ਚੰਡੀਗੜ, 11 ਜਨਵਰੀ : ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀਆਂ ਉੱਚ ਸਿਖਿਆ ਦੇ ਖੇਤਰ ਵਿਚ ਕੀਤੀਆਂ ਗਈਆਂ ਲਾਮਿਸਾਲ ਪ੍ਰਾਪਤੀਆਂ ਸਬੰਧੀ ਕਾਂਗਰਸ ਪਾਰਟੀ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ, ਸ਼੍ਰੋਮਣੀ ਅਕਾਲੀ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਦਿਆਂ ਕਿਹਾ ਹੈ ਕਿ ਉਹ ਉਹਨਾਂ ਦੇ ਨਾਲ ਜਾ ਕੇ ਸੂਬੇ ਵਿਚ ਨਵੀਂ ਸਥਾਪਤ ਹੋਈ ਇਕੱਲੀ ਇਕੱਲੀ ਯੁਨੀਵਰਸਿਟੀਆਂ ਅਤੇ ਕਾਲਜ ਨੂੰ ਚਲਦਿਆਂ ਵਿਖਾ ਸਕਦੇ ਹਨ।ਉਹਨਾਂ ਦਾਅਵਾ ਕੀਤਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸ਼ੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਵਲੋਂ ਸੂਬੇ ਵਿਚ ਸਥਾਪਤ ਕੀਤੀਆਂ ਗਈਆਂ ਨਵੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚੋਂ ੬ ਯੂਨੀਵਰਸਿਟੀਆਂ ਅਤੇ ੧੫ ਡਿਗਰੀ ਕਾਲਜ ਇਸ ਵੇਲੇ ਪੂਰੀ ਤਰਾਂ ਕਾਮਯਾਬੀ ਨਾਲ ਚਲ ਰਹੇ ਹਨ।
ਕਾਂਗਰਸ ਪਾਰਟੀ ਵਲੋਂ ਜਾਰੀ ਕੀਤੇ ਗਏ ਇੱਕ ਇਸ਼ਤਿਦਾਰ ਵਿਚ ਇਹਨਾਂ ਨਵੇਂਂ ਸਥਾਪਤ ਕੀਤੇ ਗਏੇ ਉੱਚ ਵਿਦਿਅਕ ਅਦਾਰਿਆਂ ਨੂੰ ਕਾਗਜ਼ੀ ਕਹਿਣ ਉੱਤੇ ਸਖਤ ਪ੍ਰਤੀਕਿਰਿਆ ਜਾਹਰ ਕਰਦਿਆਂ, ਪ੍ਰੋ. ਚੰਦੂਮਾਜਰਾ ਨੇ ਕਿਹਾ ਹੈ ਕਿ ਮੁੱਦਿਆਂ ਤੋਂ ਸੱਖਣੀ ਕਾਂਗਰਸ ਇਸ ਵੇਲੇ ਤਾਲੋਂ ਖੁੰਝੀ ਡੂਮਣੀ ਵਾਂਗ ਉਰਲੀਆਂ ਪਰਲੀਆਂ ਗੱਲਾਂ ਕਰ ਰਹੀ ਹੈ।ਉਹਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਵਿਚ ਹੋਏ ਵਿਕਾਸ ਕਾਰਨ ਚੁੰਧਿਆਏ ਹੋਏ ਕਾਂਗਰਸੀਆਂ ਨੂੰ ਨਾ ਤਾਂ ਸੂਬੇ ਵਿਚ ਉਸਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਆਲੀਸ਼ਾਨ ਇਮਾਰਤਾਂ ਅਤੇ ਨਾ ਉਥੇ ਪੜ ਰਹੇ ਹਜ਼ਾਰਾਂ ਵਿਦਿਆਰਥੀ ਨਜ਼ਰ ਆਉਂਦੇ ਹਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਬਠਿੰਡਾ ਵਿਚ ਚਲ ਰਹੀ ਕੇਂਦਰੀ ਯੂਨੀਵਰਸਿਟੀ, ਰਾਜਪੁਰਾ ਵਿਚ ਚਲ ਰਹੀ ਚਿੱਤਕਾਰਾ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਚਲ ਰਹੀ ਗੁਰੂ ਕਾਸ਼ੀ ਯੂਨਵਰਸਿਟੀ, ਹੁਸ਼ਿਆਰਪੁਰ ਵਿਚ ਚਲ ਰਹੀ ਸ੍ਰੀ ਗੁਰੂ ਰਵਿਦਾਸ ਯੂਨੀਵਰਸਿਟੀ ਕਾਂਗਰਸੀਆਂ ਤੋਂ ਬਿਨਾਂ ਹਰ ਕਿਸੇ ਨੂੰ ਦਿਸ ਰਹੀ ਹੈ।