January 11, 2012 admin

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਵਿੱਚ ਪਾਬੰਦੀਆਂ ਦੇ ਹੁਕਮ ਜਾਰੀ

ਫਤਿਹਗੜ੍ਹ ਸਾਹਿਬ, 11 ਜਨਵਰੀ : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਯਸ਼ਵੀਰ ਮਹਾਜਨ ਨੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਫੌਜਦਾਰੀ ਦੰਡ ਸੰਘਤਾ ਦੀ ਧਾਰਾ 144 ਅਧੀਨ ਜ਼ਿਲ੍ਹੇ ਵਿੱਚ ਅਵਾਜ਼ ਪ੍ਰਦੂਸ਼ਣ ਨੂੰ ਨਿਯੰਤਰਣ ਵਿੱਚ ਰੱਖਣ ਲਈ ਅਵਾਜ਼ ਪੈਦਾ ਕਰਨ ਵਾਲ਼ੇ ਪਟਾਕਿਆਂ ਨੂੰ ਚਲਾਉਣ ਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਪੂਰਨ ਪਾਬੰਦੀ ਲਗਾਈ ਹੈ, ਸਿਰਫ ਰੰਗ ਪੈਦਾ ਕਰਨ ਵਾਲ਼ੇ ਪਟਾਖਿਆਂ ਤੇ ਇਹ ਹੁਕਮ ਲਾਗੂ ਨਹੀਂ ਹੋਣਗੇ। ਇਨ੍ਹਾਂ ਹੁਕਮਾਂ ਮੁਤਾਬਕ ਜਨਤਕ ਇਮਾਰਤਾਂ ਵਿੱਚ ਚਲਾਏ ਜਾਣ ਵਾਲ਼ੇ ਲਾਊਡ ਸਪੀਕਰ ਜਾਂ ਕਿਸੇ ਵੀ ਅਵਾਜ਼ ਪੈਦਾ ਕਰਨ ਵਾਲ਼ੇ ਯੰਤਰ ਦੀ ਅਵਾਜ਼ 10 ਡੀਬੀ(ਏ) ਅਤੇ ਕਿਸੇ ਵੀ ਖੇਤਰ ਵਿੱਚ ਚਲਾਏ ਜਾਣ ਵਾਲ਼ੇ ਅਜਿਹੇ ਯੰਤਰ ਦੀ ਅਵਾਜ਼ 75 ਡੀਬੀ(ਏ) ਤੋਂ ਵੱਧ ਨਹੀਂ ਹੋਣੀ ਚਾਹੀਦੀ। ਕਿਸੇ ਵੀ ਸੰਕਟਮਈ ਪ੍ਰਸਥਿਤੀ ਤੋਂ ਬਿਨਾਂ ਕੋਈ ਵੀ ਵਿਅਕਤੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਢੋਲ, ਡਰੱਮ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਆਵਾਜ਼ ਪੈਦਾ ਕਰਨ ਵਾਲੇ ਯੰਤਰ ਨੂੰ ਵਜਾਉਣ ‘ਤੇ ਪਾਬੰਦੀ ਹੋਵੇਗੀ।  ਰਿਹਾਇਸ਼ੀ ਖੇਤਰ ਵਿੱਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਿਸੇ ਵੀ ਤਰ੍ਹਾਂ ਦਾ ਹਾਰਨ ਵਜਾਉਣ ‘ਤੇ ਪੂਰਨ ਪਾਬੰਦੀ ਹੋਵੇਗੀ। ਪ੍ਰੈਸ਼ਰ ਹਾਰਨ ਅਤੇ ਹੋਰ ਅਜਿਹੇ ਜਿਆਦਾ ਆਵਾਜ ਪੈਦਾ ਕਰਨ ਵਾਲੇ ਹਾਰਨ (ਨਿਰਧਾਰਤ ਸੀਮਾਂ ਤੋਂ ਵੱਧ) ਨੂੰ ਵਜਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ। ਡੀਜਲ, ਜਰਨੇਟਰ ਸੈਟ ਕੈਨੋਪੀ ਤੋਂ ਬਿਨਾਂ ਚਲਾਉਣ ਤੇ ਪੂਰਨ ਪਾਬੰਦੀ ਹੋਵੇਗੀ। ਹਰ ਤਰ੍ਹਾਂ ਦੇ ਵਾਹਨ ਜੋ ਜ਼ਿਆਦਾ ਪ੍ਰਦੂਸ਼ਣ ਛੱਡਦੇ ਹਨ ਜਾਂ ਜਿਆਦਾ ਸ਼ੋਰ ਸ਼ਰਾਬਾ ਪਾਉਂਦੇ ਹਨ, ਸਬੰਧੀ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਨੂੰ ਪੁਲਿਸ ਵਿਭਾਗ ਅਤੇ ਜ਼ਿਲ੍ਹਾ ਟਰਾਂਸਪੋਰਟ ਅਫਸਰ ਲਾਗੂ ਕਰਨ ਲਈ ਪਾਬੰਦ ਹੋਣਗੇ।
