ਅੰਮ੍ਰਿਤਸਰ, 7 ਜਨਵਰੀ -ਵਿਧਾਨ ਸਭਾ ਚੋਣਾਂ ‘ਚ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਖਰਚ ‘ਤੇ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਨੇ ਅੰਮ੍ਰਿਤਸਰ ‘ਚ ਆਪਣੀ-ਆਪਣੀ ਡਿਊਟੀ ਸੰਭਾਲ ਲਈ ਹੈ। ਇਨ੍ਹਾਂ ਅਬਜ਼ਰਵਰਾਂ ਨੇ ਅੱਜ ਸਰਕਟ ਹਾਊਸ ‘ਚ ਚੋਣ ਅਮਲੇ ਨਾਲ ਮੀਟਿੰਗ ਕੀਤੀ ਅਤੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ। ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਚੋਣ ਅਬਜ਼ਵਰਾਂ ਨੂੰ ਜੀ ਆਇਆਂ ਕਿਹਾ ਅਤੇ ਜ਼ਿਲ੍ਹੇ ਦੀ ਭੂਗੋਲਿਕ ਹਲਾਤ ਬਾਰੇ ਜਾਣੂੰ ਕਰਵਾਉਂਦੇ ਚੋਣਾਂ ਲਈ ਕੀਤੀ ਗਈ ਤਿਆਰੀ ਦੀ ਸੰਖੇਪ ‘ਚ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਸੈਲ ਕਾਇਮ ਕੀਤਾ ਜਾ ਚੁੱਕਾ ਹੈ ਅਤੇ ਇਸ ਦੇ ਨੋਡਲ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਹੁਣ ਤੱਕ ਸਾਨੂੰ ਚੋਣਾਂ ਸਬੰਧੀ 96 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਇਕ ਮਾਮਲੇ ‘ਚ ਐਫ. ਆਈ. ਆਰ. ਵੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ 11 ਵੀਡੀਓ ਟੀਮਾਂ, 11 ਵੀਡੀਓ ਵਿਊਇੰਗ ਟੀਮਾਂ, 11 ਉਡਨ ਦਸਤੇ ਵੱਖ-ਵੱਖ ਹਲਕਿਆਂ ‘ਚ ਆਪਣੀ-ਆਪਣੀ ਡਿਊਟੀ ‘ਤੇ ਡਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਪੈਂਦੇ 31 ਪੁਲਿਸ ਥਾਣਿਆਂ ਅਨੁਸਾਰ ਵੀ ਟੀਮਾਂ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਆਦਿ ਦੀ ਜਾਂਚ ਪੜਤਾਲ ਕਰ ਰਹੀਆਂ ਹਨ। ਇਸ ਤੋਂ ਇਲਾਵਾ 3 ਮਾਈਕਰੋ ਅਬਜ਼ਰਵਰ ਵੀ ਜ਼ਿਲ੍ਹੇ ‘ਚ ਲਗਾਏ ਗਏ ਹਨ। ਸ੍ਰੀ ਅਗਰਵਾਲ ਨੇ ਦੱਸਿਆ ਕਿ ਨਾਮਜ਼ਦਗੀਆਂ ਦੇ 2 ਦਿਨ ਬੀਤ ਗਏ ਹਨ, ਪਰ ਹਾਲੇ ਜ਼ਿਲ੍ਹੇ ਦੇ ਕਿਸੇ ਵੀ ਵਿਧਾਨ ਸਭਾ ਹਲਕੇ ‘ਚ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਇਆ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਤਿੰਨ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਜਿਸ ‘ਚ ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇਦਾਰਾਂ, ਪ੍ਰਿਟਿੰਗ ਪੈਸ ਮਾਲਕਾਂ ਅਤੇ ਹੋਰ ਚੋਣਾਂ ਨਾਲ ਸੰਬਧਤ ਅਮਲੇ ਨਾਲ ਵੀ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੀਆਂ ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਵੋਟਿੰਗ ਮਸ਼ੀਨਾਂ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਅਮਲੇ ਦੇ ਮੈਂਬਰ ਆਮ ਲੋਕਾਂ ਨੂੰ ਇਸ ਬਾਰੇ ਜਾਣੂੰ ਕਰਵਾ ਰਹੇ ਹਨ। ਕੱਲ ਇਸ ਸਬੰਧੀ ਚੋਣ ਅਮਲੇ ਨੂੰ ਪਹਿਲੀ ਟਰੇਨਿੰਗ ਵੱਖ-ਵੱਖ ਥਾਵਾਂ ‘ਤੇ ਦਿੱਤੀ ਜਾਣੀ ਹੈ। ਉਨ੍ਹਾਂ ਚੋਣਾਂ ਦੌਰਾਨ ਵੱਖ-ਵੱਖ ਥਾਂਵਾਂ ਤੋਂ ਫੜੀ ਨਗਦੀ, ਅੰਗਰੇਜ਼ੀ ਸ਼ਰਾਬ, ਦੇਸੀ ਸ਼ਰਾਬ ਅਤੇ ਨਸ਼ੀਲੀਆਂ ਦਵਾਈਆਂ ਆਦਿ ਦੀ ਜਾਣਕਾਰੀ ਵੀ ਚੋਣ ਅਬਜ਼ਰਵਰਾਂ ਨਾਲ ਸਾਂਝੀ ਕੀਤੀ। ਚੋਣ ਅਬਜ਼ਰਵਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਆਪਣੋ ਵੱਲੋਂ ਕੁੱਝ ਸੁਝਾਅ ਚੋਣਾਂ ਨੂੰ ਹੋਰ ਬਿਹਤਰ ਢੰਗ ਨਾਲ ਕਰਵਾਉਣ ਲਈ ਦਿੱਤੇ। ਸ੍ਰੀ ਰਜਤ ਅਗਰਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਤਰਾਂ ਦੇ ਸਹਿਯੋਗ ਦਾ ਭਰੋਸਾ ਚੋਣ ਅਬਜ਼ਰਵਰਾਂ ਨੂੰ ਦਿੰਦੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ‘ਚ ਪਾਰਦਰਸ਼ੀ, ਅਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਈਆਂ ਜਾਣਗੀਆਂ। ਇਸ ਮੌਕੇ ਪੁਲਿਸ ਕਮਿਸ਼ਨਰ ਆਰ. ਪੀ. ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਦਾਖਾ, ਵਧੀਕ ਡਿਪਟੀ ਕਮਿਸ਼ਨਰ ਡਾ. ਬਲਜੀਤ ਸਿੰਘ, ਐਸ. ਐਸ. ਪੀ. ਐਸ. ਪੀ. ਐਸ., ਐਸ. ਪੀ. ਜਸਦੀਪ ਸਿੰਘ, ਐਸ. ਡੀ. ਐਮ. ਮਨਮੋਹਨ ਸਿੰਘ ਕੰਗ, ਐਸ. ਡੀ. ਐਮ. ਮਨਜੀਤ ਸਿੰਘ ਨਾਰੰਗ, ਐਸ. ਡੀ. ਐਮ. ਸੁਮੀਤ ਸਿੰਘ ਤੋਂ ਇਲਾਵਾ ਸਾਰੇ ਹਲਿਕਆਂ ਦੇ ਰਿਟਰਨਿੰਗ ਅਧਿਕਾਰੀ ਅਤੇ ਸੁਰੱਖਿਆ ਅਮਲਾ ਹਾਜ਼ਰ ਸੀ।