ਪਟਿਆਲਾ 6 ਜਨਵਰੀ : ਜ਼ਿਲਾ ਮੈਜਿਸਟਰੇਟ, ਪਟਿਆਲਾ ਸ੍ਰੀ ਵਿਕਾਸ ਗਰਗ ਵੱਲੋਂ ਜ਼ਿਲੇ ਦੀ ਹੱਦ ਅੰਦਰ ਫ਼ੋਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਕਿਸੇ ਕਿਸਮ ਦੇ ਅਗਨੀ ਸ਼ਾਸ਼ਤਰ, ਅਸਲਾ, ਵਿਸਫ਼ੋਟਕ, ਜਲਣਸ਼ੀਲ ਵਸਤਾਂ ਅਤੇ ਤੇਜ਼ ਧਾਰ ਹਥਿਆਰ ਜਿਵੇਂ ਟਾਕੂਏ, ਬਰਛੇ, ਤ੍ਰਿਸ਼ੂਲ ਆਦਿ ਨੂੰ ਲੈ ਕੇ ਚੱਲਣ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਚੋਣਾਂ ਦੀ ਪ੍ਰਕਿਰਿਆ ਦੇ ਖਤਮ ਹੋਣ ਤੱਕ ਲਾਗੂ ਰਹਿਣਗੇ।
ਸ੍ਰੀ ਗਰਗ ਨੇ ਦੱਸਿਆ ਕਿ 30 ਜਨਵਰੀ ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਜ਼ਿਲੇ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਅਤੇ ਲੋਕ ਹਿੱਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਜ਼ਿਲੇ ਦੀ ਹੱਦ ਅੰਦਰ ਕਿਸੇ ਕਿਸਮ ਦੇ ਅਗਨੀ ਸ਼ਾਸ਼ਤਰ, ਅਸਲਾ, ਵਿਸਫ਼ੋਟਕ, ਜਲਣਸ਼ੀਲ ਵਸਤਾਂ ਅਤੇ ਤੇਜ਼ ਧਾਰ ਹਥਿਆਰ ਜਿਵੇਂ ਟਾਕੂਏ, ਬਰਛੇ, ਤ੍ਰਿਸ਼ੂਲ ਆਦਿ ਨੂੰ ਲੈ ਕੇ ਚੱਲਣ ਤੇ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫ਼ੋਰਸਜ਼, ਬਾਵਰਦੀ ਪੁਲਿਸ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਣਗੇ, ਪਰੰਤੂ ਚੋਣ ਉਮੀਦਵਾਰਾਂ ਦੇ ਸਰੁੱਖਿਆ ਕਰਮਚਾਰੇ/ਐਸ.ਪੀ.ਓਜ਼ ਪੋਲਿੰਗ ਸਟੇਸ਼ਨਾਂ ਦੇ ਅੰਦਰ ਹਥਿਆਰ ਲੈ ਕੇ ਨਹੀਂ ਜਾ ਸਕਣਗੇ।