         ਇੱਕ ਹੋਰ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਯਸ਼ਵੀਰ ਮਹਾਜਨ ਨੇ ਜ਼ਿਲ੍ਹੇ ਵਿੱਚ  ਸਮਾਜ ਵਿਰੋਧੀ ਅਨਸਰਾਂ ਵੱਲੋਂ ਕਿਰਾਏ ‘ਤੇ ਮਕਾਨ ਲੈ ਕੇ ਅਪਰਾਧਿਕ ਕਿਸਮ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਦੇ ਅੰਦੇਸ਼ੇ ਨੂੰ ਮੁੱਖ ਰੱਖਦਿਆਂ  ਫੌਜਦਾਰੀ ਦੰਡ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਜ਼ਿਲ੍ਹੇ ਦੀ ਹੱਦ ਅੰਦਰ, ਸਮੂਹ ਮਕਾਨ ਮਾਲਕਾਂ/ਕਾਬਜ ਵਿਅਕਤੀਆਂ ਅਤੇ ਮਕਾਨਾਂ ਦੇ ਇੰਚਾਰਜ ਵਿਅਕਤੀਆਂ ਲਈ ਇਹ ਜ਼ਰੂਰੀ ਕਰ ਦਿੱਤਾ ਹੈ ਕਿ ਉਹਨਾਂ ਵੱਲੋਂ ਭਵਿੱਖ ਵਿੱਚ ਜੋ ਵੀ ਮਕਾਨ ਕਿਰਾਏ ਤੇ ਦਿੱਤੇ ਜਾਣ ਤਾਂ ਉਨ੍ਹਾਂ ਵਿੱਚ ਰਹਿਣ ਵਾਲੇ ਦਾ ਨਾਮ ਅਤੇ ਪੂਰੇ ਵੇਰਵੇ ਇਲਾਕੇ ਦੇ ਥਾਣਾ ਪੁਲਿਸ ਚੌਂਕੀ ਵਿੱਚ ਤੁਰੰਤ ਦਰਜ ਕਰਵਾਉਣ।
         ਇੱਕ ਹੋਰ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਯਸ਼ਵੀਰ ਮਹਾਜਨ ਨੇ ਮਿਲਟਰੀ ਅਧਿਕਾਰੀਆਂ ਵਰਗੀ  ਉਲਾਈਵ ਰੰਗ (ਮਿਲਟਰੀ ਰੰਗ) ਦੀ ਵਰਦੀ ਅਤੇ ਜੀਪਾਂ/ਮੋਟਰ ਸਾਈਕਲਾਂ ਦੀ ਵਰਤੋਂ ਕਰਦੇ ਹੋਏ ਕਿਸੇ ਵੀ ਸਮਾਜ ਵਿਰੋਧੀ ਅਨਸਰ ਵੱਲੋਂ ਗੈਰ ਕਾਨੂੰਨੀ ਜਾਂ ਅਪਰਾਧਿਕ ਕਾਰਵਾਈ ਕਰਨ ਦੇ ਅੰਦੇਸ਼ੇ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੀ ਹੱਦ ਅੰਦਰ ਫੌਜਦਾਰੀ ਦੰਡ ਸੰਘਤਾ 1973 ਦੀ ਧਾਰਾ 144 ਅਧੀਨ ਆਮ ਜਨਤਾ ਵੱਲੋਂ ਉਲਾਈਵ ਰੰਗ ਦੀ ਮਿਲਟਰੀ ਵਰਦੀ ਅਤੇ ਉਲਾਈਵ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ/ਮੋਟਰ ਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਤੇ ਪਾਬੰਦੀ ਲਗਾਈ ਹੈ। ਜ਼ਿਲ੍ਹੇ ਵਿੱਚ ਇਹ ਹੁਕਮ 29 ਫਰਵਰੀ, 2012 ਤੱਕ ਲਾਗੂ ਰਹਿਣਗੇ।

Translate »