ਬਠਿੰਡਾ, 6 ਜਨਵਰੀ -ਬਠਿੰਡਾ ਜ਼ਿਲ੍ਹੇ ਦੀਆਂ ਗੈਰ ਸਰਕਾਰੀ ਸਵੈ-ਸੇਵੀ ਸੰਸਥਾਵਾਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ 22 ਦੇ ਕਰੀਬ ਐਨ ਜੀ ਓਜ਼ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਪੰਜਾਬ ਵਿਧਾਨ ਸਭਾ ਚੋਣਾਂ-2012 ਸਬੰਧੀ ਆਮ ਨਾਗਰਿਕਾਂ ਨੂੰ ਬਿਨਾਂ ਕਿਸੇ ਲੋਭ-ਲਾਲਚ ਦੇ ਆਜ਼ਾਦਾਨਾ ਸੋਚ ਨਾਲ ਵੋਟ ਪਾਉਣ ਲਈ ਨਾਗਰਿਕਾਂ ਨੂੰ ਜਾਗਰੂਕ ਕਰਨ ਵਾਸਤੇ ਵੱਖ-ਵੰਖ ਗੈਰ ਸਰਕਾਰੀ ਸਵੈ-ਸੇਵੀ ਸਰਕਾਰੀ ਸੰਸਥਾਵਾਂ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਕੰਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੀਟਿੰਗ ਵਿਚ ਹਾਜ਼ਰ ਗੈਰ ਸਰਕਾਰੀ ਸੰਸਥਾਵਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ, ਜਿਵੇਂ ਧੋਬੀਆਣਾ ਬਸਤੀ ਅਤੇ ਬੇਅੰਤ ਨਗਰ ਵਿਚ, ਯੋਗ ਸੇਵਾ ਸੰਮਤੀ ਅਤੇ ਬਠਿੰਡਾ ਵਿਕਾਸ ਮੰਚ ਵੱਲੋਂ ਕੋਟੀਆ ਦੇ ਨੇੜੇ ਸਥਿਤ ਝੁੱਗੀਆਂ ਵਿਚ ਇਨਰ ਵੀਲ ਕਲੱਬ ਅਤੇ ਆਸ ਵੈਲਫੇਅਰ, ਆਲਮ ਬਸਤੀ ਅਤੇ ਪ੍ਰਤਾਪ ਨਗਰ ਵਿਖੇ ਹਨੂਮਾਨ ਸੇਵਾ ਸੰਮਤੀ, ਊੜੀਆ ਕਲੋਨੀ ਵਿਚ ਆਸਰਾ ਵੈਲਫੇਅਰ ਸੁਸਾਇਟੀ, ਚੰਦਰ ਬਸਤੀ ਵਿਚ ਪੀਪਲਸ ਫਾਰ ਐਨੀਮਲ, ਸੰਜੇ ਨਗਰ ਅਤੇ ਲਾਲ ਪੁਰ ਬਸਤੀ ਵਿਖੇ ਸਹਾਰਾ ਜਨ ਸੇਵਾ, ਧੀਵਰ ਕਲੋਨੀ ਵਿਚ ਲੋਕ ਸੇਵਾ ਸੰਮਤੀ, ਅਮਰਪੁਰਾ ਵਿਖੇ ਸਵਾਮੀ ਵਿਵੇਕਾਨੰਦ ਸੁਸਾਇਟੀ ਅਤੇ ਸੰਜੇ ਨਗਰ ਵਿਚ ਆਰਟ ਆਫ ਲਿਵਿੰਗ ਨੇ ਸ਼ੁਰੂ ਕਰਨ ਦੀ ਸਹਿਮਤੀ ਪ੍ਰਗਟਾਈ। ਮੀਟਿੰਗ ਵਿਚ ਗੈਰ ਸਰਕਾਰੀ ਸੰਸਥਾਵਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਸਖ਼ਤ ਹਦਾਇਤ ਕੀਤੀ ਗਈ ਕਿ ਉਹ ਆਪਣੇ ਪ੍ਰੋਗਰਾਮਾਂ ਵਿਚ ਕਿਸੇ ਵੀ ਤਰ੍ਹਾਂ ਨਾਲ ਸਬੰਧਤ ਰਾਜਨੀਤਿਕ ਸ਼ਖਸੀਅਤ ਨੂੰ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਿਲ ਨਹੀਂ ਕਰਨਗੇ ਅਤੇ ਨਾ ਹੀ ਕਿਸੇ ਰਾਜਨੀਤਿਕ ਪਾਰਟੀ ਦੀ ਕੋਈ ਵੀ ਗੱਲ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਗੈਰ ਸਰਕਾਰੀ ਸੰਸਥਾ, ਜੋ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦੀ ਹੈ, ਇਸ ਲਹਿਰ ਵਿਚ ਸ਼ਾਮਿਲ ਨਹੀਂ ਹੋਵੇਗੀ।