January 4, 2012 admin

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਖੋਲ੍ਹੇ ਸੱਤ ਲੀਗਲ ਏਡ ਕਲੀਨਿਕ

ਬਠਿੰਡਾ, 4 ਜਨਵਰੀ -ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਸਮਾਜ ਦੇ ਗਰੀਬ ਅਤੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਪਹੁੰਚਾਉਣ ਦੇ ਇਰਾਦੇ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵੱਲੋਂ ਜ਼ਿਲ੍ਹਾ ਕਚਹਿਰੀ ਵਿਚ ਫਰੰਟ ਆਫਿਸ ਦਾ ਉਦਘਾਟਨ ਕੀਤਾ ਗਿਆ। ਇਸ ਫਰੰਟ ਆਫਿਸ ਵਿਚ ਸ੍ਰੀ ਰਾਕੇਸ਼ ਕੁਮਾਰ ਗਾਰਗੀ, ਸ੍ਰੀ ਬੰਸੀ ਲਾਲ ਸਚਦੇਵਾ, ਸ੍ਰੀ ਮਹਿੰਦਰ ਪਾਲ ਗਰਗ, ਸ੍ਰੀ ਹਰਿੰਦਰ ਸਿੰਘ ਖੋਸਾ, ਸ੍ਰੀਮਤੀ ਪੁਸ਼ਪਿੰਦਰ ਕੌਰ ਰੰਧਾਵਾ ਅਤੇ ਸ੍ਰੀ ਦੌਲਤ ਰਾਮ ਪਰਿਹਾਰ ਵਕੀਲ ਦੀ ਨਿਯੁਕਤੀ ਕੀਤੀ ਗਈ ਹੈ।
ਜ਼ਿਲ੍ਹਾ ਤੇ ਸੈਸ਼ਨਜ਼ ਜੱਜ, ਬਠਿੰਡਾ ਸ੍ਰੀ ਐਸ. ਕੇ. ਅਗਰਵਾਲ ਵੱਲੋਂ ਇਸ ਉਦਘਾਟਨੀ ਸਮਾਰੋਹ ਮੌਕੇ ਦੱਸਿਆ ਗਿਆ ਕਿ ਪਿੰਡ ਬੱਲੂਆਣਾ, ਚੁੱਘੇ ਕਲਾਂ, ਮਹਿਰਾਜ, ਚਾਉਕੇ, ਭਗਤਾ ਭਾਈ ਕਾ, ਪੱਕਾ ਕਲਾਂ ਅਤੇ ਮੌੜ ਵਿਖੇ ਵੀ ਲੀਗਲ ਏਡ ਕਲੀਨਿਕ ਖੋਲ੍ਹੇ ਗਏ ਹਨ। ਬਾਅਦ ਵਿਚ ਪਿੰਡ ਬੱਲੂਆਣਾ ਵਿਖੇ ਲੀਗਲ ਏਡ ਕਲੀਨਿਕ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਲੀਗਲ ਏਡ ਕਲੀਨਿਕਾਂ ਦੀ ਸਥਾਪਨਾ ਦੂਰ-ਦੁਰਾਡੇ ਦੇ ਪਿੰਡਾਂ ਵਿਚ ਉਨ੍ਹਾਂ ਲੋਕਾਂ ਤੱਕ ਕਾਨੂੰਨੀ ਸਲਾਹ ਅਤੇ ਸੇਵਾਵਾਂ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ ਜਿਹੜੇ ਲੋਕ ਵਕੀਲ ਕਰਨ ਅਤੇ ਅਦਾਲਤਾਂ ਤੱਕ ਪਹੁੰਚ ਕਰਨ ਵਿਚ ਅਸਮਰਥ ਹਨ।
ਸ੍ਰੀਮਤੀ ਹਰਿੰਦਰ ਕੌਰ ਸਿੱਧੂ ਸਿਵਲ ਜੱਜ (ਸੀਨੀਅਰ ਡਵੀਜ਼ਨ) ਨੇ ਇਸ ਮੌਕੇ ਦੱਸਿਆ ਕਿ ਇਨ੍ਹਾਂ ਲੀਗਲ ਏਡ ਕਲੀਨਿਕਾਂ ਵਿਚ ਲੋਕਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਵਕੀਲਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਮੌਕੇ ਸ੍ਰੀ ਬੰਸੀ ਲਾਲ ਸਚਦੇਵਾ, ਸ੍ਰੀ ਰਾਕੇਸ਼ ਕੁਮਾਰ ਮੰਗਲਾ ਵਕੀਲ, ਸ੍ਰੀ ਆਰ ਕੇ ਸ਼ਰਮਾ ਸਹਾਇਕ ਜ਼ਿਲ੍ਹਾ ਅਟਾਰਨੀ, ਪਿੰਡ ਦੇ ਸਰਪੰਚ, ਉਘੇ ਸਮਾਜ ਸੇਵਕ ਅਤੇ ਆਮ ਲੋਕ ਹਾਜ਼ਰ ਸਨ।

Translate »