ਬਠਿੰਡਾ, 8 ਜਨਵਰੀ -ਵਿਧਾਨ ਸਭਾ ਚੋਣਾਂ-2012 ਸਬੰਧੀ 92-ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕਾ ਦੇ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ੍ਰੀ ਹਰਜੀਤ ਸਿੰਘ ਕੰਦੋਲਾ ਨੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਕੀਤੀ, ਜਿਸ ਵਿਚ ਆਦਰਸ਼ ਚੋਣ ਜ਼ਾਬਤੇ, ਉਮੀਦਵਾਰਾਂ ਦੇ ਖ਼ਰਚਿਆਂ ਦੇ ਰਜਿਸਟਰ ਪੁਰ ਕਰਨ, ਡੀ. ਫੇਸਮੈਂਟ ਆਫ ਪ੍ਰਾਪਰਟੀ ਅਤੇ ਚੋਣ ਨਿਯਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਇਨ੍ਹਾਂ ਨੁਮਾਇੰਦਿਆਂ ਨੂੰ ਰੈਲੀਆਂ ਦੌਰਾਨ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਸ੍ਰੀ ਹਰਜੀਤ ਸਿੰਘ ਕੰਦੋਲਾ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਨਾਮਜ਼ਦਗੀਆਂ ਕਰਨ ਸਮੇਂ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਦੇ 100 ਗਜ਼ ਦੇ ਘੇਰੇ ਤੋਂ ਪਰ੍ਹੇ ਸਿਰਫ ਤਿੰਨ ਵਾਹਨ ਆ ਸਕਣਗੇ ਅਤੇ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਚ ਉਮੀਦਵਾਰ ਸਮੇਤ ਕੇਵਲ 5 ਵਿਅਕਤੀ ਹੀ ਦਾਖ਼ਲ ਹੋ ਸਕਣਗੇ। ਪ੍ਰਪੋਜ਼ਰ ਦਾ ਨਿੱਜੀ ਤੌਰ ‘ਤੇ ਹਾਜ਼ਰ ਹੋਣਾ ਜ਼ਰੂਰੀ ਹੋਵੇਗਾ। ਨਾਮਜ਼ਦਗੀ ਪਰਚੇ ਦਾਖ਼ਲ ਕਰਨ ਦੀ ਮਿਤੀ 5-1-2012 ਤੋਂ 12-1-2012 ਤੱਕ ਅਤੇ ਸਮਾਂ 11 ਵਜੇ ਸਵੇਰ ਤੋਂ 3 ਵਜੇ ਸ਼ਾਮ ਤੱਕ ਹੋਵੇਗਾ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਇਸੇ ਦਫ਼ਤਰ ਵਿਖੇ ਮਿਤੀ 13-1-2012 ਨੂੰ ਸਵੇਰੇ 11 ਵਜੇ ਹੋਵੇਗੀ ਅਤੇ ਨਾਮਜ਼ਦਗੀ ਪਰਚੇ ਵਾਪਸ ਲੈਣ ਦੀ ਮਿਤੀ 16-1-2012 ਨੂੰ ਸਵੇਰੇ 3 ਵਜੇ ਸ਼ਾਮ ਤੋਂ ਪਹਿਲਾਂ ਹੋਵੇਗੀ।