ਲੁਧਿਆਣਾ: 6 ਜਨਵਰੀ : ਇੰਗਲੈਂਡ ਵਸਦੇ ਪੰਜਾਬੀ ਕਵੀ ਅਮਰਜੀਤ ਚੰਦਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵੱਲੋਂ ਕਰਵਾਏ ਰੂ-ਬਰੂ ਪ੍ਰੋਗਰਾਮ ਮੌਕੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਦੇਸ਼ ਅਤੇ ਵਿਦੇਸ਼ ਵਿੱਚ ਵਸਦੇ ਪੰਜਾਬੀ ਲੇਖਕਾਂ ਨੂੰ ਵਿਸ਼ਵ ਵਿੱਚ ਲਿਖੀ ਜਾ ਰਹੀ ਸਮੁੱਚੀ ਸ਼ਾਇਰੀ ਨੂੰ ਪੜ•ਨਾ ਚਾਹੀਦਾ ਹੈ ਅਤੇ ਗਲੋਬਲ ਸਰੋਕਾਰਾਂ ਬਾਰੇ ਇਸ ਨਾਲ ਸੋਝੀ ਹੋਰ ਵਿਕਸਤ ਹੋਵੇਗੀ। ਉਨ•ਾਂ ਆਖਿਆ ਕਿ ਮੇਰੇ ਲਈ ਵਿਚਾਰਧਾਰਾ ਸ਼ਾਇਰੀ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਬਣਦੀ। ਮਾਰਕਸਵਾਦ ਮੇਰਾ ਵਿਸ਼ਵਾਸ ਹੈ ਅਤੇ ਮੇਰੀ ਰਚਨਾ ਕਿਸੇ ਵਾਦ ਦੀ ਕਦੇ ਵੀ ਗੁਲਾਮ ਨਹੀਂ ਰਹੀ। ਉਨ•ਾਂ ਆਪਣੀਆਂ ਚੋਣਵੀਆਂ ਦਸ ਕਵਿਤਾਵਾਂ ਦਾ ਪਾਠ ਕੀਤਾ। ਅਮਰਜੀਤ ਚੰਦਨ ਨੇ ਜਿਥੇ ਪੰਜ ਦਰਿਆਵਾਂ ਦੀ ਧਰਤੀ ਦੀ ਸਾਂਝੀ ਵਿਰਾਸਤ ਦੇ ਹਵਾਲੇ ਨਾਲ ਆਪਣੀਆਂ ਕਵਿਤਾਵਾਂ ਸੁਣਾਈਆਂ ਉਥੇ ਸ਼ਬਦ ਸਭਿਆਚਾਰ ਦੇ ਅਸਲ ਅਰਥਾਂ ਨੂੰ ਛੂੰਹਦੀਆਂ ਕਵਿਤਾਵਾਂ ”ਲਿਖਣਸਰ”, ”ਗੁਣਾਂਚੌਰ”, ”ਖੱਦਰ” ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਸਰਸਵਤੀ ਪੁਰਸਕਾਰ ਵਿਜੇਤਾ ਪੰਜਾਬੀ ਕਵੀ ਅਤੇ ਇਸੇ ਵਿਭਾਗ ਦੇ ਸੇਵਾ ਮੁਕਤ ਪ੍ਰੋਫੈਸਰ ਡਾ: ਸੁਰਜੀਤ ਪਾਤਰ ਨੇ ਆਖਿਆ ਕਿ ਅਮਰਜੀਤ ਚੰਦਨ ਇਕੋ ਇਕ ਅਜਿਹਾ ਪੰਜਾਬੀ ਲੇਖਕ ਹੈ ਜਿਹੜਾ ਵਿਦੇਸ਼ ਵਿੱਚ ਵਸਦਿਆਂ ਸਿਰਫ਼ ਪੰਜਾਬੀਆਂ ਨਾਲ ਸੰਪਰਕ ਨਹੀਂ ਰੱਖਦਾ ਸਗੋਂ ਦੁਨੀਆਂ ਭਰ ਦੇ ਵਧੀਆ ਸ਼ਾਇਰਾਂ ਨਾਲ ਨਿੱਜੀ ਸੰਪਰਕ ਵੀ ਰੱਖਦਾ ਹੈ। ਉਨ•ਾਂ ਆਖਿਆ ਕਿ ਵਿਸ਼ਵ ਦੀ ਚੰਗੀ ਕਵਿਤਾ ਨੂੰ ਅਨੁਵਾਦ ਕਰਨ ਅਤੇ ਸੰਪਾਦਿਤ ਕਰਨ ਵਿੱਚ ਅਮਰਜੀਤ ਚੰਦਨ ਦਾ ਕੋਈ ਸਾਨੀ ਨਹੀਂ। ਉਨ•ਾਂ ਆਖਿਆ ਕਿ ਅਮਰਜੀਤ ਚੰਦਨ ਦੀ ਕਵਿਤਾ ਸ਼ਬਦ ਯਾਤਰਾ ਹੈ ਜਿਸ ਵਿੱਚ ਸਾਨੂੰ ਪੂਰੇ ਪੰਜ ਦਰਿਆਵਾਂ ਦਾ ਪੰਜਾਬ ਜੀਵੰਤ ਅੰਦਾਜ਼ ਵਿੱਚ ਦਿਸਦਾ ਹੈ। ਇਸ ਮੌਕੇ ਸੰਚਾਰ ਕੇਂਦਰ ਦੇ ਅਧਿਆਪਕ ਅਤੇ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ, ਪੰਜਾਬੀ ਕਵੀ ਜਸਵੰਤ ਜਫ਼ਰ ਅਤੇ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਸੁਖਦੇਵ ਸਿੰਘ ਨੇ ਵੀ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ। ਅਮਰਜੀਤ ਚੰਦਨ ਦੀ ਆਮਦ ਤੇ ਵਿਭਾਗ ਵੱਲੋਂ ਡਾ: ਸਰਬਜੀਤ ਸਿੰਘ ਅਤੇ ਡਾ: ਜਗਦੀਸ਼ ਕੌਰ ਨੇ ਸਵਾਗਤੀ ਸ਼ਬਦ ਕਹੇ ਜਦ ਕਿ ਡਾ: ਸੁਮੇਧਾ ਭੰਡਾਰੀ ਨੇ ਧੰਨਵਾਦ ਕੀਤਾ। ਇਸ ਮੌਕੇ ਉੱਘੇ ਪੰਜਾਬੀ ਕਵੀ ਸਵਰਨਜੀਤ ਸਵੀ, ਜਸਵੰਤ ਜਫ਼ਰ, ਤ੍ਰੈਲੋਚਨ ਲੋਚੀ, ਡਾ: ਸੁਖਚੈਨ ਮਿਸਤਰੀ, ਡਾ: ਪਰਮਜੀਤ ਸੋਹਲ, ਡਾ: ਮਨੂ ਸ਼ਰਮਾ ਸੋਹਲ, ਡਾ: ਜਗਤਾਰ ਧੀਮਾਨ ਅਤੇ ਵਿਭਾਗ ਦੇ ਸਾਬਕਾ ਮੁਖੀ ਡਾ: ਜਗਦੇਵ ਸਿੰਘ ਤੋਂ ਇਲਾਵਾ ਕਈ ਹੋਰ ਸਿਰਕੱਢ ਵਿਅਕਤੀ ਹਾਜ਼ਰ ਸਨ।