ਫਤਹਿਗੜ੍ਹ ਸਾਹਿਬ, 2 ਜਨਵਰੀ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਲ੍ਹੇ ਵਿੱਚ ਅਮਨ ਤੇ ਕਾਨੂੰਨੀ ਦੀ ਵਿਵਸਥਾ ਨੂੰ ਕਾਇਮ ਰੱਖਣ ਅਤੇ ਲੋਕ ਹਿੱਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਯਸ਼ਵੀਰ ਮਹਾਜਨ ਨੇ ਫੌਜਦਾਰੀ ਦੰਡ ਸੰਘਤਾ, 1973 (2 ਆਫ 1974) ਦੀ ਧਾਰਾ 144 ਅਧੀਨ ਜਿਲ੍ਹੇ ਦੀ ਹਦੂਦ ਅੰਦਰ ਅਸਲਾ ਲਾਈਸੰਸ ਧਾਰਕਾਂ ਨੂੰ ਅਸਲਾ ਲੈ ਕੇ ਚੱਲਣ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਹੁਕਮ 24 ਫਰਵਰੀ 2012 ਤੱਕ ਲਾਗੂ ਰਹਿਣਗੇ। ਇਹ ਹੁਕਮ ਫੌਜ, ਅਰਧ ਸੁਰੱਖਿਆ ਬਲਾਂ, ਬਾਵਰਦੀ ਪੁਲਿਸ ਕਰਮਚਾਰੀਆਂ, ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਲਈ ਦਿੱਤੇ ਅੰਗ-ਰੱਖਿਅਕਾਂ ਅਤੇ ਜਿਨ੍ਹਾਂ ਨੂੰ ਧਾਰਮਿਕ ਤੌਰ ‘ਤੇ ਜਾਂ ਕਾਨੂੰਨੀ ਤੌਰ ‘ਤੇ ਰੀਤੀ-ਰਿਵਾਜਾਂ ਕਾਰਨ ਹਥਿਆਰ ਚੁੱਕਣ ਦੇ ਅਧਿਕਾਰ ਹਨ ਅਤੇ ਅਸਲਾ ਲਾਇਸੈਂਸ ਨੂੰ ਨਵਿਆਉਣ ਵਾਸਤੇ ਦਫਤਰੀ ਕੰਮਾਂ ਲਈ ਆਉਣ ਵਾਲਿਆਂ ‘ਤੇ ਲਾਗੂ ਨਹੀਂ ਹੋਣਗੇ।