January 4, 2012 admin

ਸਟੈਟਿਕ ਟੀਮ ਵੱਲੋਂ ਚੈਕਿੰਗ ਦੌਰਾਨ ਸਵਿਫਟ ਗੱਡੀ ‘ਚੋਂ 30 ਲੱਖ ਰੁਪਏ ਬਰਾਮਦ

ਬਠਿੰਡਾ, 4 ਜਨਵਰੀ -ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਧਨ ਦੀ ਗੈਰ-ਕਾਨੂੰਨੀ ਵਰਤੋਂ ਨੂੰ ਮੁਕੰਮਲ ਰੂਪ ਵਿੱਚ ਰੋਕਣ ਤਹਿਤ ਕੀਤੀ ਕਾਰਵਾਈ ਦੌਰਾਨ ਅੱਜ ਬਠਿੰਡਾ ਵਿਖੇ ਡੂਮਵਾਲੀ ਬੈਰੀਅਰ ‘ਤੇ ਤਾਇਨਾਤ ਸਟੈਟਿਕ ਟੀਮ ਨੇ ਚੈਕਿੰਗ ਦੌਰਾਨ ਇਕ ਸਵਿਫਟ ਗੱਡੀ ਵਿਚੋਂ 30 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕਮਲ ਕਿਸ਼ੋਰ ਯਾਦਵ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਸੁਖਚੈਨ ਸਿੰਘ ਨੇ ਸਾਂਝੇ ਰੂਪ ਵਿਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ. ਡੀ. ਓ. ਸ੍ਰੀ ਮਨੋਜ ਬਾਂਸਲ ਦੀ ਅਗਵਾਈ ‘ਚ ਤਾਇਨਾਤ ਸਟੈਟਿਕ ਟੀਮ ਨੇ ਸੰਜੇ ਕੁਮਾਰ ਵਾਸੀ ਸਿਰਸਾ ਤੋਂ ਇਹ ਰਕਮ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ ਤਾਂ ਜੋ ਇਸ ਸਬੰਧੀ ਪੂਰੀ ਜਾਂਚ ਹੋ ਸਕੇ।
                 ਸ੍ਰੀ ਯਾਦਵ ਤੇ ਸ੍ਰੀ ਗਿੱਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਕਿ ਕੋਈ ਵੀ ਵਿਅਕਤੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾ ਕਰੇ। ਉਨ੍ਹਾਂ ਕਿਹਾ ਕਿ ਸਟੈਟਿਕ ਟੀਮਾਂ ਚੋਣਾਂ ਵਿੱਚ ਧਨ ਦੀ ਦੁਰਵਰਤੋ, ਨਸ਼ਿਆਂ ਦੀ ਵੰਡ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆ ਨੂੰ ਰੋਕਣ ਲਈ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕ ਚੋਣਾਂ ਦੀ ਲੋਕਤੰਤਰਿਕ ਪ੍ਰਕ੍ਰਿਆ ਨੂੰ ਮਜ਼ਬੂਤ ਰੱਖਣ ਵਿੱਚ ਪ੍ਰਸ਼ਾਸਨ ਨਾਲ ਸਹਿਯੋਗ ਕਰਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਲੈਣ-ਦੇਣ ਚੈਕ ਰਾਹੀਂ ਕਰਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 2.50 ਲੱਖ ਰੁਪਏ ਤੋਂ ਵੱਧ ਦੀ ਨਕਦੀ ਨਾਲ ਲੈ ਕੇ ਨਾ ਚੱਲਣ।

Translate »