January 3, 2012 admin

ਸੰਤ ਨਿਰੰਕਾਰੀ ਭਵਨ ਵਿਖੇ ਖਿਮਾ ਯਾਚਨਾ ਦਿਵਸ ਮਨਾਇਆ

ਬਠਿੰਡਾ, 3 ਜਨਵਰੀ, 2011: ਸੰਤ ਨਿਰੰਕਾਰੀ ਭਵਨ, ਬਠਿੰਡਾ ਵਿਖੇ ਖਿਮਾ ਯਾਚਨਾ ਦਿਵਸ ਮਨਾਇਆ ਗਿਆ। ਇਸ ਸਮਾਰੋਹ ਵਿਜ ਦੂਰਂੋ-ਨੇੜਿਓਂ ਪਿੰਡਾਂ ਤੋ ਬਹੁਗਿਣਤੀ ਵਿਚ ਸਮੂਹ ਸੰਗਤਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਸ਼ੁਭ ਆਰੰਭ ਸੇਵਾਦਾਰਾਂ ਨੇ ਪੂਰੀ ਵਰਦੀ ਵਿਚ ਖਿਮਾ ਯਾਚਨਾ ਪਰੇਡ ਅਤੇ ਪੀ. ਟੀ. ਸ਼ੋਅ ਨਾਲ ਕੀਤਾ।  ਇਸ ਮੌਕੇ ਸੇਵਾਦਾਰਾਂ ਵੱਲੋਂ ਗੇਮਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਸੇਵਾਦਾਰਾਂ ਵੱਲੋਂ ਖਿਮਾ ਯਾਚਨਾ ਲਈ ਅਰਦਾਸ ਵੀ ਕੀਤੀ ਗਈ ਅਤੇ ਮਾਨਵਤਾ ਦੀ ਭਲਾਈ ਲਈ ਕੰਮ ਕਰਦੇ ਰਹਿਣ ਦਾ ਸੰਕਲਪ ਵੀ ਲਿਆ ਗਿਆ।
         ਸੰਤ ਨਿਰੰਕਾਰੀ ਮੰਡਲ ਬਰਾਂਚ ਬਠਿੰਡਾ ਦੇ ਜ਼ੋਨਲ ਇੰਚਾਰਜ ਸ੍ਰੀ ਐਸ. ਕੇ. ਦੁੱਗਲ ਨੇ ਨਵੇਂ ਸਾਲ ਦੇ ਮੌਕੇ ਮੁਬਾਰਕਬਾਦ ਦੇਣ ਦੇ ਨਾਲ-ਨਾਲ ਸਰਬ ਸ਼ਕਤੀਮਾਨ ਨਿਰੰਕਾਰ ਪ੍ਰਭੂ ਦੇ ਅੱਗੇ ਸਮੂਹ ਸੰਗਤਾਂ ਲਈ ਅਰਦਾਸ ਕਰਦਿਆਂ ਕਿਹਾ ਕਿ ਦਾਤਾਰ ਕਿਰਪਾ ਕਰੇ ਕਿ ਸੰਸਾਰ ਵਿਚ ਮਿਲਵਰਤਨ, ਭਾਈਚਾਰਾ, ਸਹਿਣਸ਼ੀਲਤਾ ਬਰਕਰਾਰ ਰਹੇ। ਜੋ ਸਮਾਂ ਬੀਤ ਚੁੱਕਾ ਹੈ ਉਸ ਤੋਂ ਸਿੱਖਿਆ ਲੈ ਸਕਦੇ ਹਾਂ ਕਿ ਆਉਣ ਵਾਲਾ ਸਮਾਂ  ਕਿਹੋ ਜਿਹਾ ਬਤੀਤ ਹੋਵੇਗਾ। ਜਿਥੇ ਕਿਤੇ ਕੁਝ ਕਮੀਆਂ ਰਹਿ ਗਈਆਂ ਹੋਣ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਪੂਰਾ ਕਰ ਸਕੀਏ। ਇਸ ਪ੍ਰਕਾਰ ਦੀਆਂ ਭਾਵਨਾਵਾਂ ਨਾਲ ਲਬਰੇਜ ਹੋ ਕੇ ਹੀ ਨਵਾਂ ਸਾਲ ਬਤੀਤ ਕਰਨਾ। ਉਨ੍ਹਾਂ ਸ਼ਰਧਾਲੂ ਭਗਤਾਂ ਨੂੰ ਨਕਾਰਾਤਮਿਕਤਾ ਨੂੰ ਤਿਆਗਣ ਅਤੇ ਨਵੇਂ ਸਾਲ ‘ਚ ਸਕਾਰਾਤਮਿਕ ਸੋਚ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਰਮ ਸਭ ਤੋਂ ਜ਼ਿਆਦਾ ਜ਼ੋਰ ਨਾਲ ਬੋਲਦੇ ਹਨ, ਇਸ ਲਈ ਹਰੇਕ ਮਹਾਂਪੁਰਸ਼ ਨੂੰ ਘਿਰਣਾ, ਈਰਖਾ, ਹਿੰਸਾ ਅਤੇ ਦੁਸ਼ਮਣ ਜਿਹੀਆਂ ਨਕਾਰਾਤਮਿਕ ਭਾਵਨਾਵਾਂ ਤੋਂ ਦੂਰਾ ਰਹਿਣਾ ਚਾਹੀਦਾ ਹੈ। ਇਨ੍ਹਾਂ ਦਾ ਤਿਆਗ ਕਰ ਕੇ ਪ੍ਰੇਮ, ਨਿਮਰਤਾ, ਵਿਸ਼ਾਲਤਾ ਅਤੇ ਈਸ਼ਵਰ ਵਿਚ ਆਸਥਾ ਜਿਹੇ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ। ਮਨੁੱਖੀ ਜੀਵਨ ਵਿਚ ਨੇਕ ਸਕਾਰਾਤਮਿਕ ਗੁਣ ਹੀ ਸ਼ਾਂਤੀ ਅਤੇ ਸੰਪਨਤਾ ਲਿਆ ਸਕਦੇ ਹਨ।  ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਪਿਛਲੇ ਸਾਲ ਦੀਆਂ ਕਮੀਆਂ ਨੂੰ ਨਵੇਂ ਸਾਲ ਵਿਚ ਦੁਹਰਾਉਣਾ ਨਹੀਂ ਚਾਹੀਦਾ ਸਗੋਂ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਦੀ ਸੋਚ ਨੂੰ ਅਪਣਾ ਕੇ ਮਾਨਵਤਾ ਦੇ ਕਲਿਆਣ ਲਈ ਕੰਮ ਕਰਨਾ ਚਾਹੀਦਾ ਹੈ।
         ਇਸ ਮੌਕੇ ‘ਤੇ ਸ੍ਰੀ ਗਿਰਧਾਰੀ ਲਾਲ ਸ਼ਰਮਾ, ਸੰਚਾਲਕ ਸੰਤ ਨਿਰੰਕਾਰੀ ਮੰਡਲ, ਬਠਿੰਡਾ ਨੇ ਸਮੂਹ ਸੇਵਾ ਦਲ ਦੀ ਪਰੇਡ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੇਵਾਦਾਰਾਂ ‘ਚ ਸੇਵਾ ਭਾਵਨਾ ਗੁਰੂ ਦੀ ਕਿਰਪਾ ਦੁਆਰਾ ਹੀ ਉਤਪੰਨ ਹੁੰਦੀ ਹੈ। ਉਨ੍ਹਾਂ ਨੇ ਸੇਵਾ ਕਰਦੇ ਰਹਿਣ ਦਾ ਸੰਕਲਪ ਲਿਆ ਅਤੇ ਖਿਮਾ ਯਾਚਨਾ ਕੀਤੀ। ਉਨ੍ਹਾਂ ਕਿਹਾ ਕਿ ‘ਨਰ ਸੇਵਾ-ਨਾਰਾਇਣ ਪੂਜਾ’ ਮਾਨਵਤਾ ਦੀ ਸੇਵਾ ਕਰਨਾ ਹੀ ਮਨੁੱਖ ਦਾ ਅਸਲੀ ਧਰਮ ਹੈ। ਆਤਮਾ ਹੀ ਪਰਮਾਤਮਾ ਦਾ ਸਰੂਪ ਹੈ। ਪ੍ਰੇਮ, ਪਿਆਰ, ਸੇਵਾ ਭਾਵਨਾ ਹੀ ਗੁਰੂ ਪ੍ਰਤੀ ਪੱਕਾ ਵਿਸ਼ਵਾਸ ਬਣਾਉਂਦੇ ਹਨ। ਉਹ ਹੀ ਆਉਣ ਵਾਲੇ ਸਮੇਂ ਵਿਚ ਮਾਨਵਤਾ ਦੇ ਦਿਲਾਂ ‘ਚ ਪ੍ਰੇਰਣਾਸਰੋਤ ਬਣਦੇ ਹਨ।
         ਇਸ ਖਿਮਾ ਯਾਚਨਾ ਮੌਕੇ ਸ੍ਰੀ ਜੀ. ਐਸ. ਧਾਲੀਵਾਲ, ਗਿਆਨੀ ਬੰਤ ਸਿੰਘ, ਮੋਹਨ ਲਾਲ, ਸਤੀਸ਼ ਸਹਿਗਲ, ਗਿਰਧਾਰੀ ਲਾਲ ਸ਼ਰਮਾ ਆਦਿ ਪ੍ਰਚਾਰਕਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਅੰਤ ਵਿਚ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।

Translate »