January 9, 2012 admin

ਜ਼ਿਲ੍ਹੇ ਵਿੱਚ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਸਖ਼ਤੀ ਵਰਤੀ ਜਾਵੇ: ਚੋਣ ਆਬਜ਼ਰਵਰ

ਫਤਹਿਗੜ੍ਹ ਸਾਹਿਬ: 8 ਜਨਵਰੀ : ਵਿਧਾਨ ਸਭਾ ਚੋਣਾਂ ਲਈ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਲਈ ਤਾਇਨਾਤ ਕੀਤੇ ਖ਼ਰਚਾ ਚੋਣ ਆਬਜ਼ਰਵਰ ਸ਼੍ਰੀ ਸਤੀਸ਼ ਕੁਮਾਰ ਆਈ.ਆਰ.ਐਸ. ਨੇ ਜ਼ਿਲ੍ਹੇ ਵਿੱਚ ਚੋਣ ਜਾਬਤੇ ਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਵਾਉਣ ਅਤੇ ਸਮੂਹ ਰਾਜਸੀ ਪਾਰਟੀਆਂ ਦੀਆਂ ਗਤੀਵਿਧੀਆਂ ਅਤੇ ਖ਼ਰਚੇ ‘ਤੇ ਤਿੱਖੀ ਨਜ਼ਰ ਰੱਖਣ ਲਈ ਅੱਜ ਰਿਟਰਨਿੰਗ ਅਫਸਰਾਂ, ਫਲਾਇੰਗ ਸੁਕਆਇਡਾਂ, ਵੀਡੀਓ ਵਿਉਇੰਗ ਟੀਮਾਂ, ਅਕਾਊਂਟਿੰਗ ਟੀਮਾਂ ਅਤੇ ਸਮੂਹ ਸਹਾਇਕ ਖ਼ਰਚਾ ਚੋਣ ਆਬਜ਼ਰਵਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਫਤਹਿਗੜ੍ਹ ਸਾਹਿਬ, ਬਸੀ ਪਠਾਣਾ ਤੇ ਅਮਲੋਹ ਵਿੱਚ ਚੋਣ ਪ੍ਰਬੰਧਾਂ ਅਤੇ ਸਰਗਰਮੀਆਂ ਦੀ ਸਮੱਖਿਆ ਕੀਤੀ ਅਤੇ ਸਮੂਹ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਣੂ ਕਰਵਾਇਆ।
       ਚੋਣ ਆਬਜ਼ਰਵਰ ਨੇ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਸਖ਼ਤੀ ਵਰਤੀ ਜਾਵੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਾ ਜਾਵੇ। ਆਬਜ਼ਰਵਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂ ਜ਼ਿਲ੍ਹਾ ਪੱਧਰ ‘ਤੇ ਸਥਾਪਤ ਕੀਤੇ ਸ਼ਿਕਾਇਤ ਕੇਂਦਰ ਵਿੱਚੋਂ ਸੂਚਨਾ ਮਿਲਣਸਾਰ ਫਲਾਇੰਗ ਸੁਕਆਇਡ ਟੀਮਾਂ ਵੀਡੀਓ ਟੀਮ ਸਮੇਤ ਤੁਰੰਤ ਹਰਕਤ ਵਿੱਚ ਆਉਣਗੀਆਂ ਅਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਤੁਰੰਤ ਸਹਾਇਕ ਆਬਜ਼ਰਵਰ ਅਤੇ ਅਕਾਉਂਟਿੰਗ ਟੀਮਾਂ ਦੇ ਨੋਟਿਸ ਵਿੱਚ ਲਿਆਉਣਗੀਆਂ। ਉਨ੍ਹਾਂ ਚੋਣ ਲੜ ਰਹੇ ਜਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਵੀ ਕਿਹਾ ਕਿ ਉਹ ਇਨ੍ਹਾਂ ਚੋਣਾਂ ਵਿੱਚ ਨਸ਼ੀਲੇ ਪਦਾਰਥਾਂ, ਕਾਲਾ ਧਨ, ਤੋਹਫੇ ਜਾਂ ਵੋਟਰਾਂ ਨੂੰ ਭਰਮਾਉਣ ਲਈ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਵੰਡਣ ਤੋਂ ਗੁਰੇਜ਼ ਕਰਨ। ਆਬਜ਼ਰਵਰ ਨੇ ਕਿਹਾ ਕਿ ਅਜਿਹਾ ਮਾਮਲਾ ਸਾਹਮਣੇ ਆਉਣ ਦੀ ਸੂਰਤ ਵਿੱਚ ਚੋਣ ਕਮਿਸ਼ਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਜਿਸ ਲਈ ਸਬੰਧਤ ਰਾਜਸੀ ਪਾਰਟੀ ਜਾਂ ਉਸਦਾ ਉਮੀਦਵਾਰ ਨਿੱਜੀ ਤੌਰ ‘ਤੇ ਜਿੰਮੇਵਾਰ ਹੋਣਗੇ। ਅੱਜ ਦੀ ਇਸ ਮੀਟਿੰਗ ਵਿੱਚ ਐਸ. ਡੀ. ਐਮ.–ਕਮ- ਰਿਟਰਨਿੰਗ ਅਫਸਰ ਅਮਲੋਹ ਸ਼੍ਰੀ ਤਜਿੰਦਰ ਪਾਲ ਸਿੰਘ ਧਾਲੀਵਾਲ, ਫਲਾਇੰਗ ਸੁਕਆਇਡਾਂ, ਵੀਡੀਓ ਵਿਉਇੰਗ ਟੀਮਾਂ, ਅਕਾਊਂਟਿੰਗ ਟੀਮਾਂ ਅਤੇ ਸਮੂਹ ਸਹਾਇਕ ਖ਼ਰਚਾ ਚੋਣ ਆਬਜ਼ਰਵਰ ਵੀ ਹਾਜ਼ਰ ਸਨ।

Translate »