January 6, 2012 admin

ਖਾਲਸਾ ਕਾਲਜ ਸਕੂਲ ਵਿਖੇ ਚੌਥੀ ਸੀਨੀਅਰ ਪੰਜਾਬ ਬਾਲ ਬੈਡਮਿੰਟਨ ਚੈਂਪੀਅਨਸ਼ਿਪ ਆਰੰਭ

ਅੰਮ੍ਰਿਤਸਰ, 6 ਜਨਵਰੀ, 2012 : ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਸਥਾਨਕ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਿੰਨ-ਰੋਜ਼ਾ ਚੌਥੀ ਸੀਨੀਅਰ ਪੰਜਾਬ ਬਾਲ ਬੈਡਮਿੰਟਨ ਚੈਂਪੀਅਨਸ਼ਿਪ 2011-12 (ਲੜਕੇ/ਲੜਕੀਆਂ) ਦੇ ਪਹਿਲੇ ਦਿਨ ਦਿਲਚਸਪ ਮੁਕਾਬਲਿਆਂ ਵਿੱਚ ਲੜਕਿਆਂ ਦੇ ਵਰਗ ਵਿੱਚ ਅੰਮ੍ਰਿਤਸਰ ਨੇ ਪਟਿਆਲਾ ਬੀ ਨੂੰ ਹਰਾਇਆ ਜਦਕਿ ਦੂਸਰੇ ਮੁਕਾਬਲੇ ਵਿੱਚ ਅੰਮ੍ਰਿਤਸਰ ਬੀ ਨੇ ਜਲੰਧਰ ਨੂੰ ਮਾਤ ਦਿੱਤੀ। ਇਸੇ ਤਰ•ਾਂ ਜਲੰਧਰ ਨੇ ਕਪੂਰਥਲਾ ਨੂੰ ਸ਼ਿਕਸਤ ਦਿੱਤੀ ਅਤੇ ਇਕ ਹੋਰ ਮੁਕਾਬਲੇ ਵਿੱਚ ਪੰਜਾਬ ਪੁਲਿਸ ਨੇ ਲੁਧਿਆਣਾ ਨੂੰ ਹਰਾਇਆ।
ਇਸ ਚੈਂਪੀਅਨਸ਼ਿਪ ਦਾ ਉਦਘਾਟਨ ਬਾਲ ਬੈਡਮਿੰਟਨ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ, ਡਾ. ਸਰਬਜੀਤ ਸਿੰਘ ਛੀਨਾ ਅਤੇ ਉਪ ਪ੍ਰਧਾਨ, ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਨੇ ਕੀਤਾ। ਇਸ ਮੌਕੇ ਖਿਡਾਰੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਜ਼ਿਲਿਆਂ ਦੀਆਂ ਲੜਕਿਆਂ-ਲੜਕੀਆਂ ਦੀਆਂ ਟੀਮਾਂ ਦੇ 250 ਖਿਡਾਰੀ ਭਾਗ ਲੈ ਰਹੇ ਹਨ।
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਡਾ. ਸਰਬਜੀਤ ਸਿੰਘ ਛੀਨਾ ਅਤੇ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਨੇ ਖਿਡਾਰੀਆਂ ਨੂੰ ਕਿਹਾ ਕਿ ਸਾਨੂੰ ਖੇਡ ਭਾਵਨਾ ਨਾਲ ਹੀ ਖੇਡ ਖੇਡਣੀ ਚਾਹੀਦੀ ਹੈ। ਹਰ ਖਿਡਾਰੀ ਨੂੰ ਸੰਜਮ ਅਤੇ ਸ਼ਹਿਣਸ਼ੀਲਤਾ ਦਾ ਮੂਲ ਧਾਰਨ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਡਾ. ਸਰਬਜੀਤ ਸਿੰਘ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ‘ਤੇ ਪ੍ਰਿੰਸੀਪਲ ਬਲਵਿੰਦਰ ਸਿੰਘ, ਸ. ਦਿਲਬਾਗ ਸਿੰਘ ਮਾਨ, ਸ਼੍ਰੀ ਪੀ.ਐਸ. ਲਾਂਬਾ, ਸ਼੍ਰੀ ਇੰਦਰਜੀਤ ਕੁਮਾਰ, ਸ. ਸੁਖਦੀਪ ਸਿੰਘ ਗਿੱਲ, ਸੁਰਜੀਤ ਸਿੰਘ, ਹਕੀਕਤ ਰਾਏ, ਗੁਰਪ੍ਰੀਤ ਸਿੰਘ ਅਰੋੜਾ ਅਤੇ ਜੀ.ਐਸ. ਭੱਲਾ ਹਾਜ਼ਰ ਸਨ।  ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸ੍ਰੀ ਰਮੇਸ਼ ਭਨੋਟ ਨੇ ਬਾਖੂਬੀ ਨਿਭਾਈ।

Translate »