ਇਸ ਤੋਂ ਬਿਨਾਂ ਫਤਿਹਗੜ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅਤੇ ਰੋਪੜ ਵਿਚ ਆਈ.ਆਈ.ਟੀ. ਵਿਚ ਵੀ ਪੜਾਈ ਸ਼ੁਰੂ ਹੋ ਚੁੱੱੱੱਕੀ ਹੈ।ਉਹਨਾਂ ਕਿਹਾ ਕਿ ਜਲੰਧਰ ਵਿਖੇ ਬਣ ਰਹੀ ਡੀ.ਏ.ਵੀ. ਯੂਨੀਵਰਸਿਟੀ ਦੀ ਇਮਾਰਤ ਬਣ ਚੁੱਕੀ ਹੈ ਅਤੇ ਆਉਂਦੇ ਅਕਾਦਮਿਕ ਸੈਸ਼ਨ ਤੋਂ ਇਥੇ ਕਲਾਸਾਂ ਸ਼ੁਰੂ ਹੋ ਜਾਣਗੀਆਂ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੇ ਪੇਂਡੂ ਖੇਤਰ ਵਿਚ ਪਹਿਲੀ ਵਾਰ ਯੂਨੀਵਰਸਿਟੀਆਂ ਦੇ ਸਿੱਧੇ ਪ੍ਰਬੰਧ ਅਧੀਨ ੧੬ ਨਵੇਂ ਕਾਲਜ ਸ਼ਤਾਪਤ ਕਰਕੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਉੱਚ ਸਿਖਿਆ ਦੀ ਮਿਆਰੀ ਸਹੂਲਤ ਉਹਨਾਂ ਦੇ ਦਰਾਂ ਉੱਤੇ ਪਹੁੰਚਾਈ ਹੈ।ਇਹ ਯੂਨੀਵਰਸਿਟੀ ਕਾਲਜ ਘਨੌਰ (ਪਟਿਆਲਾ), ਸਰਦੂਲਗੜ• (ਮਾਨਸਾ), ਬਲਾਚੌਰ (ਨਵਾਂ ਸ਼ਹਿਰ), ਗੁਰੂ ਹਰਸਹਾਏ (ਫਿਰੋਜ਼ਪੁਰ), ਢਿੱਲਵਾਂ (ਬਰਨਾਲਾ), ਨਰੋਟ ਜੈਮਲ ਸਿੰਘ (ਗੁਰਦਾਸਪੁਰ), ਸਿੱਖਵਾਲਾ (ਮੁਕਤਸਰ), ਨਿਹਾਲ ਸਿੰਘ ਵਾਲਾ (ਮੋਗਾ), ਜੈਤੋਂ (ਫਰੀਦਕੋਟ), ਘੁੱਦਾ (ਬਠਿੰਡਾ), ਚੁੰਨੀ ਕਲਾਂ (ਫਤਹਿਗੜ ਸਾਹਿਬ), ਮਿੱਠੜਾ (ਕਪੂਰਥਲਾ), ਚੂੰਘ (ਤਰਨਤਾਰਨ), ਵੇਰਕਾ (ਅੰਮ੍ਰਿਤਸਰ) ਅਤੇ ਮੂਣਕ (ਸੰਗਰੂਰ) ਵਿਖੇ ਬਹੁਤ ਕਾਮਯਾਬੀ ਨਾਲ ਚੱਲ ਰਹੇ ਹਨ।
ਮੀਡੀਆ ਦੇ ਇੱਕ ਹਿੱਸੇ ਵਲੋਂ ਕਾਂਗਰਸੀਆਂ ਦੇ ਕੂੜ ਪ੍ਰਚਾਰ ਨੂੰ ਬਿਨਾਂ ਵੇਖਿਆਂ ਪਰਖਿਆਂ ਛਾਪੇ ਜਾਣ ਉੱਤੇ ਅਫਸੋਸ ਪ੍ਰਗਟ ਕਰਦਿਆਂ, ਪ੍ਰੋ. ਚੰਦੂਮਾਜਰਾ ਨੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤੱਥ ਨੂੰ ਛਾਪਣ ਤੋਂ ਪਹਿਲਾਂ ਉਸ ਦੀ ਤਸਦੀਕ ਜਰੂਰ ਕਰ ਲਿਆ ਕਰਨ।ਗਲਤ ਤੱਥ ਛੱਪਣ ਨਾਲ ਜਿੱਥੇ ਆਮ ਆਦਮੀ ਗੁੰਮਰਾਹ ਹੋ ਸਕਦਾ ਹੈ ਉਥੇ ਸਬੰਧਤ ਅਖਬਾਰ ਜਾਂ ਟੀ.ਵੀ. ਚੈਨਲ ਦੀ ਭਰੋਸੇਯੋਗਤਾ ਨੂੰ ਵੀ ਸੱਟ ਵੱਜਦੀ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਪਣੇ ਕੂੜ ਤੇ ਗੁੰਮਰਾਹਕੁੰਨ ਪ੍ਰਚਾਰ ਨਾਲ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਇਸ ਵਾਰੀ ਭਰਮਾ ਨਹੀਂ ਸਕੇਗੀ ਕਿਉਂਕਿ ਅਕਾਲੀ-ਭਾਜਪਾ ਸਰਕਾਰ ਵਲੋਂ ਕੀਤੇ ਗਏ ਲਾਮਿਸਾਲ ਵਿਕਾਸ ਕਾਰਜ ਸੂਰਜ ਵਾਗੂੰ ਚਮਕ ਰਹੇ ਹਨ।