ਅੰਮ੍ਰਿਤਸਰ 7 ਜਨਵਰੀ:- ਸਾਂਝੀ ਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਰ ਰੋਜ ਹਜਾਰਾਂ ਲੋਕ ਦਰਸ਼ਨ ਇਸ਼ਨਾਨ ਕਰਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਪਰ ਕਈ ਮਾਂ-ਬਾਪ ਅਜਿਹੇ ਅਭਾਗੇ ਵੀ ਹੁੰਦੇ ਹਨ ਜੋ ਬੱਚੇ ਨੂੰ ਜਨਮ ਦੇਣਾ ਤਾਂ ਜਾਣਦੇ ਹਨ ਪਰ ਸਤਿਗੁਰੂ ਵੱਲੋਂ ਬਖਸ਼ਿਸ਼ ਇਸ ਦਾਤ ਨੂੰ ਛੋਟੇ ਮੋਟੇ ਨੁਕਸ ਕਰਕੇ ਲਾਵਾਰਸ ਛੱਡ ਕਿ ਆਪ ਚਲੇ ਜਾਂਦੇ ਹਨ। ਅਜਿਹਾ ਹੀ ਵਾਪਰਿਆ ਹੈ ਇਸ ਮਾਸੂਮ ਨਾਲ ਜੋ ਉਮਰ ‘ਚ ਤਕਰੀਬਨ ਪੰਜ ਕੁ ਸਾਲ ਦਾ ਲਗਦਾ ਹੈ, ਇਸ ਦੇ ਸਿਰ ਦੇ ਵਾਲ ਕੱਟੇ ਹਨ। ਕੋਈ ਅਭਾਗਾ ਮਾਂ-ਬਾਪ ਇਸ ਬੇਚਾਰੇ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੇ ਬਹਾਨੇ ਜੋੜੇਘਰ ‘ਚ ਛੱਡ ਕਿ ਆਪ ਚਲਦੇ ਬਣੇ। ਉਸ ਮਾਂ-ਬਾਪ ਨੂੰ ਇਹ ਸਮਝ ਨਹੀ ਕਿ ਇਸ ਦਰ ਤੋਂ ਲੋਕ ਝੋਲੀ ਫੈਲਾ ਕੇ ਮੰਗਦੇ ਹਨ ਤੇ ਸੱਚੇ ਮਨੋ ਮੰਗਿਆਂ ਇਥੋਂ ਮਨ ਦੀ ਮੁਰਾਦ ਪੂਰੀ ਵੀ ਹੁੰਦੀ ਹੈ, ਪਰ ਉਹ (ਮਾਂ-ਬਾਪ) ਕੀ ਕਰ ਚਲੇ ਹਨ।
ਕੁਦਰਤ ਵੱਲੋ ਬਖਸ਼ੀ ਹੋਈ ਇਸ ਅਨਮੋਲ ਪੁੱਤਰ ਦੀ ਦਾਤ ਨੂੰ ਉਹ ਰੋਂਦਾ ਵਿਲਕਦਾ ਛੱਡ ਕੇ ਆਪਣੀ ਝੋਲੀ ਭਰਨ ਦੀ ਬਜਾਏ ਖਾਲੀ ਕਰਕੇ ਚਲਦੇ ਬਣੇ ਤੇ ਹੁਣ ਇਹ ਬੇਸਹਾਰਾ ਡਿਬਰ-ਡਿਬਰ ਹਰ ਇਕ ਵੱਲ ਵੇਖ ਮਨ ਹੀ ਮਨ ‘ਚ ਇਹ ਸੋਚਦਾ ਹੈ ਕਿ ਸ਼ਾਇਦ ਮੈਨੂੰ ਅਜੇ ਵੀ ਮੇਰੇ ਮਾਂ-ਬਾਪ ਸਵੀਕਾਰ ਕਰਕੇ ਇਸ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਣ ਕੇ ਆਪਣੇ ਵੱਲੋਂ ਕੀਤੀ ਗਲਤੀ ਦੀ ਭੁਲ ਬਖਸ਼ਾ ਲੈਣ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ (ਸਰਾਵਾਂ) ਸ੍ਰ: ਪ੍ਰਤਾਪ ਸਿੰਘ ਨਾਲ 98148-98497 ਤੇ ਸੰਪਰਕ ਕਰਕੇ ਗੁਰੂ ਰਾਮਦਾਸ ਸਰਾਂ ਚੋਂ ਆਪਣਾ ਖੋਇਆ ਨਸੀਬ ਪਾ ਲੈਣ। ਅਭਾਗੇ ਮਾਂ-ਬਾਪ ਨੂੰ ਗੁਰੂ ਰਾਮਦਾਸ ਸਰਾਂ ‘ਚ ਉਡੀਕ ਰਿਹਾ ਇਹ ਗੋਰੇ ਰੰਗ ਦਾ ਮਾਸੂਮ ਬੱਚਾ ਜੋ ਗੱਲਬਾਤ ਤੋਂ ਸਾਧਰਨ ਲੱਗਦਾ ਹੈ, ਇਸ ਬੱਚੇ ਨੇ ਪੀਲੇ ਰੰਗ ਦੀ ਕੋਟੀ ਤੇ ਕਰੀਮ ਰੰਗ ਦੀ ਨਿੱਕਰ ਪਾਈ ਹੋਈ ਹੈ।