ ਹਲਕੇ ਵਿੱਚ ਕੁੱਲ 1 ਲੱਖ 39 ਹਜ਼ਾਰ 620, 116-ਸਮਾਣਾ ਹਲਕੇ ਵਿੱਚ 1 ਲੱਖ 51 ਹਜ਼ਾਰ 560 ਅਤੇ 117-ਸ਼ੁਤਰਾਣਾ ਵਿਧਾਨ ਸਭਾ ਹਲਕੇ ਵਿੱਚ 1 ਲੱਖ 46 ਹਜ਼ਾਰ 281 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।    
ਸ਼੍ਰੀ ਗਰਗ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ 5 ਜਨਵਰੀ ਤੋਂ 12 ਜਨਵਰੀ 2012 ਤੱਕ ਸਵੇਰੇ 11-00 ਵਜੇ ਤੋਂ ਸ਼ਾਮ 3-00 ਵਜੇ ਤੱਕ ਭਰੀਆਂ ਜਾ ਸਕਣਗੀਆਂ ਅਤੇ ਇਹਨਾਂ ਦੀ ਪੜਤਾਲ 13 ਜਨਵਰੀ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ 16 ਜਨਵਰੀ 2012 ਤੱਕ ਵਾਪਸ ਲੈ ਸਕਣਗੇ ਅਤੇ 30 ਜਨਵਰੀ 2012 ਨੂੰ ਵੋਟਾਂ ਪੈਣਗੀਆਂ।  ਉਨ੍ਹਾਂ ਦੱਸਿਆ ਕਿ ਇਹਨਾਂ ਵੋਟਾਂ ਦੀ ਗਿਣਤੀ 4 ਮਾਰਚ 2012 ਨੂੰ ਹੋਵੇਗੀ ਅਤੇ 9 ਮਾਰਚ 2012 ਨੂੰ ਸਮੁੱਚੀ ਚੋਣ ਪ੍ਰਕ੍ਰਿਆ ਮੁਕੰਮਲ ਹੋ ਜਾਵੇਗੀ।  ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਫੋਟੋ ਵੋਟਰ ਸ਼ਨਾਖਤੀ ਕਾਰਡਾਂ ਵਿੱਚ ਸੋਧ ਕਰਨ ਅਤੇ ਨਵੀਂਆਂ ਵੋਟਾਂ ਬਣਾਉਣ ਲਈ 2 ਜਨਵਰੀ ਤੋਂ 4 ਜਨਵਰੀ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਫੋਟੋ ਵੋਟਰ ਸ਼ਨਾਖਤੀ ਕਾਰਡਾਂ ਵਿੱਚ ਸੋਧ ਕਰਵਾਉਣ ਅਤੇ ਨਵੀਂਆਂ ਵੋਟਾਂ ਬਣਵਾਉਣ ਲਈ ਸਬੰਧਤ ਬੂਥ ਲੈਵਲ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਇਸ ਦੀ ਉਲਘੰਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹਨਾਂ ਚੋਣ ਦੌਰਾਨ ਚੋਣ ਮੈਦਾਨ ਵਿੱਚ ਉਤਰਨ ਵਾਲਾ ਹਰੇਕ ਉਮੀਦਵਾਰ ਆਪਣੀ ਚੋਣ ‘ਤੇ 16 ਲੱਖ ਰੁਪਏ ਤੱਕ ਦਾ ਖਰਚਾ ਕਰ ਸਕਦਾ ਹੈ ਅਤੇ ਉਸ ਨੂੰ ਚੋਣ ਖਰਚੇ ਸਬੰਧੀ ਬੈਂਕ ਵਿੱਚ ਆਪਣਾ ਵੱਖਰਾ ਖਾਤਾ ਖੋਲਣਾ ਲਾਜ਼ਮੀ ਹੋਵੇਗਾ । ਉਨ੍ਹਾਂ ਕਿਹਾ ਕਿ ਉਮੀਦਵਾਰ ਵੱਲੋਂ ਸਾਰੀ ਚੋਣ ਪ੍ਰਕ੍ਰਿਆ ‘ਤੇ ਹੋਣ ਵਾਲੇ ਖਰਚੇ ਦਾ ਵੱਖਰਾ ਰਜਿਸਟਰ ਲਗਾਉਣਾ ਵੀ ਲਾਜ਼ਮੀ ਹੋਵੇਗਾ ।  ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਕੋਈ ਰੈਲੀ ਜਾਂ ਜਲਸਾ ਕਰਵਾਉਣਾ ਹੈ ਤਾਂ ਉਸ ਦੀ ਅਧਿਕਾਰਤ ਅਧਿਕਾਰੀ ਵੱਲੋਂ ਪ੍ਰਵਾਨਗੀ ਲੈਣੀ ਜਰੂਰੀ ਹੈ ਅਤੇ ਸਬੰਧਤ ਅਧਿਕਾਰਤ ਅਧਿਕਾਰੀ ਉਸ ਰੈਲੀ ਜਾਂ ਜਲਸੇ ਦੀ ਪੂਰੀ ਵੀਡੀਓਗ੍ਰਾਫੀ ਕਰਵਾਉਣਗੇ। ਇਸ ਮੌਕੇ ਸ਼੍ਰੀ ਗਰਗ ਨੇ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪ੍ਰਕਾਸ਼ਿਤ ਹੋਈ ਨਵੀਂ ਵੋਟਰ ਸੂਚੀ ਦੀ ਇੱਕ-ਇੱਕ ਸੀ.ਡੀ. ਵੀ ਦਿੱਤੀ। ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਪ੍ਰਕ੍ਰਿਆ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਵਿੱਚ ਪੂਰਨ ਸਹਿਯੋਗ ਦੇਣ।
ਅੱਜ ਦੀ ਮੀਟਿੰਗ ਵਿੱਚ ਸਾਬਕਾ ਮੰਤਰੀ ਸ੍ਰ: ਅਜੈਬ ਸਿੰਘ ਮੁਖਮੇਲਪੁਰ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸ੍ਰ: ਫੌਜਇੰਦਰ ਸਿੰਘ ਮੁਖਮੇਲਪੁਰ, ਕਾਂਗਰਸ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਪ੍ਰੇਮ ਕਿਸ਼ਨ ਪੁਰੀ, ਜਨਰਲ ਸਕੱਤਰ ਸ਼੍ਰੀ ਗੋਪਾਲ ਸਿੰਗਲਾ ਤੇ ਸ਼੍ਰੀ ਰਜਨੀਸ਼ ਸ਼ੋਰੀ, ਭਾਜਪਾ ਸ਼ਹਿਰੀ ਦੇ ਜਨਰਲ ਸਕੱਤਰ ਸ਼੍ਰੀ ਤ੍ਰਿਭਵਨ ਗੁਪਤਾ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰ: ਜੋਧ ਸਿੰਘ ਅਜਨੌਦਾ, ਐਨ.ਸੀ.ਪੀ. ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਜੇ ਸਿੰਘ ਅਤੇ ਜਨਰਲ ਸਕੱਤਰ ਸ਼੍ਰੀ ਜੇ.ਐਸ. ਛਾਬੜਾ,  ਸੀ.ਪੀ.ਆਈ. ਦੇ ਸ੍ਰ: ਸੁਖਦੇਵ ਸਿੰਘ ਤੋਂ ਇਲਾਵਾ ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰ: ਹਰਿੰਦਰ ਸਿੰਘ ਸਰਾ ਅਤੇ ਤਹਿਸੀਲਦਾਰ ਚੋਣਾਂ ਸ੍ਰ: ਜਗਰੂਪ ਸਿੰਘ ਭੁੱਲਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Translate »